
ਅੰਮ੍ਰਿਤਸਰ, 20 ਅਗਸਤ : ਅੰਮ੍ਰਿਤਸਰ (ਦਿਹਾਤੀ) ਪੁਲਿਸ ਦੇ ਸਪੈਸ਼ਲ ਸੈੱਲ ਨੇ ਡਿਬਰੂਗੜ੍ਹ ਜੇਲ੍ਹ ਵਿਚ ਬੰਦ ਖਤਰਨਾਕ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਦੋ ਗੁਰਗਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੇ ਕਬਜ਼ੇ ਵਿਚੋਂ ਦੋ ਪਿਸਤੌਲ, ਦੋ ਮੈਗਜ਼ੀਨ, ਦਸ ਕਾਰਤੂਸ ਅਤੇ ਇਕ ਬਾਈਕ ਬਰਾਮਦ ਕੀਤੀ ਗਈ ਹੈ ਅਤੇ ਥਾਣਾ ਕੰਬੋ ਵਿਖੇ ਕੇਸ ਦਰਜ ਕੀਤਾ ਗਿਆ ਹੈ। ਐਸਪੀ ਆਦਿਿਤਆ ਵਾਰੀਅਰ ਨੇ ਬੁੱਧਵਾਰ ਨੂੰ ਆਪਣੇ ਦਫ਼ਤਰ ਵਿਚ ਕੀਤੀ ਪ੍ਰੈੱਸ ਕਾਨਫਰੰਸ ਵਿਚ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਦੋਵੇਂ ਮੁਲਜ਼ਮ ਗੈਂਗ ਵਾਰ ਦੀ ਤਿਆਰੀ ਕਰ ਰਹੇ ਸਨ। ਪੁਲਿਸ ਨੇ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਅੰਮ੍ਰਿਤਪਾਲ ਸਿੰਘ ਉਰਫ਼ ਅੰਮ੍ਰਿਤ ਵਾਸੀ ਸਰਲੀ ਕਲਾਂ ਅਤੇ ਮਨਜੋਤ ਸਿੰਘ ਉਰਫ਼ ਮੁੱਚੀ ਵਾਸੀ ਤਿੰਮੋਵਾਲ ਵਜੋਂ ਕੀਤੀ ਹੈ। ਐਸਪੀ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਦੋਵੇਂ ਮੁਲਜ਼ਮ ਇਕ ਬਾਈਕ ‘ਤੇ ਹਥਿਆਰਾਂ ਦੀ ਖੇਪ ਲੈ ਕੇ ਜਾ ਰਹੇ ਸਨ। ਇਸ ਅਧਾਰ ‘ਤੇ ਸਪੈਸ਼ਲ ਸੈੱਲ ਦੇ ਇੰਸਪੈਕਟਰ ਸਤਿੰਦਰ ਸਿੰਘ ਨੇ ਨਾਕਾਬੰਦੀ ਕੀਤੀ ਅਤੇ ਦੋਵਾਂ ਨੂੰ ਫੜ ਲਿਆ। ਤਲਾਸ਼ੀ ਦੌਰਾਨ ਉਨ੍ਹਾਂ ਦੇ ਕਬਜ਼ੇ ਵਿਚੋਂ ਦੋ ਵਿਦੇਸ਼ੀ ਪਿਸਤੌਲ, ਦਸ ਕਾਰਤੂਸ ਅਤੇ ਦੋ ਮੈਗਜ਼ੀਨ ਬਰਾਮਦ ਹੋਏ। ਮੁਲਜ਼ਮਾਂ ਨੇ ਮੰਨਿਆ ਹੈ ਕਿ ਉਕਤ ਖੇਪ ਪਾਕਿਸਤਾਨੀ ਤਸਕਰਾਂ ਵੱਲੋਂ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿਚ ਬੰਦ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਨਿਰਦੇਸ਼ਾਂ ‘ਤੇ ਇੱਥੇ ਭੇਜੀ ਗਈ ਹੈ। ਗੈਂਗਸਟਰ ਜੱਗੂ ਨੇ ਅਮਰੀਕਾ ਵਿਚ ਰਹਿਣ ਵਾਲੇ ਲਾਡੀ ਨਾਂ ਦੇ ਇਕ ਮੁਲਜ਼ਮ ਨੂੰ ਇਹ ਖੇਪ ਇੱਥੇ ਭੇਜਣ ਲਈ ਕਿਹਾ ਸੀ। ਇਸ ਤੋਂ ਇਲਾਵਾ ਲਾਡੀ ਦੇ ਪਾਕਿਸਤਾਨੀ ਤਸਕਰਾਂ ਨਾਲ ਸਬੰਧਾਂ ਕਾਰਨ, ਇਹ ਦੋਵੇਂ ਪਿਸਤੌਲ ਕੁਝ ਦਿਨ ਪਹਿਲਾਂ ਇਕ ਡਰੋਨ ਤੋਂ ਇੱਥੇ ਸੁੱਟੇ ਗਏ ਸਨ। ਐਸਪੀ ਨੇ ਦਾਅਵਾ ਕੀਤਾ ਹੈ ਕਿ ਉਕਤ ਗ੍ਰਿਫ਼ਤਾਰੀ ਤੋਂ ਹਥਿਆਰ ਬਰਾਮਦ ਕੀਤੇ ਗਏ ਹਨ, ਉਥੇ ਹੀ ਗੈਂਗਵਾਰ ਵੀ ਰੋਕੀ ਗਈ ਹੈ।



