
ਲੁਧਿਆਣਾ, 30 ਜੁਲਾਈ : ਲੁਧਿਆਣਾ ਸਨਅਤੀ ਸ਼ਹਿਰ ਲੁਧਿਆਣਾ ਦੇ ਤਾਜਪੁਰ ਰੋਡ ਸਥਿਤ ਪ੍ਰੀਤ ਨਗਰ ਇਲਾਕੇ ’ਚ ਸੀਵਰੇਜ ਦੇ ਅਧੂਰੇ ਕੰਮ ਨੂੰ ਲੈ ਕੇ ਇਲਾਕਾ ਨਿਵਾਸੀਆਂ ਵੱਲੋਂ ਨਗਰ ਨਿਗਮ ਦੇ ਅਧਿਕਾਰੀਆਂ ਖਿਲਾਫ਼ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਇਲਾਕੇ ਦੇ ਵਸਨੀਕ ਬਲਵਿੰਦਰ ਸਿੰਘ, ਆਸ਼ਾ ਸਿੰਘ, ਹਿੰਮਤ ਸਿੰਘ ਤੇ ਸੁਖਬੀਰ ਸਿੰਘ ਨੇ ਸਰਕਾਰ ਤੇ ਨਗਰ ਨਿਗਮ ਪ੍ਰਸ਼ਾਸਨ ਖਿਲਾਫ਼ ਰੋਸ ਜ਼ਾਹਿਰ ਕਰਦੇ ਕਿਹਾ ਕਿ ਇਲਾਕੇ ’ਚ ਸੀਵਰੇਜ ਦੀ ਮੁਰੰਮਤ ਲਈ ਟੋਏ ਪੱਟੇ ਗਏ ਸਨ ਪਰ ਲੱਗਭਗ ਇੱਕ ਮਹੀਨਾ ਬੀਤਣ ਦੇ ਬਾਅਦ ਵੀ ਸੀਵਰੇਜ ਦੀਆਂ ਹੌਦੀਆਂ ਤੇ ਪਾਈਪਾਂ ਦੀ ਮੁਰੰਮਤ ਲਈ ਕੀਤੀ ਸੜਕ ਖੁਦਾਈ ਦਾ ਕੰਮ ਉੱਥੇ ਦਾ ਉੱਥੇ ਹੀ ਪਿਆ। ਉਨ੍ਹਾਂ ਕਿਹਾ ਕਿ ਇਲਾਕੇ ਦੀ ਰੋਡ ਵਿਵਸਥਾ ਤੇ ਪਾਣੀ ਦੀ ਨਿਕਾਸੀ ਪੁਰੀ ਤਰ੍ਹਾਂ ਠੱਪ ਹੋ ਚੁੱਕੀ ਹੈ, ਜਿਸ ਸਬੰਧੀ ਇਲਾਕਾ ਨਿਵਾਸੀ ਕਈ ਵਾਰ ਹਲਕਾ ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ ਤੇ ਨਗਰ ਨਿਗਮ ਅਧਿਕਾਰੀਆਂ ਨੂੰ ਆਪਣੀ ਪਰੇਸ਼ਾਨੀ ਬਾਰੇ ਦੱਸ ਚੁੱਕੇ ਹਨ ਪਰ ਉਨ੍ਹਾਂ ਨੇ ਅਜੇ ਤੱਕ ਕੋਈ ਵੀ ਢੁੱਕਵੀਂ ਕਾਰਵਾਈ ਨਹੀਂ ਕੀਤੀ। ਉਨ੍ਹਾਂ ਨਗਰ ਨਿਗਮ ਅਧਿਕਾਰੀਆਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਸੀਵਰੇਜ ਦੇ ਕੰਮ ਨੂੰ ਤੁਰੰਤ ਮੁਕੰਮਲ ਨਾ ਕੀਤਾ ਗਿਆ ਤਾਂ ਦਿੱਲੀ ਹਾਈਵੇ ਜਾਮ ਕੀਤਾ ਜਾਵੇਗਾ। ਪ੍ਰਦਰਸ਼ਨਕਾਰੀਆਂ ਨੇ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਵਾਰਡ ਦਾ ਕੌਂਸਲਰ ਅਕਾਲੀ ਦਲ ਨਾਲ ਸਬੰਧ ਹੋਣ ਕਾਰਨ ਸਾਡਾ ਦਾ ਇਲਾਕਾ ਸਿਆਸਤ ਦੀ ਭੇਟ ਚੜ੍ਹ ਰਿਹਾ ਹੈ। ਇਸ ਸਬੰਧੀ ਜਦੋਂ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਹਲਕਾ ਵਿਧਾਇਕ ਇਸ ਇਲਾਕੇ ’ਚ ਸੀਵਰੇਜ ਦੇ ਕੰਮ ਦਾ ਨੀਂਹ-ਪੱਥਰ ਰੱਖ ਕੇ ਗਏ ਹਨ ਪਰ ਬਰਸਾਤਾਂ ਆਉਣ ਕਾਰਨ ਕੰਮ ’ਚ ਦੇਰੀ ਹੋ ਰਹੀ ਹੈ। ਜਲਦ ਇਸ ਕੰਮ ਨੂੰ ਮੁਕੰਮਲ ਕਰਵਾ ਦਿੱਤਾ ਜਾਵੇਗਾ। ਇਸ ਮੌਕੇ ਲਖਨ ਸਿੰਘ, ਦੇਵ ਸਿੰਘ, ਕਮਲਜੀਤ ਸਿੰਘ, ਦੀਪਕ ਸਿੰਘ, ਭੋਲਾ, ਮਲਕੀਤ ਸਿੰਘ, ਪਾਲ ਸਿੰਘ ਤੇ ਹੋਰ ਇਲਾਕਾ ਵਾਸੀ ਹਾਜ਼ਰ ਸਨ।



