Punjab

ਬਿਜਲੀ ਮੁਲਾਜ਼ਮਾਂ ਦੀ ਸਮੂਹਿਕ ਛੁੱਟੀ ਦੂਜੇ ਦਿਨ ਵੀ ਜਾਰੀ, 80 ਫ਼ੀਸਦੀ ਮੁਲਾਜ਼ਮ ਛੁੱਟੀ ’ਤੇ

ਤਰਨਤਾਰਨ, 13 ਅਗਸਤ : ਬਿਜਲੀ ਮੁਲਾਜ਼ਮਾਂ ਦੀਆਂ ਪ੍ਰਮੁੱਖ ਜਥੇਬੰਦੀਆਂ ’ਤੇ ਆਧਾਰਿਤ ਪੀਐੱਸਈਬੀ ਇੰਪਲਾਈਜ਼ ਜੁਆਇੰਟ ਫੋਰਮ, ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ, ਐਸੋਸੀਏਸ਼ਨ ਆਫ ਜੂਨੀਅਰ ਇੰਜੀਨੀਅਰਜ਼, ਗਰਿੱਡ ਸਬ-ਸਟੇਸ਼ਨ ਇੰਪਲਾਈਜ਼ ਯੂਨੀਅਨ, ਪੈਨਸ਼ਨਰਜ਼ ਯੂਨੀਅਨ ਸਬੰਧਤ ਏਟਕ, ਪੈਨਸ਼ਨਰਜ਼ ਵੈੱਲਫੇਅਰ ਫੈਡਰੇਸ਼ਨ ਪਹਿਲਵਾਨ, ਪਾਵਰ ਟਰਾਂਸਮਿਸ਼ਨ ਇੰਪਲਾਈਜ਼ ਐਸੋਸੀਏਸ਼ਨ ਦੇ ਸੱਦੇ ’ਤੇ ਸਮੁੱਚੇ ਪੰਜਾਬ ’ਚ ਬਿਜਲੀ ਕਾਮਿਆਂ ਵੱਲੋਂ ਲਗਾਤਾਰ ਦੂਜੇ ਦਿਨ ਸਮੂਹਿਕ ਛੁੱਟੀ ਲੈ ਕੇ ਵੱਖ-ਵੱਖ ਦਫਤਰਾਂ ਅੱਗੇ ਰੋਸ ਪ੍ਰਦਰਸ਼ਨ ਜਾਰੀ ਰਹੇ। ਇਸ ਸਬੰਧੀ ਗੁਰਪ੍ਰੀਤ ਸਿੰਘ ਗੰਡੀਵਿੰਡ ਤੇ ਗੁਰਭੇਜ ਸਿੰਘ ਢਿੱਲੋਂ ਨੇ ਕਿਹਾ ਕਿ ਜਥੇਬੰਦੀਆ ਵੱਲੋਂ 11 ਅਪ੍ਰੈਲ ਨੂੰ ਆਪਣਾ ਮੰਗ ਪੱਤਰ ਮੈਨੇਜਮੈਂਟ ਨੂੰ ਦਿੱਤਾ ਸੀ। ਜਿਸ ਉਪਰੰਤ ਮਿਤੀ 2 ਜੂਨ ਨੂੰ ਬਿਜਲੀ ਮੰਤਰੀ ਦੀ ਹਾਜ਼ਰੀ ’ਚ ਮੁਲਾਜ਼ਮ ਮੰਗਾਂ ’ਤੇ ਸਹਿਮਤੀਆਂ ਬਣੀਆਂ ਸਨ। ਪਰ ਦੋ ਮਹੀਨੇ ਤੋਂ ਉੱਪਰ ਸਮਾਂ ਲੰਘ ਜਾਣ ਉਪਰੰਤ ਵੀ ਸਹਿਮਤੀਆਂ ਲਾਗੂ ਨਹੀਂ ਕੀਤੀਆਂ ਗਈਆਂ, ਜਿਸ ਉਪਰੰਤ ਬਿਜਲੀ ਕਾਮਿਆਂ ਵੱਲੋਂ 24 ਜੂਨ ਤੋਂ ਵਰਕ-ਟੂ-ਰੂਲ ਮੁਤਾਬਕ ਅਪਣੀ ਬਣਦੀ ਡਿਊਟੀ ਕੀਤੀ ਜਾ ਰਹੀ ਹੈ ਤੇ ਮਿਤੀ 27 ਜੁਲਾਈ ਨੂੰ ਬਿਜਲੀ ਮੰਤਰੀ ਦੀ ਅੰਮ੍ਰਿਤਸਰ ਰਿਹਾਇਸ਼ ਅੱਗੇ ਰੋਸ ਧਰਨਾ ਲਾਉਣ ਉਪਰੰਤ 11 ਅਗਸਤ ਤੋਂ 13 ਅਗਸਤ ਤੱਕ ਸਮੂਹਿਕ ਛੁੱਟੀ ’ਤੇ ਚੱਲ ਰਹੇ ਹਨ। ਕਈ ਸਰਕਲਾਂ ’ਚ 90 ਫ਼ੀਸਦੀ ਤੋਂ ਵੱਧ ਕਾਮੇ ਛੁੱਟੀ ’ਤੇ ਚਲੇ ਗਏ ਹਨ। ਆਗੂਆਂ ਨੇ ਪੰਜਾਬ ਸਰਕਾਰ ਤੇ ਬਿਜਲੀ ਨਿਗਮ ਦੀ ਮੈਨੇਜਮੈਂਟ ਦੀ ਨਿਖੇਧੀ ਕਰਦਿਆਂ ਕਿਹਾ ਕਿ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਜਾਇਜ਼ ਤੇ ਹੱਕੀ ਮੰਗਾਂ ਨੂੰ ਲਾਗੂ ਕਰਨ ਦੀ ਥਾਂ ਟਕਰਾਅ ਦੀ ਨੀਤੀ ਅਪਣਾਈ ਜਾ ਰਹੀ ਹੈ। ਆਗੂਆਂ ਨੇ ਅੱਗੇ ਦੱਸਿਆ ਕਿ ਬਿਜਲੀ ਕਾਮਿਆਂ ਦੀਆਂ ਮੁੱਖ ਮੰਗਾਂ, ਜਿਵੇਂ ਹਜ਼ਾਰਾਂ ਖ਼ਾਲੀ ਅਸਾਮੀਆਂ ’ਤੇ ਰੈਗੂਲਰ ਭਰਤੀ, ਇੱਕੋ ਅਸਾਮੀ ’ਤੇ ਕੰਮ ਕਰ ਰਹੇ ਕਰਮਚਾਰੀਆਂ ਨੂੰ ਬਰਾਬਰ ਤਨਖ਼ਾਹ ਨਹੀਂ ਦਿੱਤੀ ਜਾ ਰਹੀ, 1997 ਤੋਂ ਮਹਿਕਮੇ ’ਚ ਕੰਮ ਕਰ ਰਹੇ ਕੰਟਰੈਕਟ, ਵੱਖ-ਵੱਖ ਏਜੰਸੀ ਰਾਹੀਂ ਭਰਤੀ ਕੱਚੇ ਕਾਮੇ ਮਹਿਕਮੇ ’ਚ ਸਮਾਉਣ, ਸੋਲੇਸ਼ੀਅਮ ਪਾਲਿਸੀ ਤਹਿਤ ਭਰਤੀ ਕੀਤੇ ਕਾਮਿਆਂ ’ਤੇ 12 ਫ਼ੀਸਦੀ ਵਿਆਜ ਦੀ ਅਣਮਨੁੱਖੀ ਸ਼ਰਤ ਹਟਾਉਣ, ਮੁਲਾਜ਼ਮਾਂ ਦੇ ਡੀਏ/ਭੱਤੇ, ਸੋਧੇ ਸਕੇਲਾਂ ਦੇ ਪੈਨਸ਼ਨ/ਤਨਖਾਹ ਦੇ ਏਰੀਅਰ, ਗਰਿੱਡ, ਫੀਲਡ, ਦਫ਼ਤਰੀ ਸਟਾਫ ਦੀਆਂ ਮੰਗਾਂ, ਪੈਨਸ਼ਨਰਾਂ ਦੇ ਵਿਕਾਸ ਟੈਕਸ ਆਦਿ ਮੰਗਾਂ ਨੂੰ ਪੰਜਾਬ ਸਰਕਾਰ ਤੇ ਬਿਜਲੀ ਨਿਗਮ ਦੀ ਮੈਨੇਜਮੈਂਟ ਸਹਿਮਤੀਆਂ ਕਰਨ ਤੋਂ ਬਾਅਦ ਲਾਗੂ ਨਹੀਂ ਕਰ ਰਹੀ। ਜਿਸ ਕਰ ਕੇ ਸਮੁੱਚੇ ਬਿਜਲੀ ਮੁਲਾਜ਼ਮਾਂ ਤੇ ਪੈਨਸ਼ਨਰਾਂ ’ਚ ਭਾਰੀ ਰੋਸ ਹੈ, ਜੇਕਰ ਪੰਜਾਬ ਸਰਕਾਰ ਤੇ ਬਿਜਲੀ ਨਿਗਮ ਦੀ ਮੈਨੇਜਮੈਂਟ ਨੇ ਹੋਈਆਂ ਸਹਿਮਤੀਆਂ ਲਾਗੂ ਨਾ ਕੀਤੀਆਂ ਤਾਂ ਜੱਥੇਬੰਦੀਆਂ ਵੱਲੋਂ ਅਗਲੇ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਰੋਸ ਰੈਲੀ ’ਚ ਹਾਜ਼ਰ ਆਗੂ ਕਰਮਜੀਤ ਸਿੰਘ ਮੱਲਮੋਹਰੀ ਮੇਜਰ ਸਿੰਘ ਮਲੀਆਂ, ਦਿਲਬਾਗ ਸਿੰਘ ਭੁੱਲਰ, ਬਲਜਿੰਦਰ ਕੌਰ ਡਿਆਲ, ਪੂਰਨ ਦਾਸ, ਲਖਬੀਰ ਸਿੰਘ ਸੰਧੂ, ਜਸਬੀਰ ਸਿੰਘ ਸ਼ੇਰੋਂ, ਅਮਰਜੀਤ ਸਿੰਘ ਮਾੜੀਮੇਘਾ, ਲਖਬੀਰ ਸਿੰਘ ਰੈਸੀਆਣਾ, ਸਿਮਰਨਜੀਤ ਸਿੰਘ, ਕਵਲਜੀਤ ਕੌਰ ਸੁਪਰਡੈਂਟ, ਜਸਬੀਰ ਕੌਰ ਰਜਵੰਤ ਕੌਰ, ਚਰਨਜੀਤ ਸਿੰਘ ਖ਼ਾਲਸਾ, ਬਾਬਾ ਚਰਨਜੀਤ ਸਿੰਘ, ਰਤਨ ਸਿੰਘ, ਸਤਪਾਲ ਸਿੰਘ, ਇੰਜੀ. ਅਮਨਦੀਪ ਸਿੰਘ ਜੇਈ, ਜਗਜੀਤ ਸਿੰਘ ਜੀਓਬਾਲਾ, ਲਖਵਿੰਦਰ ਸਿੰਘ ਬਹਿਲਾ, ਪਲਵਿੰਦਰ ਸਿੰਘ ਸੁਪਰਡੈਂਟ, ਬਲਜਿੰਦਰ ਸਿੰਘ ਪਲਾਸੌਰ, ਮੇਜਰ ਸਿੰਘ ਗਿੱਲ, ਰਾਕੇਸ਼ ਕੁਮਾਰ ਮਲਹੋਤਰਾ ਤੋਂ ਇਲਾਵਾ ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਦਵਿੰਦਰ ਸੋਹਲ ਅਤੇ ਬਲਕਾਰ ਸਿੰਘ ਵਲਟੋਹਾ ਨੇ ਵੀ ਸੰਬੋਧਨ ਕਰਦਿਆਂ ਬਿਜਲੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਹੱਕੀ ਸੰਘਰਸ਼ ਦੀ ਡਟਵੀਂ ਹਮਾਇਤ ਕੀਤੀ ਅਤੇ ਸੰਘਰਸ਼ ਕਰ ਰਹੇ ਮੁਲਾਜ਼ਮਾਂ ਤੇ ਪਾਵਰ ਮੈਨੇਜਮੈਂਟ ਵੱਲੋਂ ਐਸਮਾ ਕਾਨੂੰਨ ਲਾਉਣ ਦੀ ਨਿਖੇਧੀ ਕੀਤੀ।

ਕਰਮਚਾਰੀਆਂ ਦੇ ਹੜਤਾਲ ’ਤੇ ਹੋਣ ਕਾਰਨ ਖ਼ਪਤਕਾਰਾਂ ਦੀਆਂ ਵਧੀਆਂ ਮੁਸ਼ਕਲਾਂ

ਬਿਜਲੀ ਕਰਮਚਾਰੀਆਂ ਦੇ ਹੜਤਾਲ ’ਤੇ ਹੋਣ ਕਾਰਨ ਖਪਤਕਾਰਾਂ ਦੀਆਂ ਮੁਸ਼ਕਲਾਂ ਵੱਧਦੀਆਂ ਜਾ ਰਹੀਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹੇ ’ਚ ਕਈ ਫੀਡਰਾਂ ਦੀ ਬਿਜਲੀ ਸਪਲਾਈ ਬੰਦ ਹੋਈ ਤੇ ਲੋਕਾਂ ਨੂੰ ਹੁੰਮਸ ਭਰੀ ਗਰਮੀ ਨਾਲ ਜੂਝਣਾ ਪਿਆ। ਸ਼ਹਿਰ ਦੇ ਆਫੀਸਰ ਐਵੀਨਿਊ ’ਚ 11 ਕੇਵੀ ਦੀ ਤਾਰ ਮੰਗਲਵਾਰ ਦੁਪਹਿਰ ਨੂੰ ਡਿੱਗੀ ਤੇ ਸ਼ਾਮ ਤੱਕ ਉਹ ਲਟਕਦੀ ਰਹੀ। ਦੂਜੇ ਪਾਸੇ ਬਿਜਲੀ ਕਰਮਚਾਰੀਆਂ ਦੀ ਮੰਨੀਏ ਤਾਂ ਟੈਕਨੀਕਲ ਸਟਾਫ ਹੜਤਾਲ ’ਤੇ ਹੋਣ ਕਾਰਨ ਤਾਰ ਨੂੰ ਗੰਢਣ ਵਾਲਾ ਕੋਈ ਨਹੀਂ। ਗਰਿੱਡਾਂ ਨੂੰ ਕਲੈਰੀਕਲ ਸਟਾਫ ਸਮੇਤ ਕੁਝ ਅਧਿਕਾਰੀਆਂ ਦੀ ਨਿਗਰਾਨੀ ਹੇਠ ਰੱਖਿਆ ਗਿਆ ਹੈ। ===== ਅਲਾਦੀਨਪੁਰ ਏਪੀ ਫੀਡਰ ਤੇ ਪਿੱਦੀ ਫੀਡਰ ਪ੍ਰਭਾਵਿਤ, ਕਿਸਾਨਾਂ ਵੱਲੋਂ ਪ੍ਰਦਰਸ਼ਨ ਹੜਤਾਲ ਦੌਰਾਨ ਫੀਡਰਾਂ ਦੇ ਬੰਦ ਹੋਣ ਦੀਆਂ ਖ਼ਬਰਾਂ ਵੀ ਸਾਹਮਣੇ ਆਉਣ ਲੱਗੀਆਂ ਹਨ। ਪਿੰਡ ਅਲਾਦੀਨਪੁਰ ਦਾ ਏਪੀ ਫੀਡਰ 10 ਅਗਸਤ ਦੀ ਰਾਤ ਤੋਂ ਬੰਦ ਪਿਆ ਹੈ। ਜਦੋਂਕਿ ਪਿੱਦੀ ਯੂਪੀਐੱਸ ਫੀਡਰ ਵੀ ਮੰਗਲਵਾਰ ਤੜਕੇ ਤਿੰਨ ਵਜੇ ਬੰਦ ਹੋਇਆ। ਜਿਸ ਨੂੰ 8 ਘੰਟੇ ਬਾਅਦ ਸਵੇਰੇ 11 ਵਜੇ ਕਿਸਾਨਾਂ ਵੱਲੋਂ ਚਲਵਾਇਆ ਗਿਆ। ਹਾਲਾਂਕਿ ਬਾਅਦ ’ਚ ਮੁੜ ਇਹ ਫੀਡਰ ਪੰਜ ਘੰਟੇ ਬੰਦ ਹੋ ਗਿਆ। ਜਿਸ ਦੇ ਚੱਲਦਿਆਂ ਰਸੂਲਪੁਰ ਬਿਜਲੀ ਘਰ ਅੱਗੇ ਕਿਸਾਨ, ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਨਾਅਰੇਬਾਜ਼ੀ ਕੀਤੀ ਗਈ। ਕਿਸਾਨ ਆਗੂਆਂ ਨੇ ਦੱਸਿਆ ਕਿ ਪਿੱਦੀ ਪਿੰਡ ’ਚ ਇਕ ਟਰਾਂਸਫਾਰਮਰ ਵੀ ਸੜ ਗਿਆ ਹੈ। ਜਿਸ ਕਾਰਨ ਪਿੰਡ ਦੇ 50 ਦੇ ਕਰੀਬ ਘਰਾਂ ਦੀ ਬਿਜਲੀ ਗੁੱਲ ਹੈ ਤੇ ਇਹ ਘਰ ਉਦੋਂ ਤੱਕ ਹਨੇਰੇ ’ਚ ਰਹਿਣਗੇ, ਜਦੋਂ ਤੱਕ ਕਰਮਚਾਰੀ ਹੜਤਾਲ ਤੋਂ ਨਹੀਂ ਪਰਤਦੇ।

Related Articles

Leave a Reply

Your email address will not be published. Required fields are marked *

Back to top button