
ਬਾਲ ਕਿਸ਼ਨ
ਫਿਰੋਜ਼ਪੁਰ, 20 ਜੂਨ : ਮਮਦੋਟ ਵਿਖੇ ਦੋ ਵਿਅਕਤੀਆਂ ਤੋਂ ਦੁਖੀ ਹੋ ਕੇ ਇਕ ਵਿਅਕਤੀ ਨੇ ਜ਼ਹਿਰੀਲੀ ਦਵਾਈ ਪੀ ਕੇ ਆਪਣੀ ਜੀਵਨ ਲੀਲਾ ਖਤਮ ਕਰਨ ਦੇ ਮਾਮਲੇ ਵਿਚ ਥਾਣਾ ਮਮਦੋਟ ਪੁਲਿਸ ਨੇ ਉਕਤ ਦੋ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਬੱਬਲ ਕੁਮਾਰ ਪੁੱਤਰ ਰਜਿੰਦਰ ਕੁਮਾਰ ਵਾਸੀ ਪੋਜੋ ਕੇ ਉਤਾੜ ਮਮਦੋਟ ਨੇ ਦੱਸਿਆ ਕਿ ਮਿਤੀ 16 ਜੂਨ 2025 ਨੂੰ ਉਹ ਅਤੇ ਉਸ ਦਾ ਭਰਾ ਓਮ ਪ੍ਰਕਾਸ਼ ਆਪਣੀ ਗੱਡੀ ਨੰਬਰ ਪੀਬੀ 13 ਏ.ਬੀ. 9438 ’ਤੇ ਸਵਾਰ ਹੋ ਕੇ ਫਿਰੋਜ਼ਪੁਰ ਤੋਂ ਮਮਦੋਟ ਜਾ ਰਹੇ ਸੀ ਤਾਂ ਜਦ ਉਹ ਆਪਣੀ ਗੱਡੀ ਤੇ ਨੇੜੇ ਬੱਸ ਅੱਡਾ ਪਿੰਡ ਜੋਧਪੁਰ ਪੁੱਜੇ ਤਾਂ ਅੱਗੇ ਕੈਂਟਰ ਨੰਬਰ ਪੀਬੀ 13 ਜੇ 9066 ਖੜ੍ਹਾ ਸੀ ਤਾਂ ਕੈਂਟਰ ਅੱਗੇ ਖੜ੍ਹਾ ਵੇਖ ਕੇ ਅਸੀਂ ਆਪਣੀ ਗੱਡੀ ਰੋਕ ਦਿੱਤੀ। ਬੱਬਲ ਕੁਮਾਰ ਨੇ ਦੱਸਿਆ ਕਿ ਵਕਤ ਕਰੀਬ 9 ਪੀਐੱਮ ਹੋਵੇਗਾ ਕਿ ਪਿੱਛੇ ਟਰੱਕ ਘੋੜਾ 4018 ਨੰਬਰ ਪੀ.ਬੀ. 04 ਐੱਸ 0219 ਆ ਵੱਜਿਆ, ਜਿਸ ਕਰਕੇ ਤਿੰਨ ਵਿਅਕਤੀ ਫੱਟੜ ਹੋ ਗਏ, ਜਿਨ੍ਹਾਂ ਨਾਲ ਸਾਡਾ ਰਾਜੀਨਾਮਾ ਹੋ ਗਿਆ ਤਾਂ ਗੁਰਮੇਜ ਸਿੰਘ ਉਰਫ ਗੇਜਾ ਪੁੱਤਰ ਸ਼ਾਮ ਸਿੰਘ ਵਾਸੀ ਬੇਟੂ ਕਦੀਮ ਨੇ ਜਾਣ ਬੁੱਝ ਕੇ ਦਲਜੀਤ ਸਿੰਘ ਬਾਬਾ ਪੁੱਤਰ ਤਰਲੋਕ ਸਿੰਘ ਵਾਸੀ ਮਮਦੋਟ ਨੇ ਉਸ ਦੇ ਭਰਾ ਓਮ ਪ੍ਰਕਾਸ਼ ਨੂੰ ਕਿਹਾ ਕਿ ਤੁਸੀਂ ਆਪਣੀ ਗੱਡੀ ਮੇਰੇ ਕਹਿਣ ਤੇ ਕਣਕ ਦੇ ਸੀਜ਼ਨ ਵਿਚ ਢੋਆ ਢੁਆਈ ਵਾਸਤੇ ਨਹੀਂ ਦਿੱਤਾ ਸੀ, ਜਿਸ ਕਰਕੇ ਉਸ ਦਾ ਟੈਂਡਰ ਕੈਂਸਲ ਹੋ ਗਿਆ ਹੈ ਹੁਣ ਉਸ ਨੇ ਗੁਰਮੇਜ ਸਿੰਘ ਪੁੱਤਰ ਸ਼ਾਮ ਸਿੰਘ ਵਾਸੀ ਬੇਟੂ ਕਦੀਮ ਨੂੰ ਦਾਖਲ ਕਰਵਾ ਕੇ ਤੁਹਾਡੇ ਉਪਰ ਐਕਸੀਡੈਂਟ ਨੂੰ ਲੜਾਈ ਦਾ ਰੂਪ ਦੁਆ ਕੇ 307 ਦਾ ਪਰਚਾ ਕਰਵਾ ਦੇਵਾਂਗੇ ਤਾਂ ਕਿ ਤੁਹਾਡਾ ਟਰੱਕ ਥਾਣੇ ਅੰਦਰ ਹੀ ਗਲ ਸੜ ਜਾਵੇਗਾ ਤਾਂ ਬਾਅਦ ਵਿਚ ਦਲਜੀਤ ਸਿੰਘ ਬਾਬਾ ਦੇ ਕਹਿਣ ਤੇ ਗੁਰਮੇਜ ਸਿੰਘ ਨੇ ਅਪਾਣਾ ਰਿਸ਼ਤੇਦਾਰ ਮਿਸਤਰੀ ਤੋਂ ਕਰੈਨ ਮੰਗਵਾ ਕੇ ਉਸ ਦੀ ਗੱਡੀ ਥਾਣੇ ਦੇ ਬਾਹਰ ਸਾਈਡ ’ਤੇ ਲਗਵਾ ਦਿੱਤਾ ਸੀ। ਬੱਬਲ ਨੇ ਦੱਸਿਆ ਕਿ ਜਿਸ ਤੋਂ ਦੁਖੀ ਹੋ ਕੇ ਉਸ ਦੇ ਭਰਾ ਓਮ ਪ੍ਰਕਾਸ਼ ਨੇ ਮਿਤੀ 15 ਜੂਨ 2025 ਨੂੰ ਜ਼ਹਿਰੀਲੀ ਦਵਾਈ ਪੀ ਲਈ, ਜਿਸ ਨਾਲ ਮੌਤ ਹੋ ਗਈ। ਇਸ ਮਾਮਲੇ ਵਿਚ ਥਾਣਾ ਮਮਦੋਟ ਦੀ ਪੁਲਿਸ ਨੇ ਉਕਤ ਦੋਸ਼ੀਅਨ ਖਿਲਾਫ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।



