Punjab

ਰੁਚੀ ਬਾਵਾ ਨੇ ਹੜ੍ਹ ਪ੍ਰਭਾਵਿਤ ਨਵਾਂ ਖਹਿਰਾ ਬੇਟ ਦਾ ਕੀਤਾ ਦੌਰਾ

ਲੁਧਿਆਣਾ, 10 ਸਤੰਬਰ : ਰੁਚੀ ਬਾਵਾ ਉਪ-ਚੇਅਰਮੈਨ ਪੰਜਾਬ ਰਾਜ ਬਾਲ ਅਧਿਕਾਰ ਕਮਿਸ਼ਨ ਚੰਡੀਗੜ੍ਹ ਪੰਜਾਬ ਸਰਕਾਰ ਨੇ ਹੜ੍ਹ ਪ੍ਰਭਾਵਿਤ ਪਿੰਡ ਨਵਾਂ ਖਹਿਰਾ ਬੇਟ ਪਿੰਡ ਦਾ ਦੌਰਾ ਕੀਤਾ ਤੇ ਹੜ੍ਹ /ਮੀਂਹ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਪਿੰਡ ਵਾਸੀਆਂ ਦੇ ਇਕ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਹੜ੍ਹਾਂ ਤੇ ਤੇਜ਼ ਬਾਰਿਸ਼ ਨੇ ਮਰਦਾਂ /ਔਰਤਾਂ ਸਮੇਤ ਬੱਚਿਆਂ ਦੀ ਸਰੀਰਕ ਤੇ ਮਾਨਸਿਕ ਸਿਹਤ ਉਪਰ ਗਹਿਰਾ ਮਾੜਾ ਪ੍ਰਭਾਵ ਛੱਡਿਆ ਹੈ। ਇਸ ਆਫ਼ਤ ਨੇ ਉਨ੍ਹਾਂ ਦੀ ਸਿੱਖਿਆ ਤੇ ਸਮੁੱਚੀ ਰਹਿਣ-ਸਹਿਣ ਦੀਆਂ ਸਥਿਤੀਆਂ ਨੂੰ ਪ੍ਰਭਾਵਿਤ ਕੀਤਾ ਹੈ। ਬਾਵਾ ਨੇ ਪ੍ਰਭਾਵਿਤ ਪਰਿਵਾਰਾਂ ਤੇ ਬੱਚਿਆਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਦੀਆਂ ਜ਼ਰੂਰਤਾਂ ਤੇ ਚੁਣੌਤੀਆਂ ਨੂੰ ਸਮਝਣ ਲਈ ਉਨ੍ਹਾਂ ਨਾਲ ਸਿੱਧੇ ਤੌਰ ’ਤੇ ਗੱਲ ਕੀਤੀ। ਉਨ੍ਹਾਂ ਨੇ ਬੱਚਿਆਂ ਦੀ ਸਿਹਤ ਤੇ ਭਾਵਨਾਤਮਕ ਤੰਦਰੁਸਤੀ ਦੀ ਧਿਆਨ ਨਾਲ ਜਾਂਚ ਕੀਤੀ ਤੇ ਮਾਪਿਆਂ ਨੂੰ ਸੁਰੱਖਿਅਤ ਵਾਤਾਵਰਣ ਪ੍ਰਦਾਨ ਕਰਨ ’ਚ ਦਰਪੇਸ਼ ਮੁਸ਼ਕਲਾਂ ’ਤੇ ਚਰਚਾ ਕੀਤੀ। ਉਨ੍ਹਾਂ ਹੜ੍ਹ ਪ੍ਰਭਾਵਿਤ ਬੱਚਿਆਂ ਦੀ ਬਿਹਤਰੀ ਲਈ ਡਾਕਟਰੀ ਦੇਖਭਾਲ, ਮਾਨਸਿਕ ਸਿਹਤ ਸਹਾਇਤਾ ਤੇ ਨਿਰਵਿਘਨ ਵਿੱਦਿਅਕ ਮੌਕਿਆਂ ਦੀ ਤੁਰੰਤ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਪਿੰਡ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਡਾਕਟਰੀ ਸਹਾਇਤਾ, ਮਨੋਵਿਗਿਆਨਕ ਸਲਾਹ ਤੇ ਵਿੱਦਿਅਕ ਸਹਾਇਤਾ ਪ੍ਰਦਾਨ ਕਰਨ ਲਈ ਸਥਾਨਕ ਅਧਿਕਾਰੀਆਂ ਨਾਲ ਤਾਲਮੇਲ ਕਰ ਕੇ ਸਾਰੇ ਜ਼ਰੂਰੀ ਉਪਾਅ ਕੀਤੇ ਜਾਣਗੇ। ਉਨ੍ਹਾਂ ਇਹ ਵੀ ਵਾਅਦਾ ਕੀਤਾ ਕਿ ਕਮਿਸ਼ਨ ਸਥਿਤੀ ਦੀ ਨਿਗਰਾਨੀ ਕਰਦਾ ਰਹੇਗਾ ਤੇ ਕੁਦਰਤੀ ਆਫ਼ਤਾਂ ਦੇ ਪ੍ਰਭਾਵਾਂ ਤੋਂ ਬੱਚਿਆਂ ਦੀ ਰੱਖਿਆ ਲਈ ਨਿਰੰਤਰ ਸਹਾਇਤਾ ਪ੍ਰਦਾਨ ਕਰੇਗਾ। ਇਸ ਮੌਕੇ ਬਲਜੀਤ ਸਿੰਘ ਸੰਧੂ ਹੈਲਥ ਇੰਸਪੈਕਟਰ, ਕਮਿਊਨਿਟੀ ਹੈਲਥ ਸੈਂਟਰ, ਕੂੰਮ ਕਲਾਂ ਸਮਾਜ-ਸੇਵੀ ਹਰਪ੍ਰੀਤ ਤੇ ਹੋਰ ਮੈਂਬਰ ਵੀ ਸਨ, ਜੋ ਹੜ੍ਹ ਪ੍ਰਭਾਵਿਤ ਖੇਤਰਾਂ ’ਚ ਰਾਹਤ ਉਪਰਾਲਿਆਂ ਨੂੰ ਮਜ਼ਬੂਤ ਕਰਨ ਤੇ ਬੱਚਿਆਂ ਦੀ ਭਲਾਈ ਦੀ ਰੱਖਿਆ ਲਈ ਯਤਨਾਂ ’ਚ ਸ਼ਾਮਲ ਹੋਏ। ਇਸ ਮੌਕੇ ਆਸ ਅਹਿਸਾਸ, ਜੋ ਇੱਕ ਗੈਰ ਸਰਕਾਰੀ ਸਮਾਜ-ਸੇਵੀ ਸੰਸਥਾ ਹੈ ਨੇ ਰਾਣੀ ਪ੍ਰਯਾਤਨ ਚੈਰੀਟੇਬਲ ਟਰੱਸਟ ਦੇ ਸਹਿਯੋਗ ਨਾਲ ਪ੍ਰਭਾਵਿਤ ਪਰਿਵਾਰਾਂ ਨੂੰ ਤਰਪਾਲਾਂ, ਸਿਹਤ ਕਿੱਟਾਂ, ਸੈਨੇਟਰੀ ਨੈਪਕਿਨ, ਚੱਪਲਾਂ ਤੇ ਹੋਰ ਰਾਹਤ ਸਮੱਗਰੀ ਵੰਡੀ। ਇਸ ਮੌਕੇ ਹੈਰਾਨੀ ਇਸ ਗੱਲ ਦੀ ਹੋਈ ਕਿ ਇਸ ਪਿੰਡ ਦੇ ਬਹੁਤ ਸਾਰੇ ਗਰੀਬ ਪਰਿਵਾਰ ਅਜੇ ਵੀ ਰਸੋਈ ਗੈਸ ਤੋਂ ਵਾਂਝੇ ਹਨ, ਨੂੰ ਗੈਸ-ਸਿਲੰਡਰ ਤੇ ਗੈਸ-ਚੁੱਲ੍ਹਾ ਦਾ ਕੁਨੈਕਸ਼ਨ ਦਿਵਾਉਣ ਲਈ ਵੀ ਰੁਚੀ ਬਾਵਾ ਨੇ ਹਰ ਸੰਭਵ ਸਹਿਯੋਗ ਦੇਣ ਲਈ ਭਰੋਸਾ ਦਿੱਤਾ। ਇਸ ਮੌਕੇ ਲੋਕਾਂ ਨੇ ਦੱਸਿਆ ਕਿ ਸਰਕਾਰ ਵਲੋਂ ਦਿੱਤੇ ਜਾ ਰਹੇ ਮੁਫ਼ਤ ਗੈਸ ਕੁਨੈਕਸ਼ਨ ਲੈਣ ਲਈ ਕਈ ਵਾਰ ਫਾਰਮ ਭਰ ਕੇ ਦਿੱਤੇ ਹਨ ਪਰ ਗੈਸ ਕੁਨੈਕਸ਼ਨ ਤੇ ਸਿਲੰਡਰ ਨਹੀਂ ਮਿਲਿਆ।

Related Articles

Leave a Reply

Your email address will not be published. Required fields are marked *

Back to top button