
ਨਾਭਾ, 22 ਦਸੰਬਰ : ਲੰਬੇ ਸਮੇ ਤੋਂ ਡਾਕਖਾਨੇ ਅਤੇ ਐੱਲਆਈਸੀ ਵਿੱਚ ਕਮਿਸ਼ਨ ਏਜੰਟ ਦਾ ਕੰਮ ਕਰਦੇ ਵਿਜੇ ਗਰਗ ਦੀ ਧੀ ਮੁਸਕਾਨ ਗਰਗ ਨੇ ਦਿਨ-ਰਾਤ ਪੜ੍ਹਾਈ ਕਰਕੇ ਜੱਜ ਦੀ ਕੁਰਸੀ ਹਾਸਲ ਕੀਤੀ ਹੈ। 23 ਸਾਲਾ ਮੁਸਕਾਨ ਗਰਗ ਨੇ ਆਲ ਇੰਡੀਆ ਵਿੱਚੋ ਕਲੈਡ ਦੇ ਪੇਪਰ ਵਿੱਚੋ 5ਵਾਂ ਰੈਂਕ ਹਾਸਲ ਕਰ ਮਾਂ-ਬਾਪ ਦਾ ਨਾਮ ਰੋਸ਼ਨ ਕੀਤਾ। ਇਸ ਮੌਕੇ ਮੁਸਕਾਨ ਗਰਗ ਨੇ ਦੱਸਿਆ ਕਿ ਉਸ ਦੇ ਮਾਤਾ-ਪਿਤਾ ਦਾ ਉਸ ਨੂੰ ਇਸ ਮੁਕਾਮ ’ਤੇ ਲੈ ਕੇ ਆਉਣ ਵਿੱਚ ਬਹੁਤ ਵੱਡਾ ਯੋਗਦਾਨ ਰਿਹਾ ਹੈ। ਉਨ੍ਹਾਂ ਨੇ ਉਸ ਦੀ ਕੋਈ ਵੀ ਗੱਲ ਨਹੀਂ ਮੋੜੀ। ਉਸ ਨੇ ਕਿਹਾ ਕਿ ਉਸ ਨੂੰ ਸ਼ੌਕ ਸੀ ਕਿ ਜੱਜ ਬਣ ਕੇ ‘ਓਡਰ ਓਡਰ’ ਕਰਨਾ, ਜੋ ਅੱਜ ਮੁਕੰਮਲ ਹੋ ਗਿਆ ਹੈ। ਉਸ ਨੇ ਆਪਣੀ ਇਸ ਪ੍ਰਾਪਤੀ ਲਈ ਪ੍ਰਮਾਤਮਾ ਦਾ ਸ਼ੁਕਰੀਆ ਅਦਾ ਕੀਤਾ। ਇਸ ਮੌਕੇ ਹਰਸ਼ ਬਲੱਡ ਡੋਨਰ ਸੋਸਾਇਟੀ ਦੇ ਪ੍ਰਧਾਨ ਭੁਵੇਸ਼ ਬਾਂਸਲ ਭਾਸ਼ੀ ਅਤੇ ਚੇਅਰਮੈਨ ਜਿਪਸੀ ਬਾਂਸਲ ਨੇ ਦੱਸਿਆ ਕਿ ਇਸ ਪੇਪਰ ਵਿੱਚ ਲਗਪਗ 5000 ਬੱਚਿਆਂ ਨੇ ਪੇਪਰ ਦਿੱਤਾ ਸੀ ਜਿਨ੍ਹਾਂ ਵਿੱਚੋਂ 600 ਦੀ ਸਿਲੈਕਸ਼ਨ ਹੋਈ ਜਿਸ ਵਿੱਚੋਂ 136 ਇੰਟਰਵਿਊ ਲਈ ਚੁਣੇ ਗਏ ਜਿਨ੍ਹਾਂ ਵਿੱਚੋਂ 44 ਬੱਚਿਆਂ ਦੀ ਸਿਲੈਕਸ਼ਨ ਹੋਈ। ਇਸ ਵਿੱਚੋਂ 18 ਜਨਰਲ ਸਨ। ਇੰਨੇ ਬੱਚਿਆਂ ਵਿੱਚੋ ਮੁਸਕਾਨ ਗਰਗ ਨੇ 5ਵਾਂ ਸਥਾਨ ਹਾਸਲ ਕਰ ਕੇ ਜਿੱਥੇ ਮਾਂ-ਬਾਪ ਦਾ ਨਾਮ ਰੋਸ਼ਨ ਕੀਤਾ ਹੈ, ਉਥੇ ਹੀ ਨਾਭਾ ਸ਼ਹਿਰ ਤੇ ਪੰਜਾਬ ਦਾ ਨਾਂ ਰੋਸ਼ਨ ਕੀਤਾ ਹੈ। ਹਰਸ਼ ਬਲੱਡ ਡੋਨਰ ਸੋਸਾਇਟੀ ਤੇ ਅੱਗਰਵਾਲ ਸਮਾਜ ਲਈ ਵੀ ਮਾਣ ਦੀ ਗੱਲ ਹੈ ਕਿ ਮੁਸਕਾਨ ਗਰਗ ਦੇ ਪਿਤਾ ਵਿਜੈ ਗਰਗ ਸੋਸਾਇਟੀ ਦੇ ਸਕੱਤਰ ਹਨ। ਇਸ ਮੌਕੇ ਮੁਸਕਾਨ ਦੇ ਪਿਤਾ ਵਿਜੈ ਗਰਗ ਨੇ ਦੱਸਿਆ ਕਿ ਉਸ ਨੂੰ ਧੀ ਨੇ ਕਦੇ ਵੀ ਤੰਗ ਨਹੀਂ ਕੀਤਾ, ਕਿਸੇ ਚੀਜ਼ ਦੀ ਕੋਈ ਡਿਮਾਂਡ ਵੀ ਨਹੀਂ ਕੀਤੀ, ਇਹ ਮੇਰੀ ਬਹੁਤ ਲਾਇਕ ਧੀ ਹੈ, ਸਾਡੇ ਪਰਿਵਾਰ ਤੇ ਭੋਲੇ ਸ਼ੰਕਰ ਦੀ ਕਿਰਪਾ ਹੋਈ ਹੈ ਜੋ ਮੇਰੀ ਬੇਟੀ ਮੁਸਕਾਨ ਨੇ ਆਪਣੀ ਮਿਹਨਤ ਨਾਲ ਇਹ ਪੇਪਰ ਪਾਸ ਕਰ ਕੇ 5 ਵਾਂ ਰੈਂਕ ਹਾਸਲ ਕੀਤਾ ਹੈ। ਇਸ ਮੌਕੇ ਮੁਸਕਾਨ ਦੀ ਮਾਤਾ ਰੀਮਾ ਗਰਗ ਨੇ ਦੱਸਿਆ ਕਿ ਧੀ ਨੂੰ ਕਾਮਯਾਬ ਬਣਾਉਣ ਵਿੱਚ ਸਭ ਤੋਂ ਵੱਡਾ ਯੋਗਦਾਨ ਪਿਤਾ ਵਿਜੈ ਗਰਗ ਦਾ ਹੈ। ਉਨ੍ਹਾਂ ਕਿਹਾ ਕਿ ਧੀ ਦੀ ਪ੍ਰਾਪਤੀ ’ਤੇ ਉਨ੍ਹਾਂ ਨੂੰ ਵਧਾਈ ਦੇਣ ਲਈ ਲੋਕ ਪਹੁੰਚ ਰਹੇ ਹਨ।



