
ਲੁਧਿਆਣਾ, 13 ਜੂਨ : ਥਾਣਾ ਦਰੇਸੀ ਦੇ ਇਲਾਕੇ ਅਧੀਨ ਆਉਂਦੇ ਇੱਕ ਮੁਹੱਲੇ ਵਿੱਚ 16 ਸਾਲਾ ਇੱਕ ਬੱਚੀ ਨੂੰ ਇਲਾਕੇ ਦੇ ਹੀ ਰਹਿਣ ਵਾਲੇ ਇੱਕ ਵਿਅਕਤੀ ਨੇ ਹਵਸ ਦਾ ਸ਼ਿਕਾਰ ਬਣਾ ਲਿਆ। ਇਸ ਮਾਮਲੇ ਵਿੱਚ ਥਾਣਾ ਦਰੇਸੀ ਦੀ ਪੁਲਿਸ ਨੇ ਕਾਰਾਬਾਰਾ ਰੋਡ ਦੇ ਰਹਿਣ ਵਾਲੇ ਸਮੀਰ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ। ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਕਿ ਬੀਤੇ ਦਿਨ ਉਸਦੀ ਨਾਬਾਲਗ ਬੇਟੀ ਕਰਿਆਨੇ ਦੀ ਦੁਕਾਨ ਤੋਂ ਸਮਾਨ ਲੈਣ ਗਈ ਸੀ। ਲੜਕੀ ਜਦ ਘਰ ਵਾਪਸ ਨਾ ਪਰਤੀ ਤਾਂ ਪਰਿਵਾਰਿਕ ਮੈਂਬਰਾਂ ਨੇ ਉਸਨੂੰ ਲੱਭਣਾ ਸ਼ੁਰੂ ਕੀਤਾ। ਸਾਰੀ ਰਾਤ ਤਲਾਸ਼ ਕਰਨ ਦੇ ਬਾਵਜੂਦ ਲੜਕੀ ਸਬੰਧੀ ਕੋਈ ਸੂਚਨਾ ਨਾ ਮਿਲ ਸਕੀ। ਅਗਲੇ ਦਿਨ ਸਵੇਰੇ ਲੜਕੀ ਘਰ ਪਰਤੀ । ਲੜਕੀ ਨੇ ਪਰਿਵਾਰਿਕ ਮੈਂਬਰਾਂ ਨੂੰ ਜੋ ਕੁਝ ਦੱਸਿਆ ਉਹ ਸੁਣ ਕੇ ਸਾਰੇ ਪਰਿਵਾਰ ਦੇ ਹੋਸ਼ ਉੱਡ ਗਏ। ਲੜਕੀ ਨੇ ਦੱਸਿਆ ਕਿ ਉਹ ਜਿਵੇਂ ਹੀ ਕਰਿਆਨੇ ਦੀ ਦੁਕਾਨ ਤੋਂ ਸਮਾਨ ਖਰੀਦ ਕੇ ਘਰ ਵਾਪਸ ਆ ਰਹੀ ਸੀ ਤਾਂ ਰਸਤੇ ਵਿੱਚ ਉਸਨੂੰ ਸਮੀਰ ਮਿਲਿਆ। ਮੁਲਜ਼ਮ ਲੜਕੀ ਨੂੰ ਕੁਝ ਖਵਾਉਣ ਦੇ ਬਹਾਨੇ ਆਪਣੇ ਕਮਰੇ ਵਿੱਚ ਲੈ ਗਿਆ। ਮੁਲਜ਼ਮ ਨੇ ਬੱਚੀ ਨਾਲ ਸਾਰੀ ਰਾਤ ਜਬਰ-ਜਨਾਹ ਕੀਤਾ। ਉਧਰੋਂ ਜਿਵੇਂ ਹੀ ਇਸ ਮਾਮਲੇ ਸਬੰਧੀ ਥਾਣਾ ਦਰੇਸੀ ਦੀ ਪੁਲਿਸ ਨੂੰ ਜਾਣਕਾਰੀ ਮਿਲੀ ਤਾਂ ਪੁਲਿਸ ਨੇ ਤੁਰੰਤ ਕਾਰਵਾਈ ਸ਼ੁਰੂ ਕੀਤੀ । ਜਾਂਚ ਅਧਿਕਾਰੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਕਾਰਾਬਾਰਾ ਰੋਡ ਦੇ ਰਹਿਣ ਵਾਲੇ ਸਮੀਰ ਖਿਲਾਫ ਮੁਕੱਦਮਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਨੂੰ ਸ਼ੁੱਕਰਵਾਰ ਦੁਪਹਿਰ ਤੋਂ ਬਾਅਦ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।



