Punjab

ਸਤਲੁਜ ਦਾ ਵਹਾਅ ਨੀਵਾਂ ਹੋ ਕੇ 39000 ਕਿਊਸਿਕ ਦੇ ਕਰੀਬ ਪੁੱਜਾ

ਲੁਧਿਆਣਾ, 10 ਸਤੰਬਰ : ਸਤਲੁਜ ਦਰਿਆ ਦੇ ਪਾਣੀ ਦੇ ਵਹਾਅ ਦਾ ਪੱਧਰ ਲਗਾਤਾਰ ਨੀਵਾਂ ਹੁੰਦਾ ਜਾ ਰਿਹਾ ਹੈ, ਜਿਸ ਕਰ ਕੇ ਲੋਕਾਂ ਨੇ ਕੁਦਰਤ ਦਾ ਸ਼ੁਕਰਗੁਜਾਰ ਕੀਤਾ ਹੈ। ਪਾਣੀ ਦਾ ਵਹਾਅ ਘਟਣ ਕਰ ਕੇ ਧੁੱਸੀ ਬੰਨ੍ਹ ਨੂੰ ਕਿਸੇ ਪਾਸੇ ਢਾਹ ਲੱਗਣ ਦਾ ਖੌਫ ਵੀ ਘਟਿਆ ਹੈ, ਕਿਉਂਕਿ ਸਸਰਾਲੀ ਕਾਲੋਨੀ ਤੇ ਲਾਢੂਵਾਲ ਦੇ ਲਾਗੇ ਪਿੰਡ ਭੋਲੇਵਾਲ ’ਚ ਧੁੱਸੀ ਬੰਨ੍ਹ ਨੂੰ ਜੋ ਢਾਹ ਲੱਗ ਗਈ ਸੀ, ਨੂੰ ਖੁਰਨ ਤੋਂ ਜ਼ਿਲ੍ਹਾ ਪ੍ਰਸ਼ਾਸ਼ਨ ਤੇ ਲੋਕਾਂ ਨੇ ਹੰਭਲਾ ਮਾਰ ਕੇ ਬਚਾਅ ਲਿਆ ਹੈ। ਸਥਿਤੀ ’ਤੇ ਕੰਟਰੋਲ ਹੋਣ ਪਿੱਛੋਂ ਜਾਨੀ-ਮਾਲੀ ਨੁਕਸਾਨ ਹੋਣ ਤੋਂ ਬਚਾਅ ਕਰ ਲਿਆ ਗਿਆ। ਅੱਜ ਰੁਚੀ ਬਾਵਾ ਉਪ-ਚੇਅਰਮੈਨ ਬਾਲ ਸੁਰੱਖਿਆ ਅਧਿਕਾਰ ਕਮਿਸ਼ਨ ਪੰਜਾਬ ਚੰਡੀਗੜ੍ਹ ਨੇ ਪਿੰਡ ਭੋਲੇਵਾਲ ਜਦੀਦ ਵਿਖੇ ਧੁੱਸੀ ਬੰਨ੍ਹ ਦਾ ਦੌਰਾ ਕੀਤਾ ਤੇ ਇਸ ਦੇ ਨਾਲ ਹੀ ਉਨ੍ਹਾਂ ਪਿੰਡ ਨਵਾਂ ਖਹਿਰਾ ਬੇਟ ਦੇ ਹੜ੍ਹ ਪ੍ਰਭਾਵਿਤ ਲੋਕਾਂ ਨਾਲ ਮਿਲਣੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਪੀੜਤਾਂ ਦੀ ਸਹਾਇਤਾ ਲਈ ਹਰ ਸੰਭਵ ਯਤਨ ਜੁਟਾ ਰਹੀ ਹੈ। ਇਸ ਮੌਕੇ ਸਿੱਖ ਗਲੋਬਲ ਫਾਉੰਡੇਸ਼ਨ ਦੇ ਆਗੂ ਬਲਜੀਤ ਸਿੰਘ ਸੰਧੂ ਤੋਂ ਇਲਾਵਾ ਆਸ-ਅਹਿਸਾਸ ਤੇ ਰਾਣੀ ਪ੍ਰਯਾਤਨ ਚੈਰੀਟੇਬਲ ਟਰੱਸਟ ਦੇ ਮੈਂਬਰ ਵੀ ਮੌਜੂਦ ਸਨ। ਲਾਢੂਵਾਲ-ਫਿਲੌਰ ਦੇ ਵਿਚਾਲਿਓੰ ਦੀ ਵਗ ਰਹੇ ਸਤਲੁਜ ਦਰਿਆ ਦੇ ਫਿਲੌਰ ਸੈਕਸ਼ਨ ਉਪਰ ਤਾਇਨਾਤ ਗੇਜ਼ ਰੀਡਰ ਰਾਮ ਸਰੂਪ ਤੇ ਅਜੈ ਕੁਮਾਰ ਨੇ ਦੱਸਿਆ ਕਿ ਇਸ ਵੇਲੇ ਦਰਿਆ ਦੇ ਪਾਣੀ ਦਾ ਪੱਧਰ 773. 50 ਗੇਜ਼ ਮਾਪਿਆ ਗਿਆ ਹੈ, ਜਦਕਿ ਪਾਣੀ ਦੇ ਵਹਾਅ ਦੀ ਗਤੀ ਲਗਭਗ 39000 ਕਿਊਸਿਕ ’ਤੇ ਚੱਲ ਰਹੀ ਸੀ। ਪਿਛਲੇ ਦਿਨ 8 ਸਤੰਬਰ ਨੂੰ ਪਾਣੀ ਦਾ ਪੱਧਰ 774 ਗੇਜ਼ ਮਾਪਿਆ ਗਿਆ ਸੀ, ਜਦਕਿ ਪਾਣੀ ਦੇ ਵਹਾਅ ਦੀ ਗਤੀ 41000 ਕਿਊਸਿਕ ਚੱਲ ਰਹੀ ਸੀ, 7 ਸਤੰਬਰ ਨੂੰ ਪਾਣੀ ਦਾ ਪੱਧਰ 774. 40 ਗੇਜ਼ ਮਾਪਿਆ ਗਿਆ, ਜਦਕਿ ਪਾਣੀ ਦੇ ਵਹਾਅ ਦੀ ਗਤੀ 49602 ਕਿਊਸਿਕ ਚੱਲ ਰਹੀ ਸੀ। 6 ਸਤੰਬਰ ਨੂੰ ਦਰਿਆ ਦੇ ਪਾਣੀ ਦਾ ਪੱਧਰ 774. 90 ਗੇਜ਼, ਜਦਕਿ ਪਾਣੀ ਦੇ ਵਹਾਅ ਦੀ ਗਤੀ 50972 ਕਿਊਸਿਕ ਚੱਲ ਰਹੀ ਸੀ। ਇਸੇ ਤਰ੍ਹਾਂ ਹੀ 5 ਸਤੰਬਰ ਨੂੰ ਦਰਿਆ ਦੇ ਪਾਣੀ ਦਾ ਪੱਧਰ 775.40 ਗੇਜ਼ ਮਾਪਿਆ ਗਿਆ ਸੀ, ਜਦਕਿ ਪਾਣੀ ਦੇ ਵਹਾਅ ਦੀ ਗਤੀ 57840 ਕਿਊਸਿਕ ਚੱਲ ਰਹੀ ਸੀ। ਦਰਿਆ ਦੇ ਪਾਣੀ ਦੇ ਪੱਧਰ ਦੀ ਉਪਰੋਕਤ ਮਾਤਰਾ ਤੋਂ ਸਪੱਸ਼ਟ ਹੁੰਦਾ ਹੈ ਕਿ ਪਾਣੀ ਦਾ ਵਹਾਅ ਲਗਾਤਾਰ ਘੱਟਦਾ ਜਾ ਰਿਹਾ ਹੈ, ਜਿਸ ਕਰ ਕੇ ਹੜ੍ਹ ਨੂੰ ਲੈ ਕੇ ਲੋਕਾਂ ਦੀ ਚਿੰਤਾ ਖਤਮ ਹੋਈ ਹੈ।

Related Articles

Leave a Reply

Your email address will not be published. Required fields are marked *

Back to top button