
ਮਖੂ, 27 ਜੁਲਾਈ: ਮਖੂ ਨੇੜੇ ਲਗਾਤਾਰ ਆਪਣੀਆਂ ਨੂੰਹਾਂ ਅਤੇ ਰਿਸ਼ਤੇਦਾਰਾਂ ਤੋਂ ਤੰਗ ਪ੍ਰੇਸ਼ਾਨ ਕੀਤੇ ਜਾਣ ਤੋਂ ਬਾਅਦ ਇਕ ਬਜ਼ੁਰਗ ਮਹਿਲਾ ਨੇ ਹਰੀਕੇ ਹੈੱਡ ਸਥਿਤ ਰਾਜਸਥਾਨ ਫੀਡਰ ਨਹਿਰ ਵਿਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਪੁਲਿਸ ਨੇ ਮ੍ਰਿਤਕ ਮਹਿਲਾ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ’ਤੇ ਕਾਰਵਾਈ ਕਰਦਿਆਂ ਮ੍ਰਿਤਕ ਦੀਆਂ ਦੋ ਨੂੰਹਾਂ ਅਤੇ ਦੋ ਰਿਸ਼ੇਤਦਾਰ ਖ਼ਿਲਾਫ਼ ਬੀਐੱਨਐੱਸ ਦੀ ਧਾਰਾ 108 ਤਹਿਤ ਮਾਮਲਾ ਦਰਜ ਕਰ ਲਿਆ ਹੈ। ਮ੍ਰਿਤਕ ਮਹਿਲਾ ਦੀ ਪਛਾਣ ਬਲਵੀਰ ਕੌਰ ਪਤਨੀ ਨਰਿੰਦਰਪਾਲ ਸਿੰਘ ਵਾਸੀ ਭਾਈ ਲੱਧੂ ਵਜੋਂ ਹੋਈ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਮ੍ਰਿਤਕ ਦੇ ਭਤੀਜੇ ਗੁਰਵੇਲ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਮੰਦਿਰ ਮਥਰਾ ਭਾਂਗੀ, ਤਹਿਸੀਲ ਪੱਟੀ, ਜ਼ਿਲ੍ਹਾ ਤਰਨਤਾਰਨ ਨੇ ਦੱਸਿਆ ਕਿ ਉਸਦੀ ਭੂਆ ਬਲਵੀਰ ਕੌਰ ਨੂੰ ਉਸਦੀਆਂ ਨੂੰਹਾਂ ਰਣਦੀਪ ਕੌਰ ਪਤਨੀ ਚੰਦਬੀਰ ਸਿੰਘ ਅਤੇ ਜਗਰੂਪ ਕੌਰ ਪਤਨੀ ਜੱਜਬੀਰ ਸਿੰਘ, ਦੋਵੇਂ ਵਾਸੀ ਭਾਈ ਲੱਧੂ ਅਤੇ ਦੋ ਰਿਸ਼ਤੇਦਾਰ, ਸ਼ਿੰਦਾ ਸਿੰਘ ਪੁੱਤਰ ਸੂਰਤਾ ਸਿੰਘ ਵਾਸੀ ਰਣ ਸਿੰਘ ਪੰਡੋਰੀ ਤੇ ਗੋਲਡੀ ਪੁੱਤਰ ਸਰਦੂਲ ਸਿੰਘ ਵਾਸੀ ਨੇੜੇ ਪੁਲਿਸ ਸਟੇਸ਼ਨ ਖੇਮਕਰਨ ਜ਼ਿਲ੍ਹਾ ਤਰਨਤਾਰਨ ਲਗਾਤਾਰ ਤੰਗ ਪ੍ਰੇਸ਼ਾਨ ਕਰਦੇ ਸਨ। ਉਨ੍ਹਾਂ ਵੱਲੋਂ ਮਰ ਜਾਣ ਦੇ ਤਾਹਨੇ-ਮਿਹਣੇ ਮਾਰੇ ਜਾਂਦੇ ਸਨ, ਜਿਸ ਤੋਂ ਪ੍ਰੇਸ਼ਾਨ ਹੋ ਕੇ ਬਲਵੀਰ ਕੌਰ ਨੇ ਆਖਰਕਾਰ ਇਹ ਖੌਫਨਾਕ ਕਦਮ ਚੁੱਕਿਆ। ਗੁਰਵੇਲ ਸਿੰਘ ਅਨੁਸਾਰ ਇਹ ਘਟਨਾ 21 ਜੁਲਾਈ, 2025 ਨੂੰ ਵਾਪਰੀ ਜਦੋਂ ਬਲਵੀਰ ਕੌਰ ਨੇ ਹਰੀਕੇ ਹੈੱਡ ਰਾਜਸਥਾਨ ਫੀਡਰ ਨਹਿਰ ਵਿੱਚ ਛਾਲ ਮਾਰ ਦਿੱਤੀ। ਪੁਲਿਸ ਨੂੰ ਸੂਚਨਾ ਮਿਲਣ ’ਤੇ ਮੌਕੇ ’ਤੇ ਪਹੁੰਚੀ ਅਤੇ ਲਾਸ਼ ਨੂੰ ਬਰਾਮਦ ਕੀਤਾ ਗਿਆ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਸੁਖਬੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਿਕਾਇਤਕਰਤਾ ਗੁਰਵੇਲ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਉਕਤ ਚਾਰੇ ਦੋਸ਼ੀਅਨ ਖਿਲਾਫ਼ ਧਾਰਾ 108 ਬੀਐੱਨਐੱਸ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।



