Punjab

ਸਰਕਾਰ ਨੇ ਸਰਕਾਰੀ ਸਕੂਲਾਂ ’ਚ ਇਹ ਪ੍ਰੋਗਰਾਮ ਕੀਤਾ ਲਾਗੂ

ਜਸਵਿੰਦਰ ਸਿੰਘ ਸੰਧੂ

ਚੰਡੀਗੜ੍ਹ, 22 ਦਸੰਬਰ : ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਸਰਕਾਰੀ ਸਕੂਲਾਂ ਵਿਚ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਆਧਾਰਿਤ ਕਰੀਅਰ ਗਾਈਡੈਂਸ ਨੂੰ ਇੱਕੀਕਰਨ ਕਰਨ ਦੀ ਸ਼ੁਰੂਆਤ ਕੀਤੀ ਹੈ। ਪਾਇਲਟ ਪੜਾਅ ਦੇ ਤਹਿਤ ਸਰਕਾਰੀ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ (ਪੀਐੱਸਈਬੀ) ਤੋਂ ਮਾਨਤਾ ਪ੍ਰਾਪਤ ਸਕੂਲਾਂ ਵਿਚ 25 ਏਆਈ-ਆਧਾਰਿਤ ਕਰੀਅਰ ਗਾਈਡੈਂਸ ਲੈਬੋਰੇਟਰੀਜ਼ ਦਾ ਉਦਘਾਟਨ ਕੀਤਾ। ਸਿੱਖਿਆ ਮੰਤਰੀ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਨੰਗਲ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ), ਆਨੰਦਪੁਰ ਸਾਹਿਬ ਵਿਚ ਇਕੱਠੇ ਇਨ੍ਹਾਂ ਲੈਬੋਰੇਟਰੀਜ਼ ਦਾ ਉਦਘਾਟਨ ਕੀਤਾ। ਐਜੂਕੇਸ਼ਨ-ਟੈਕ ਪਾਰਟਨਰ ‘ਬਿਓਂਡ ਮੈਂਟਰ’ ਦੇ ਸਹਿਯੋਗ ਨਾਲ ਲਾਗੂ ਕੀਤਾ ਗਿਆ ਇਹ ਪ੍ਰੋਗਰਾਮ ਸੂਬੇ ਦੇ ਵਿਦਿਆਰਥੀਆਂ ਨੂੰ ਮੁਫਤ ਕਰੀਅਰ ਗਾਈਡੈਂਸ ਦੇਵੇਗਾ। ਉਨ੍ਹਾਂ ਕਿਹਾ ਕਿ ਪਾਇਲਟ ਪ੍ਰਾਜੈਕਟ ਤਹਿਤ ਕਵਰ ਕੀਤੇ ਗਏ 25 ਸਕੂਲਾਂ ਦੀ ਕਾਰਗੁਜ਼ਾਰੀ, ਵਿਦਿਆਰਥੀਆਂ ਦੇ ਨਤੀਜੇ ਅਤੇ ਕਾਰਜ-ਕੁਸ਼ਲਤਾ ਦੀ ਨੇੜੇ ਤੋਂ ਨਿਗਰਾਨੀ ਕੀਤੀ ਜਾਵੇਗੀ। ਇਸ ਪਹਿਲਕਦਮੀ ਦੇ ਸਫਲਤਾਪੂਰਕ ਲਾਗੂ ਹੋਣ ‘ਤੇ ਪੰਜਾਬ ਭਰ ਵਿਚ ਇਸ ਦੇ ਕ੍ਰਮਬੱਧ ਵਿਸਥਾਰ ਲਈ ਰਾਹ ਸਾਫ ਹੋ ਜਾਵੇਗਾ, ਜਿਸ ਨਾਲ ਪੰਜਾਬ ਆਪਣੇ ਜਨਤਕ ਸਿੱਖਿਆ ਢਾਂਚੇ ਵਿਚ ਯੋਜਨਾਬੱਧ ਏਆਈ-ਆਧਾਰਿਤ ਕਰੀਅਰ ਗਾਈਡੈਂਸ ਨੂੰ ਸ਼ਾਮਲ ਕਰਨ ਵਾਲੇ ਦੇਸ਼ ਦੇ ਮੋਹਰੀ ਸੂਬਿਆਂ ਵਿਚ ਸ਼ਾਮਲ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਕਰੀਅਰ ਗਾਈਡੈਂਸ ਦੀ ਸਹੂਲਤ ਸਿਰਫ ਅਮੀਰਾਂ ਦਾ ਹੱਕ ਨਹੀਂ ਹੋਣਾ ਚਾਹੀਦਾ ਅਤੇ ਅਸੀਂ ਇਸ ਪੱਖ ਨੂੰ ਧਿਆਨ ਵਿਚ ਰੱਖਦੇ ਹੋਏ ਸਰਕਾਰੀ ਸਕੂਲਾਂ ਵਿਚ ਸੰਰਚਨਾਤਮਕ, ਏਆਈ-ਆਧਾਰਿਤ ਕੌਂਸਲਿੰਗ ਸਹੂਲਤ ਪ੍ਰਦਾਨ ਕਰਕੇ ਇਹ ਯਕੀਨੀ ਬਣਾ ਰਹੇ ਹਾਂ ਕਿ ਹਰ ਬੱਚੇ, ਭਾਵੇਂ ਉਸਦਾ ਸਮਾਜਿਕ-ਆਰਥਿਕ ਪਿਛੋਕੜ ਕੁਝ ਵੀ ਹੋਵੇ, ਆਪਣੇ ਭਵਿੱਖ ਬਾਰੇ ਆਪਣੀ ਮਰਜ਼ੀ ਮੁਤਾਬਕ ਚੋਣ ਕਰਨ ਦਾ ਮੌਕਾ ਮਿਲੇ। ਏਆਈ ਆਧਾਰਿਤ ਲੈਬਾਰਟਰੀਆਂ ਦੀ ਕਾਰਜ ਪ੍ਰਕਿਰਿਆ ਦੇ ਬਾਰੇ ਵਿਚ ਜਾਣਕਾਰੀ ਸਾਂਝੀ ਕਰਦੇ ਹੋਏ ਸਿੱਖਿਆ ਮੰਤਰੀ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਡਿਜੀਟਲ ਪਲੇਟਫਾਰਮ ’ਤੇ ਏਆਈ ਆਧਾਰਿਤ ਯੋਗਤਾ ਤੇ ਰੁੱਚੀ ਦੇ ਮੁਲਾਂਕਣ ਪ੍ਰਿਕਿਰਆ ਤੋਂ ਗੁਜ਼ਰਨਾ ਹੋਵੇਗਾ। ਇਹ ਸਿਸਟਮ ਇਕ ਵਿਅਕਤੀਗਤ ਕਰੀਅਰ ਰਿਪੋਰਟ ਤਿਆਰ ਕਰੇਗਾ ਜਿਸ ਵਿਚ ਵਿਦਿਆਰਥੀਆਂ ਦੀ ਸੰਭਾਵਿਤ ਸਿੱਖਿਆ ਤੇ ਵਪਾਰਕ ਰੁਚੀਆਂ ਨੂੰ ਉਜਾਗਰ ਕੀਤਾ ਜਾਵੇਗਾ ਤੇ ਫਿਰ ਪੇਸ਼ੇਵਰ ਸਲਾਹਕਾਰ ਵਿਦਿਆਰਥੀਆਂ ਦੇ ਨਾਲ ਵਨ-ਟੂ ਵਨ ਸੈਸ਼ਨ ਕਰਨਗੇ ਜਿਸ ਵਿਚ ਮਾਤਾ ਪਿਤਾ ਨੂੰ ਸ਼ਾਮਲ ਕਰ ਕੇ ਰਿਪੋਰਟ ’ਤੇ ਚਰਚਾ ਕਰਦੇ ਹੋਏ ਇਕ ਕਾਰਜਸ਼ੀਲ ਯੋਜਨਾ ਤਿਆਰ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਇਹ ਮਾਡਲ ਰਵਾਇਤੀ ਤਰੀਕਿਆਂ ਨਾਲ ਅਲਗ ਤਿਆਰ ਕੀਤਾ ਗਿਆ ਹੈ ਤਾਂ ਜੋ ਸ਼ੁਰੂਆਤੀ ਗੇੜ 6ਵੀਂ ਕਲਾਸ ਤੋਂ ਹੀ ਵਿਦਿਆਰਥੀਆਂ ਦੀ ਰੁਚੀ ਅਨੁਸਾਰ ਵਿਅਕਤੀਗਤ, ਡਾਟਾ-ਆਧਾਰਿਤ ਗਾਈਡੈਂਸ ਪ੍ਰਦਾਨ ਕੀਤੀ ਜਾ ਸਕੇ।

Related Articles

Leave a Reply

Your email address will not be published. Required fields are marked *

Back to top button