
ਲੁਧਿਆਣਾ, 11 ਜੁਲਾਈ : ਲੁਧਿਆਣਾ ਸਾਈਕਲ ਉਦਯੋਗਪਤੀਆਂ ਦੇ ਉੱਚ ਪੱਧਰੀ ਵਫ਼ਦ ਵੱਲੋਂ ਏਵਨ ਸਾਈਕਲ ਦੇ ਸੀਐੱਮਡੀ ਪਦਮਸ਼ਰੀ ਓਂਕਾਰ ਸਿੰਘ ਪਾਹਵਾ ਦੀ ਅਗਵਾਈ ਵਿੱਚ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆਂ ਨਾਲ ਮੁਲਾਕਾਤ ਕੀਤੀ। ਪਾਹਵਾ ਦੇ ਨਾਲ ਹਰਸਿਮਰਜੀਤ ਸਿੰਘ ਲੱਕੀ ਪ੍ਰਧਾਨ ਯੂਨਾਈਟਡ ਸਾਈਕਲ ਐਂਡ ਪਾਰਟਸ ਮੈਨਫੈਕਚਰਰ ਐਸੋਸੀਏਸ਼ਨ (ਯੂਸੀਪੀਐੱਮਏ), ਜਤਿੰਦਰ ਮਿੱਤਲ (ਉੱਪ ਪ੍ਰਧਾਨ ਭਾਜਪਾ ਤੇ ਸਹਿ-ਚੇਅਰਮੈਨ ਯੂਸੀਪੀਐਮਏ), ਡਾ. ਕੇਬੀ ਠਾਕੁਰ (ਸੈਕਟਰੀ ਜਨਰਲ ਆਲ ਇੰਡੀਆ ਸਾਈਕਲ ਮੈਨੂਫੈਕਚਰਰ ਐਸੋਸੀਏਸ਼ਨ) ਵਫਦ ਵਿੱਚ ਹਾਜ਼ਰ ਸਨ। ਵਫ਼ਦ ਨੇ ਸਾਈਕਲ ਉਦਯੋਗ ਦੇ ਵਿਕਾਸ ਅਤੇ ਭਾਰਤ ਸਰਕਾਰ ਦੀ ਪੀਐਲਆਈ (ਉਤਪਾਦਨ ਨਾਲ ਜੁੜੀ ਪ੍ਰੋਤਸਾਹਨ) ਵਰਗੀਆਂ ਯੋਜਨਾਵਾਂ ਰਾਹੀਂ ਨਿਰਯਾਤ ਅਤੇ ਵਿਸ਼ਵਵਿਆਪੀ ਮੁਕਾਬਲੇਬਾਜ਼ੀ ਨੂੰ ਵਧਾਉਣ ਲਈ ਕਿਵੇਂ ਸਹਾਇਤਾ ਕਰ ਸਕਦੀ ਹੈ, ਇਸ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਉਨ੍ਹਾਂ ਸਾਈਕਲ ਉਦਯੋਗ ਨਾਲ ਸਬੰਧਿਤ ਹੋਰ ਵੀ ਕਈ ਸਮੱਸਿਆਵਾਂ ਬਾਰੇ ਰਾਜਪਾਲ ਨੂੰ ਜਾਣੂ ਕਰਵਾਇਆ ਅਤੇ ਸਮੱਸਿਆਵਾਂ ਦਾ ਕੇਂਦਰ ਤੇ ਰਾਜ ਸਰਕਾਰ ਤੋਂ ਹੱਲ ਕਰਵਾਉਣ ਦੀ ਅਪੀਲ ਕੀਤੀ। ਰਾਜਪਾਲ ਨੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਮਾਮਲੇ ਨੂੰ ਕੇਂਦਰੀ ਮੰਤਰਾਲਿਆਂ ਤੱਕ ਪਹੁੰਚਾਉਣ ’ਚ ਸਹਾਇਤਾ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਉਦਯੋਗਪਤੀ ਕਿਸੇ ਵੀ ਦੇਸ਼ ਤੇ ਰਾਜ ਦੀ ਆਰਥਿਕ ਰੀੜ ਦੀ ਹੱਡੀ ਹੁੰਦੇ ਹਨ, ਇਸ ਲਈ ਇਨ੍ਹਾਂ ਦੀ ਹਰ ਸਮੱਸਿਆ ਦਾ ਹੱਲ ਕਰਨਾ ਸਰਕਾਰਾਂ ਦੀ ਜਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਉਹ ਆਪਣੇ ਵੱਲੋਂ ਉਦੋਗਪਤੀਆਂ ਦੀ ਭਲਾਈ ਲਈ ਹਰ ਕਦਮ ਚੁੱਕਣ ਲਈ ਹਰ ਸਮੇਂ ਤਿਆਰ ਬਰ ਤਿਆਰ ਹਨ।



