
ਤਰਨਤਾਰਨ, 3 ਮਾਰਚ- ਥਾਣਾ ਸਿਟੀ ਤਰਨਤਾਰਨ ਦੀ ਪੁਲਿਸ ਨੇ ਗਸ਼ਤ ਦੌਰਾਨ ਇਕ ਸਕਾਰਪਿਓ ਗੱਡੀ ਵਿੱਚੋਂ ਵੱਡੀ ਮਾਤਰਾ ’ਚ ਅੰਗਰੇਜ਼ੀ ਸ਼ਰਾਬ ਬਰਾਮਦ ਕਰਕੇ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਥਾਣਾ ਸਿਟੀ ਦੇ ਮੁਖੀ ਇੰਸਪੈਕਟਰ ਹਰਜਿੰਦਰ ਸਿੰਘ ਨੇ ਦੱਸਿਆ ਕਿ ਏਐੱਸਆਈ ਜਸਪਾਲ ਸਿੰਘ ਦੀ ਅਗਵਾਈ ਵਾਲੀਪੁਲਿਸ ਪਾਰਟੀ ਜਦੋਂ ਗਸ਼ਤ ਦੌਰਾਨ ਸਰਦਾਰ ਇਨਕਲੇਵ ਕੋਲ ਪੁੱਜੀ ਤਾਂ ਇਕ ਕਾਲੇ ਰੰਗ ਦੀ ਸਕਾਰਪਿਓ ਗੱਡੀ ਦੀ ਸ਼ੱਕ ਦੇ ਅਧਾਰ ’ਤੇ ਚੈਕਿੰਗ ਕਰਨ ਦੌਰਾਨ ਉਸ ਵਿੱਚੋਂ 46 ਬੋਤਲਾਂ ਆਫੀਸਰ ਚਾਇਸ ਅਤੇ 12 ਬੋਤਲਾਂ ਮੈਕਡਾਵਲ ਸ਼ਰਾਬ ਦੀਆਂ ਬਰਾਮਦ ਹੋਈਆਂ। ਉਨ੍ਹਾਂ ਦੱਸਿਆ ਕਿ ਗੱਡੀ ਵਿਚ ਸਵਾਰ ਦੋ ਜਣਿਆਂ ਨੂੰ ਗ੍ਰਿਫਤਾਰ ਕਰਕੇ ਆਬਕਾਰੀ ਐਕਟ ਦੇ ਤਹਿਤ ਕੇਸ ਦਰਜ਼ ਕਰ ਲਿਆ ਗਿਆ ਹੈ ਤੇ ਮਾਮਲੇ ਦੀ ਜਾਂਚ ਜਾਰੀ ਹੈ।



