
ਜੌੜੇਪੁਲ ਜਰਗ, 13 ਅਗਸਤ : ਬਾਬਾ ਸੀਹਾਂ ਸਿੰਘ ਗਿੱਲ ਝੱਲੀ ਦੇ ਪਵਿੱਤਰ ਅਸਥਾਨ ਗੁਰਦੁਆਰਾ ਸਿੱਧਸਰ ਸਾਹਿਬ ਵਿਖੇ ਇਲਾਕੇ ਦੀਆਂ ਸੰਗਤਾਂ ਅਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚਕਾਰ ਚੱਲ ਰਹੇ ਵਿਵਾਦ ਨੂੰ ਲੈ ਕੇ ਦੋਵੇਂ ਧਿਰਾਂ ਫਿਰ ਇੱਕ ਦੂਜੇ ਦੇ ਆਹਮੋ-ਸਾਹਮਣੇ ਹੋਈਆਂ। ਲੰਘੇ ਸੋਮਵਾਰ ਸਵੇਰ ਤੋਂ ਹੀ ਗੁਰਦੁਆਰਾ ਸਾਹਿਬ ਦਾ ਆਲਾ ਦੁਆਲਾ ਭਾਰੀ ਪੁਲਿਸ ਫੋਰਸ ਨਾਲ ਪੁਲਿਸ ਛਾਉਣੀ ਵਿਚ ਤਬਦੀਲ ਹੋ ਗਿਆ। ਡਿਊਟੀ ਮਜਿਸਟਰੇਟ ਨਾਇਬ ਤਹਿਸੀਲਦਾਰ ਪਾਇਲ ਗੁਰਪ੍ਰੀਤ ਸਿੰਘ ਸਮੇਤ ਐਸ.ਪੀ (ਡੀ) ਖੰਨਾ ਪਵਨਜੀਤ ਚੌਧਰੀ, ਡੀਐਸਪੀ ਪਾਇਲ ਹੇਮੰਤ ਮਲਹੋਤਰਾ, ਡੀ.ਐਸ.ਪੀ ਖੰਨਾ ਕਰਮਜੀਤ ਸਿੰਘ ਗਰੇਵਾਲ ਭਾਰੀ ਪੁਲਿਸ ਫੋਰਸ ਨਾਲ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਮੌਜੂਦ ਰਹੇ। ਮਾਲ ਵਿਭਾਗ ਵਲੋਂ ਡਰੋਨ ਸਿਸਟਮ ਜਰੀਏ ਮਿਣਤੀ ਕਰਨ ਉਪਰੰਤ ਅਗਲੇ ਦਸ ਦਿਨਾਂ ਤੱਕ ਇਸ ਮਸਲੇ ਦਾ ਕੋਈ ਹੱਲ ਕੱਢਣ ਲਈ ਸਿਵਲ ਤੇ ਪੁਲਿਸ ਪ੍ਰਸ਼ਾਸਨ ਦੁਆਰਾ ਦੋਵੇਂ ਧਿਰਾਂ ਨੂੰ ਸਮਝਾਇਆ ਗਿਆ। ਸ੍ਰੋਮਣੀ ਕਮੇਟੀ ਦੁਆਰਾ ਵੀ ਟਾਸਕ ਫੋਰਸ ਅਤੇ ਸੈਕੜਿਆਂ ਦੀ ਵਿਚ ਮੁਲਾਜ਼ਮ ਕਬਜਾ ਕਰਨ ਦੀ ਨੀਅਤ ਨਾਲ ਲਿਆਂਦੇ ਗਏ ਸਨ। ਦੂਜੇ ਪਾਸੇ ਸੰਗਤਾਂ ਦਾ ਸ੍ਰੋਮਣੀ ਕਮੇਟੀ ਖਿਲਾਫ ਰੋਹ ਵਿਚ ਬੋਲ ਰਹੇ ਸਨ ਕਿ ਹਰ ਕੁਰਬਾਨੀ ਦੇਣ ਲਈ ਤਿਆਰ ਹਾਂ ਪਰ ਕਿਸੇ ਬਾਹਰੀ ਤਾਕਤ ਨੂੰ ਕਿਸੇ ਵੀ ਹਾਲਤ ਵਿਚ ਕਬਜਾ ਨਹੀਂ ਕਰਨ ਦਿੱਤਾ ਜਾਵੇਗਾ। ਆਰ.ਟੀ.ਆਈ ਕਾਰਜ ਕਰਤਾ ਅਵਤਾਰ ਸਿੰਘ ਜਰਗੜੀ ਤੇ ਪੰਚ ਜਸਵੰਤ ਸਿੰਘ ਬੱਬੂ ਸਿਹੌੜਾ ਨੇ ਕਿਹਾ ਕਿ ਖਸਰਾ ਨੰਬਰ 1558 ਜੋ ਗ੍ਰਾਮ ਪੰਚਾਇਤ ਸਿਹੌੜਾ ਦੇ ਨਾਂਅ ਹੈ, ਜਿਸ ਦੀ ਨਿਸ਼ਾਨਦੇਹੀ ਕਰਨ ਸਬੰਧੀ ਨਾਇਬ ਤਹਿਸੀਲਦਾਰ ਗੁਰਪ੍ਰੀਤ ਸਿੰਘ ਨੂੰ ਕਿਹਾ ਗਿਆ ਤਾਂ ਉਨ੍ਹਾਂ ਕਿਹਾ ਕਿ ਅਸੀਂ ਚਾਰ ਦੀਵਾਰੀ ਅੰਦਰ ਅਦਾਲਤੀ ਹੁਕਮਾਂ ਤਹਿਤ ਡਿਗਰੀ ਵਾਲੇ ਨੰਬਰਾਂ ਦਾ ਕਬਜਾ ਦਿਵਾਉਣਾ ਹੈ। ਜ਼ਿਕਰਯੋਗ ਹੈ ਕਿ ਖਸਰਾ ਨੰਬਰ 1558 ਉੱਪਰ ਹੀ ਗੁਰਦੁਆਰਾ ਸਾਹਿਬ ਦੀ ਇਮਾਰਤ, ਲੰਗਰ ਹਾਲ ਆਦਿ ਬਣੇ ਹੋਏ ਹਨ। ਜਿਸ ਜਗ੍ਹਾ ਨਾਲ ਸ੍ਰੋਮਣੀ ਕਮੇਟੀ ਦਾ ਕੋਈ ਸਬੰਧ ਨਹੀਂ ਹੈ। ਉਨ੍ਹਾਂ ਕਿਹਾ ਕਿ ਜ਼ਿਲਾ ਤੇ ਸੈਸ਼ਨ ਜੱਜ ਵਲੋਂ ਉਕਤ ਨੰਬਰਾਂ ਉੱਪਰ ਸਟੇਅ ਲਗਾ ਦਿੱਤੀ ਗਈ ਸੀ। ਇਸ ਮੌਕੇ ਐਸ.ਐਚ.ਓ ਮਲੌਦ ਚਰਨਜੀਤ ਸਿੰਘ, ਐਸ.ਐਚ.ਓ ਪਾਇਲ ਸੰਦੀਪ ਕੁਮਾਰ, ਐਸ.ਐਚ.ਓ ਦੋਰਾਹਾ ਅਕਾਸ ਦੱਤ, ਚੌਂਕੀ ਇੰਚਾਰਜ ਸਿਆੜ ਚਰਨਜੀਤ ਸਿੰਘ, ਕਾਨੂੰਗੋ ਨੀਤੂ ਬਾਲਾ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ-ਕਰਮਚਾਰੀ ਅਤੇ ਵੱਡੀ ਗਿਣਤੀ ਚ ਇਲਾਕੇ ਦੀਆਂ ਸੰਗਤਾਂ ਵਿਚ ਬੀਬੀਆਂ ਸਾਮਿਲ ਸਨ।



