
ਲੁਧਿਆਣਾ, 3 ਅਗਸਤ : ਲੁਧਿਆਣਾ ਸਾਲ 1954 ’ਚ ਬਣਿਆ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਢੇਰੀ ਦੀ ਐਂਟਰੀ ਬਹੁਤ ਖੁੱਲ੍ਹੀ ਹੈ, ਕਿਉਂਕਿ ਇਸ ਸਕੂਲ ਦੀ ਚਾਰਦੀਵਾਰੀ ਹੀ ਨਹੀਂ ਹੈ। ਸਕੂਲ ’ਚ ਤੁਸੀਂ ਕਿਸੇ ਪਾਸਿਓਂ ਵੀ ਐਂਟਰੀ ਕਰ ਸਕਦੇ ਹੋ। ਸਕੂਲ ਦੀ ਬਿਲਡਿੰਗ ਅਸੁਰੱਖਿਅਤ ਐਲਾਨੀ ਜਾਣ ਤੋਂ ਬਾਅਦ ਪਿਛਲੇ ਸਾਲ ਸਤੰਬਰ 2024 ’ਚ ਬਿਲਡਿੰਗ ਢਾਹ ਦਿੱਤੀ ਗਈ। ਇਸ ਤੋਂ ਬਾਅਦ ਸਕੂਲ ਨੇ ਗਰਾਂਟ ਦੀ ਪਹਿਲੀ ਕਿਸ਼ਤ ਨਾਲ ਇੱਕ ਹਾਲ ਤਾਂ ਤਿਆਰ ਕਰਵਾ ਲਿਆ ਪਰ ਸਕੂਲ ਦੀ ਚਾਰਦੀਵਾਰੀ ਖੜ੍ਹੀ ਹੋਣੀ ਅਜੇ ਵੀ ਬਾਕੀ ਹੈ। ਸਕੂਲ ਦੀ ਚਾਰਦੀਵਾਰੀ ਨਾ ਹੋਣ ਕਰ ਕੇ ਸਕੂਲ ਸਮੇਂ ਦੌਰਾਨ ਜੇਕਰ ਕੋਈ ਵੀ ਜਾਨਵਰ ਸਿੱਧਾ ਸਕੂਲ ਅੰਦਰ ਦਾਖਲ ਹੋ ਜਾਂਦਾ ਹੈ ਤੇ ਬੱਚਿਆਂ ਨੂੰ ਹਾਨੀ ਪਹੁੰਚਾ ਦਿੰਦਾ ਹੈ ਤਾਂ ਇਸ ਦਾ ਕੌਣ ਜ਼ਿੰਮੇਵਾਰ ਹੋਵੇਗਾ? ਜ਼ਿਕਰਯੋਗ ਹੈ ਕਿ ਸਕੂਲ ਦਾ ਇਕ ਹਾਲ ਤਾਂ ਤਿਆਰ ਹੋ ਗਿਆ ਪਰ ਸਕੂਲ ’ਚ ਪੜ੍ਹਨ ਵਾਲੇ ਬੱਚਿਆਂ ਦੀ ਗਿਣਤੀ ਲੱਗਭਗ 210 ਹੈ, ਜਿਸ ਕਰ ਕੇ ਇੱਕ ਹਾਲ ’ਚ ਬੱਚਿਆਂ ਨੂੰ ਬਿਠਾਉਣਾ ਬਹੁਤ ਹੀ ਔਖਾ ਹੈ, ਜਿਸ ਕਰ ਕੇ ਕੁਝ ਬੱਚੇ ਵਰਾਂਡੇ ’ਚ ਬੈਠ ਕੇ ਵੀ ਪੜ੍ਹਦੇ ਹਨ, ਜਿਵੇਂ ਕਿ ਸਭ ਨੂੰ ਪਤਾ ਹੈ ਮੌਨਸੂਨ ਦਾ ਮੌਸਮ ਚੱਲ ਰਿਹਾ ਹੈ, ਮੀਂਹ ਦੌਰਾਨ ਇਸ ਸਕੂਲ ’ਚ ਬੱਚਿਆਂ ਤੇ ਅਧਿਆਪਕਾਂ ਨੂੰ ਕਿੰਨੀ ਕੁ ਮੁਸੀਬਤ ਦਾ ਸਾਹਮਣਾ ਕਰਨਾ ਪੈਂਦਾ ਹੋਵੇਗਾ। ਸਕੂਲ ਦਾ ਸਾਰਾ ਵਿਹੜਾ ਕੱਚਾ ਹੈ। ਮੀਂਹ ਪੈਣ ਦੌਰਾਨ ਚਿੱਕੜ ਹੋਣ ਤੋਂ ਬਾਅਦ ਤਾਂ ਬੱਚਿਆਂ ਦੇ ਨਾਲ-ਨਾਲ ਅਧਿਆਪਕਾਂ ਲਈ ਵੀ ਮੁਸ਼ਕਿਲ ਖੜ੍ਹੀ ਹੋ ਜਾਂਦੀ ਹੈ। ਸਕੂਲ ਦੇ ਆਲੇ-ਦੁਆਲੇ ਨਾਲੀਆਂ ਵੀ ਬਣੀ ਹੋਈ ਹੈ, ਜਿਸ ’ਚ ਅਕਸਰ ਹੀ ਪਾਣੀ ਖੜ੍ਹਾ ਰਹਿੰਦਾ ਹੈ, ਜੋ ਕਿ ਵੱਡੀਆਂ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ, ਕਿਉਂਕਿ ਇਨ੍ਹਾਂ ਮਾਨਸੂਨ ਦੇ ਦਿਨਾਂ ’ਚ ਡੇਂਗੂ ਤੇ ਮਲੇਰੀਆ ਵਰਗੀਆਂ ਬਿਮਾਰੀਆਂ ਦਾ ਫੈਲਣਾ ਆਮ ਗੱਲ ਹੈ। ਇਸ ਦੇ ਨਾਲ ਹੀ ਬੱਚਿਆਂ ਦੀ ਸਿਹਤ ਨੂੰ ਲੈ ਕੇ ਵੀ ਸਵਾਲ ਖੜ੍ਹਾ ਹੁੰਦਾ ਹੈ । ਖ਼ਬਰ ਦਾ ਬਾਕਸ: ਜਲਦੀ ਹੀ ਕਰਾਂਗੇ ਸ਼ਿਫਟ : ਮੁੱਖ ਅਧਿਆਪਕਾ ਗੁਰਪ੍ਰੀਤ ਕੌਰ ਸਕੂਲ ਦੀ ਬਿਲਡਿੰਗ ਦੇ ਕਮਰਿਆਂ ਨੂੰ ਅਸੁਰੱਖਿਅਤ ਐਲਾਨਣ ਤੋਂ ਬਾਅਦ ਉਨ੍ਹਾਂ ਨੂੰ ਢਾਹ ਦਿੱਤਾ ਗਿਆ ਸੀ, ਕਿਉਂਕਿ ਕਿਸੇ ਵੀ ਕਮਰੇ ਦਾ ਲੈਂਟਰ ਕਦੇ ਵੀ ਝੜਨ ਲੱਗ ਜਾਂਦਾ ਸੀ ਤੇ ਬਰਸਾਤਾਂ ਦੇ ਮੌਸਮ ਦੌਰਾਨ ਪਾਣੀ ਚੋਣ ਲੱਗ ਜਾਂਦਾ ਸੀ। ਗ੍ਰਾਮ ਪੰਚਾਇਤ ਵੱਲੋਂ ਸਕੂਲ ਦੀ ਉਸਾਰੀ ਲਈ ਜ਼ਮੀਨ ਦੇ ਦਿੱਤੀ ਗਈ ਹੈ, ਜਿਵੇਂ-ਜਿਵੇਂ ਗਰਾਂਟਾਂ ਆਉਣਗੀਆਂ ਉਸ ਹਿਸਾਬ ਨਾਲ ਜਲਦ ਹੀ ਬਿਲਡਿੰਗ ਨੂੰ ਤਿਆਰ ਕਰ ਲਿਆ ਜਾਵੇਗਾ ਤੇ ਜਲਦ ਹੀ ਸਕੂਲ ਸ਼ਿਫਟ ਕਰ ਲਿਆ ਜਾਵੇਗਾ।



