ਲੈਬ ਟੈਸਟ ਵਿਚ ਹੋਇਆ ਖੁਲਾਸਾ ਸ਼ੰਕਰਾਨੰਦ ਦੀ ਅਸ਼ਲੀਲ ਵੀਡੀਓ ਸਹੀ
ਪੁਲਿਸ ਸ਼ੰਕਰਾਨੰਦ ਖ਼ਿਲਾਫ਼ ਮਿਲੀਆਂ 35 ਸ਼ਿਕਾਇਤਾਂ ’ਤੇ ਵੀ ਕਰੇ ਕਾਰਵਾਈ

ਤਲਵੰਡੀ, 6 ਅਗਸਤ : ਤਲਵੰਡੀ ਧਾਮ ਦੇ ਸਵਾਮੀ ਸ਼ੰਕਰਾਨੰਦ ਦੀ ਪਹਿਲੀ ਵਾਇਰਲ ਅਸ਼ਲੀਲ ਵੀਡੀਓ ਫੇਕ ਨਹੀਂ ਬਲਕਿ ਸਹੀ ਹੈ। ਇਸ ਦੀ ਬਕਾਇਦਾ ਲੈਬ ਰਿਪੋਰਟ ਸਾਹਮਣੇ ਆ ਚੁੱਕੀ ਹੈ। ਇਹ ਦਾਅਵਾ ਅੱਜ ਸਵਾਮੀ ਸ਼ੰਕਰਾਨੰਦ ਵਿਵਾਦ ’ਚ ਸੰਘਰਸ਼ ਕਰ ਰਹੇ ਪਿੰਡ ਵਾਸੀਆਂ ’ਚੋਂ ਪਿੰਡ ਦੇ ਸਾਬਕਾ ਸਰਪੰਚ ਹਰਬੰਸ ਸਿੰਘ ਖਾਲਸਾ ਨੇ ਕੀਤਾ। ਉਨ੍ਹਾਂ ਅੱਜ ਖੁਦ ਸੋਸ਼ਲ ਮੀਡੀਆ ’ਤੇ ਲਾਈਵ ਹੁੰਦਿਆਂ ਦਾਅਵਾ ਕੀਤਾ ਕਿ ਉਨ੍ਹਾਂ ਕੋਲ ਲੈਬ ਰਿਪੋਰਟ ਆ ਚੁੱਕੀ ਹੈ। ਇਸ ਦੌਰਾਨ ਸਾਬਕਾ ਸਰਪੰਚ ਨੇ ਕਿਹਾ ਕਿ ਸਵਾਮੀ ਸ਼ੰਕਰਾਨੰਦ ਦੀ ਅਸ਼ਲੀਲ ਵੀਡੀਓ ਨੂੰ ਵੱਡੀ ਗਿਣਤੀ ’ਚ ਲੋਕ ਫੇਕ ਦੱਸ ਰਹੇ ਸਨ। ਉਨ੍ਹਾਂ ਕਿਹਾ ਕਿ ਪਰ ਇਹ ਵੀਡੀਓ ਫੇਕ ਨਹੀਂ, ਸਹੀ ਹੈ ਅਤੇ ਸਵਾਮੀ ਸ਼ੰਕਰਾਨੰਦ ਨੇ ਹੀ ਮਹਿਲਾ ਸ਼ਰਧਾਲੂ ਨਾਲ ਇਸ ਵੀਡੀਓ ’ਚ ਅਸ਼ਲੀਲ ਹਰਕਤਾਂ ਕੀਤੀਆਂ ਹਨ। ਹੁਣ ਤਾਂ ਦੂਜੀ ਵੀਡੀਓ ਵੀ ਸਾਹਮਣੇ ਆ ਗਈ ਹੈ। ਜਿਸ ਨੂੰ ਦੇਖ ਕੇ ਸ਼ੰਕਰਾਨੰਦ ਵੱਲੋਂ ਸਾਰੀਆਂ ਹੱਦਾਂ ਹੀ ਪਾਰ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਸ ਵੀਡੀਓ ਦੀ ਸੱਚਾਈ ਜਾਨਣ ਲਈ ਬਕਾਇਦਾ ਲੈਬ ਵਿਚ ਭੇਜਿਆ ਗਿਆ। ਲੈਬ ਰਿਪੋਰਟ ਤੋਂ ਸਾਫ ਹੋ ਗਿਆ ਹੈ ਕਿ ਇਸ ਵੀਡੀਓ ’ਚ ਸਵਾਮੀ ਸ਼ੰਕਰਾਨੰਦ ਹੀ ਹੈ, ਨਾ ਕਿ ਇਹ ਵੀਡੀਓ ਫੇਕ ਹੈ। ਉਨ੍ਹਾਂ ਬੀਤੀ ਕੱਲ੍ਹ ਅਦਾਲਤ ਵੱਲੋਂ ਜ਼ਮਾਨਤ ’ਤੇ ਸੁਣਵਾਈ ਦੀ ਤਰੀਕ 12 ਅਗਸਤ ਪਾਉਣ ’ਤੇ ਕਿਹਾ ਕਿ ਹੁਣ ਪੁਲਿਸ ਉਸ ਖ਼ਿਲਾਫ਼ ਆਈਆਂ ਹੋਰ 35 ਸ਼ਿਕਾਇਤਾਂ ’ਤੇ ਕਾਰਵਾਈ ਕਰੇ ਤਾਂ ਕਿ ਲੋਕਾਂ ਨੂੰ ਇਨਸਾਫ ਮਿਲ ਸਕੇ। ਉਨ੍ਹਾਂ ਮੁੱਲਾਂਪੁਰ ਪੁਲਿਸ ਨੂੰ ਵੀ ਚੇਤਾ ਕਰਵਾਇਆ ਕਿ ਪਿਛਲੇ ਦਿਨੀਂ ਸੰਗਤ ਵੱਲੋਂ ਸਵਾਮੀ ਸ਼ੰਕਰਾਨੰਦ ਦੀ ਗ੍ਰਿਫ਼ਤਾਰੀ ਲਈ ਕੌਮੀ ਮਾਰਗ ’ਤੇ ਚੱਕਾ ਜਾਮ ਕੀਤਾ ਗਿਆ ਸੀ। ਜਿਸ ’ਚ ਪੁਲਿਸ ਨੇ 7 ਦਿਨਾਂ ’ਚ ਸ਼ੰਕਰਾਨੰਦ ਦੀ ਗ੍ਰਿਫ਼ਤਾਰੀ ਦਾ ਸੰਗਤ ਨਾਲ ਵਾਅਦਾ ਕੀਤਾ ਸੀ। ਇਹ ਦਿਨ ਪੂਰੇ ਹੋਣ ਨੂੰ ਆਏ ਹਨ, ਜਲਦ ਸ਼ੰਕਰਾਨੰਦ ਨੂੰ ਗ੍ਰਿਫ਼ਤਾਰ ਕੀਤਾ ਜਾਵੇ।



