Punjab

ਸਹੇਲੀਆਂ ਨੇ ਲੱਖਾਂ ਰੁਪਏ ਦੇ ਗਹਿਣੇ ਕੀਤੇ ਖੁਰਦ-ਬੁਰਦ

ਲੁਧਿਆਣਾ, 30 ਜੁਲਾਈ : ਲੁਧਿਆਣਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ’ਚ ਨੌਕਰੀ ਕਰਨ ਵਾਲੀ ਇੱਕ ਔਰਤ ਦੇ ਸੋਨੇ, ਚਾਂਦੀ ਦੇ ਗਹਿਣੇ ਉਸ ਦੀਆਂ ਸਹੇਲੀਆਂ ਨੇ ਹੜੱਪ ਲਏ। ਇਸ ਮਾਮਲੇ ’ਚ ਪੜਤਾਲ ਤੋਂ ਬਾਅਦ ਥਾਣਾ ਸਰਾਭਾ ਨਗਰ ਦੀ ਪੁਲਿਸ ਨੇ ਔਰਤ ਦੀ ਸ਼ਿਕਾਇਤ ’ਤੇ 2 ਔਰਤਾਂ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ। ਔਰਤਾਂ ਨੇ ਇਸ ਘਟਨਾ ਨੂੰ ਅੰਜਾਮ ਉਸ ਵੇਲੇ ਦਿੱਤਾ ਜਦੋਂ ਪੀਏਯੂ ਦੀ ਮੁਲਾਜ਼ਮ ਲੁਧਿਆਣਾ ਵਿਖੇ ਸ਼ਿਫਟ ਹੋਣ ਆਈ ਸੀ। ਪੁਲਿਸ ਮੁਤਾਬਕ ਇਹ ਮੁਕੱਦਮਾ ਜਗਰਾਓਂ ਦੀ ਰਹਿਣ ਵਾਲੀ ਜਸਵੀਰ ਕੌਰ ਦੀ ਸ਼ਿਕਾਇਤ ’ਤੇ ਪਿੰਡ ਭਿੰਡਰ ਕਲਾਂ ਮੋਗਾ ਵਾਸੀ ਹਰਪ੍ਰੀਤ ਕੌਰ ਤੇ ਪਿੰਡ ਸਿੱਧਵਾ ਬੇਟ ਕਲਾਂ ਜਗਰਾਓਂ ਦੀ ਰਹਿਣ ਵਾਲੀ ਮਨਜੀਤ ਕੌਰ ਖਿਲਾਫ਼ ਦਰਜ ਕੀਤਾ ਗਿਆ ਹੈ। ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਂਦਿਆਂ ਜਗਰਾਓਂ ਦੇ ਪਿੰਡ ਚੱਕ ਕਲਾਂ ਦੀ ਰਹਿਣ ਵਾਲੀ ਜਸਵੀਰ ਕੌਰ ਨੇ ਦੱਸਿਆ ਕਿ ਉਹ ਪੰਜਾਬ ਐਗਰੀਕਲਚਰ ਯੂਨੀਵਰਸਿਟੀ ’ਚ ਨੌਕਰੀ ਕਰਦੀ ਹੈ ਤੇ ਰੋਜ਼ਾਨਾ ਜਗਰਾਓਂ ਤੋਂ ਲੁਧਿਆਣਾ ਅੱਪ-ਡਾਊਨ ਕਰਦੀ ਸੀ। ਇਸੇ ਦੌਰਾਨ ਸਰਾਭਾ ਨਗਰ ਇਲਾਕੇ ’ਚ ਕਿਰਾਏ ਦੇ ਮਕਾਨ ’ਚ ਰਹਿਣ ਵਾਲੀ ਉਸ ਦੀ ਸਹੇਲੀ ਮਨਜੀਤ ਕੌਰ ਨੇ ਉਸ ਨੂੰ ਲੁਧਿਆਣਾ ’ਚ ਹੀ ਇੱਕ ਕਿਰਾਏ ਦਾ ਘਰ ਲੈ ਕੇ ਰਹਿਣ ਲਈ ਕਿਹਾ ਤੇ ਕੁਝ ਸਮਾਂ ਪਹਿਲਾਂ ਜਸਵੀਰ ਕੌਰ ਨੂੰ ਘਰ ਮਿਲ ਗਿਆ ਤੇ ਉਸ ਨੇ ਆਪਣਾ ਸਾਮਾਨ ਸ਼ਿਫਟ ਕਰਨਾ ਸ਼ੁਰੂ ਕੀਤਾ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਨੇ ਆਪਣੇ ਸੋਨੇ-ਚਾਂਦੀ ਦੇ ਗਹਿਣੇ ਇੱਕ ਬੈਗ ’ਚ ਪਾ ਕੇ ਦੋਵਾਂ ਔਰਤਾਂ ਨੂੰ ਸੰਭਾਲ ਕੇ ਰੱਖਣ ਲਈ ਦੇ ਦਿੱਤੇ ਤੇ ਤਕਰੀਬਨ ਇੱਕ ਮਹੀਨੇ ਬਾਅਦ ਜਸਬੀਰ ਕੌਰ ਨੇ ਹਰਪ੍ਰੀਤ ਕੌਰ ਕੋਲੋਂ ਆਪਣੇ ਗਹਿਣੇ ਵਾਪਸ ਮੰਗੇ ਤਾਂ ਉਹ ਲਗਾਤਾਰ ਬਹਾਨੇ ਬਣਾਉਣ ਲੱਗ ਗਈ ਤੇ ਕਹਿਣ ਲੱਗੀ ਕਿ ਗਹਿਣੇ ਅਲਮਾਰੀ ’ਚ ਰੱਖੇ ਹਨਅਤੇ ਅਲਮਾਰੀ ਦੀਆਂ ਚਾਬੀਆਂ ਗੁਆਚ ਗਈਆਂ ਹਨ। ਸ਼ੱਕ ਹੋਣ ’ਤੇ ਉਸ ਨੇ ਚਾਬੀਆਂ ਬਣਾਉਣ ਵਾਲੇ ਮਿਸਤਰੀ ਨੂੰ ਸੱਦ ਲਿਆ ਤੇ ਅਲਮਾਰੀ ਖੋਲ੍ਹਣ ’ਤੇ ਪਤਾ ਲੱਗਾ ਕਿ ਸੋਨੇ ਚਾਂਦੀ ਦੇ ਗਹਿਣੇ ਗਾਇਬ ਹੋ ਚੁੱਕੇ ਹਨ। ਥਾਣਾ ਸਰਾਭਾ ਨਗਰ ਦੇ ਏਐੱਸਆਈ ਹਰਦੀਪ ਸਿੰਘ ਨੇ ਦੱਸਿਆ ਕਿ ਜਾਂਚ ਦੌਰਾਨ ਪੁਲਿਸ ਨੇ ਔਰਤਾਂ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮੇ ਦਰਜ ਕਰ ਲਏ ਹਨ। ਪੁਲਿਸ ਦਾ ਕਹਿਣਾ ਹੈ ਕਿ ਔਰਤਾਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।

Related Articles

Leave a Reply

Your email address will not be published. Required fields are marked *

Back to top button