ਸਰਹੱਦੀ ਪਿੰਡ ਜੱਲੋ ਕੇ ਵਿਖੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਸਬੰਧੀ ਕੀਤਾ ਜਾਗਰੂਕਤਾ ਸੈਮੀਨਾਰ
ਸੈਮੀਨਾਰ ਵਿਚ ਭਾਰਤ ਪਾਕਿਸਤਾਨ ਦੇ ਤਿੰਨ ਸਰਹੱਦੀ ਪਿੰਡਾਂ ਦੇ ਸਰਪੰਚ ਅਤੇ ਪੰਚਾਇਤ ਮੈਂਬਰਾਂ ਨੇ ਕੀਤੀ ਸ਼ਮੂਲੀਅਤ
ਫ਼ਿਰੋਜ਼ਪੁਰ, 10 ਮਾਰਚ (ਜਸਵਿੰਦਰ ਸਿੰਘ ਸੰਧੂ)– ਪੰਜਾਬ ਸਰਕਾਰ ਵਲੋਂ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਸ਼ੁਰੂ ਕੀਤੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਕਾਮਯਾਬ ਕਰਨ ਲਈ ਸਿਵਲ ਸਰਜਨ ਡਾ: ਰਾਜਵਿੰਦਰ ਕੌਰ ਦੇ ਦਿਸ਼ਾ–ਨਿਰਦੇਸ਼ਾਂ ਅਨੁਸਾਰ ਅੱਜ ਭਾਰਤ ਪਾਕਿਸਤਾਨ ਦੇ ਸਰਹੱਦੀ ਪਿੰਡ ਜੱਲੋ ਕੇ ਵਿਖ਼ੇ ਜਾਗਰੂਕਤਾ ਸੈਮੀਨਾਰ ਕੀਤਾ ਗਿਆ। ਸੈਮੀਨਾਰ ਵਿਚ ਪਿੰਡ ਜੱਲੋ ਕੇ ਤੋਂ ਇਲਾਵਾ ਪਿੰਡ ਚੂਹੜੀ ਵਾਲਾ, ਪਿੰਡ ਖੁੰਦਰ ਗੱਟੀ, ਪਿੰਡ ਭਾਨੇਵਾਲਾ ਅਤੇ ਪਿੰਡ ਗੱਟੀ ਰਹੀਮੇ ਕੇ ਦੇ ਸਰਪੰਚਾ,ਪੰਚਾਇਤ ਮੈਂਬਰਾਂ ਅਤੇ ਭਾਰੀ ਗਿਣਤੀ ਵਿਚ ਨੌਜਵਾਨ ਪਿੰਡ ਵਾਸੀ ਸ਼ਾਮਿਲ ਹੋਏ। ਜਾਗਰੂਕਤਾ ਸੈਮੀਨਾਰ ਦੌਰਾਨ ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਸੰਜੀਵ ਸ਼ਰਮਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਨਸ਼ਿਆਂ ਦੇ ਖਾਤਮੇ ਲਈ ਸਰਕਾਰ ਦੇ ਇਸ ਫੈਸਲੇ ਸਬੰਧੀ ਜੇਕਰ ਅਸੀਂ ਹੁਣ ਵੀ ਸੁਚੇਤ ਨਾ ਹੋਏ ਤਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸ ਦੇ ਗੰਭੀਰ ਨਤੀਜੇ ਭੁਗਤਣੇ ਪੈਣਗੇ। ਉਨ੍ਹਾਂ ਕਿਹਾ ਕਿ ਸ਼ਹੀਦਾਂ ਦੀ ਧਰਤੀ ਫ਼ਿਰੋਜ਼ਪੁਰ ਨੂੰ ਨਸ਼ਾ ਮੁਕਤ ਕਰਨ ਲਈ ਸਮੂਹ ਲੋਕਾਂ ਖਾਸਕਰ ਨੌਜਵਾਨਾਂ ਦੇ ਸਹਿਯੋਗ ਦੀ ਲੋੜ ਹੈ। ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਵਿੱਚ ਪੰਚਾਇਤਾਂ ਦਾ ਮਹੱਤਵਪੂਰਨ ਰੋਲ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਦਾ ਵੱਧ ਰਿਹਾ ਰੁਝਾਨ ਅੱਜ ਇੱਕ ਗੰਭੀਰ ਚੁਣੌਤੀ ਬਣਿਆ ਹੋਇਆ ਹੈ ਅਤੇ ਆਪਣੀ ਨੌਜਵਾਨ ਪੀੜ੍ਹੀ ਨੂੰ ਇਸ ਲਾਹਣਤ ਤੋਂ ਬਚਾਉਣ ਲਈ ਹਰੇਕ ਵਰਗ ਦੇ ਲੋਕਾਂ ਦਾ ਸਹਿਯੋਗ ਬਹੁਤ ਜਰੂਰੀ ਹੈ। ਡਿਪਟੀ ਮਾਸ ਮੀਡੀਆ ਅਫ਼ਸਰ ਅੰਕੁਸ਼ ਭੰਡਾਰੀ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਜ਼ਿਲ੍ਹੇ ਫ਼ਿਰੋਜ਼ਪੁਰ ਵਿਖੇ 19 ਓਟ ਸੈਂਟਰਾਂ ਅਤੇ ਸਿਵਲ ਹਸਪਤਾਲ ਫ਼ਿਰੋਜ਼ਪੁਰ ਵਿਖੇ ਸਥਿੱਤ ਨਸ਼ਾ ਛੜਾਓ ਕੇਂਦਰ ਰਾਹੀਂ ਨਸ਼ਾ ਛੱਡਣ ਦੇ ਵਿਅਕਤੀਆਂ ਲਈ ਦਵਾਈਆਂ ਆਦਿ ਦੇ ਪੂਰੇ ਪ੍ਰਬੰਧ ਹਨ। ਨਸ਼ਾਂ ਛੱਡਣ ਦੇ ਇੱਛੁਕ ਵਿਅਕਤੀ ਇਹਨਾਂ ਸੈਂਟਰਾਂ ਤੇ ਬਿਲਕੁੱਲ ਮੁੱਫਤ ਇਲਾਜ਼ ਕਰਵਾ ਸਕਦੇ ਹਨ ਅਤੇ ਨਸ਼ਾ ਛੱਡਣ ਦੀ ਮੁਹਿੰਮ ਵਿੱਚ ਆਪਣਾ ਬਣਦਾ ਯੋਗਦਾਨ ਪਾ ਸਕਦੇ ਹਨ। ਇਸ ਮੌਕੇ ਗੁਰਨਾਮ ਸਿੰਘ ਸਰਪੰਚ, ਮਲਕੀਤ ਸਿੰਘ ਸਰਪੰਚ, ਸੁਖਵਿੰਦਰ ਸਿੰਘ ਸਰਪੰਚ, ਹਰਮੇਸ਼ ਸਿੰਘ ਸਰਪੰਚ, ਜੋਗਿੰਦਰ ਸਿੰਘ ਪੰਚਾਇਤ ਮੈਂਬਰ, ਨਿਸ਼ਾਨ ਸਿੰਘ ਪੰਚਾਇਤ ਮੈਂਬਰ, ਜਗਦੀਸ਼ ਸਿੰਘ ਪੰਚਾਇਤ ਮੈਂਬਰ, ਨਰਿੰਦਰ ਸਿੰਘ ਕਮਿਊਨਿਟੀ ਹੈਲਥ ਅਫਸਰ, ਏ.ਐਨ.ਐਮ ਪੂਨਮ, ਆਸ਼ਾ ਵਰਕਰ ਅਮਰੀਕ ਕੌਰ, ਜੋਤੀ ਅਤੇ ਬਾਜ ਸਿੰਘ ਵੀ ਹਾਜ਼ਰ ਸਨ।



