ਲੁਧਿਆਣਾ ‘ਚ ਚੋਰਾਂ ਦੇ ਹੌਸਲੇ ਬੁਲੰਦ
ਕੱਪੜਾ ਧਵਾਈ ਫੈਕਟਰੀ 'ਚ 15 ਦਿਨਾਂ ਕੀਤੀ ਦੂਜੀ ਵੱਡੀ ਚੋਰੀ, ਲੱਖਾਂ ਦਾ ਮਾਲ ਸਾਫ਼

ਲੁਧਿਆਣਾ,11 ਜਨਵਰੀ: ਥਾਣਾ ਸਲੇਮ ਟਾਬਰੀ ਦੇ ਅਧੀਨ ਪੈਂਦੇ ਅਮਰ ਨਗਰ ਇਲਾਕੇ ਵਿੱਚ ਸਥਿਤ ਇੱਕ ਕੱਪੜਾ ਧਵਾਈ ਫੈਕਟਰੀ ਵਿੱਚ 15 ਦਿਨਾਂ ਦੇ ਅੰਦਰ ਦੂਜੀ ਵਾਰ ਵੱਡੀ ਚੋਰੀ ਦੀ ਵਾਰਦਾਤ ਸਾਹਮਣੇ ਆਈ ਹੈ। ਚੋਰ ਫੈਕਟਰੀ ਤੋਂ ਲੱਖਾਂ ਰੁਪਏ ਦਾ ਕੱਪੜਾ ਚੋਰੀ ਕਰਕੇ ਫਰਾਰ ਹੋ ਗਏ ਹਨ, ਜਿਸ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਫੈਕਟਰੀ ਦੇ ਮਾਲਕ ਸੋਨੂ ਕੁਮਾਰ ਨੇ ਦੱਸਿਆ ਕਿ 15 ਦਿਨ ਪਹਿਲਾਂ ਵੀ ਫੈਕਟਰੀ ਵਿੱਚ ਚੋਰੀ ਹੋਈ ਸੀ, ਜਿਸ ਦੀ ਸੂਚਨਾ ਥਾਣਾ ਸਲੇਮ ਟਾਬਰੀ ਨੂੰ ਦਿੱਤੀ ਗਈ ਸੀ। ਇਸ ਤੋਂ ਬਾਅਦ ਇੱਕ ਨਿੱਜੀ ਸੁਰੱਖਿਆ ਕੰਪਨੀ ਨਾਲ ਟਾਈਅਪ ਕਰਕੇ ਸਕਿਓਰਟੀ ਗਾਰਡ ਤਾਇਨਾਤ ਕੀਤਾ ਗਿਆ ਸੀ। ਉਹਨਾਂ ਦੱਸਿਆ ਕਿ ਸ਼ਨੀਵਾਰ ਰਾਤ ਫੈਕਟਰੀ ਵਿੱਚ ਕੱਪੜੇ ਧਵਾਈ ਦਾ ਕੰਮ ਚੱਲ ਰਿਹਾ ਸੀ। ਰਾਤ ਕਰੀਬ 12 ਵਜੇ ਲੇਬਰ ਕੰਮ ਬੰਦ ਕਰਕੇ ਅੰਦਰ ਹੀ ਸੁੱਤੀ, ਜਿਸ ਤੋਂ ਬਾਅਦ ਸਕਿਓਰਟੀ ਗਾਰਡ ਵੀ ਫੈਕਟਰੀ ਦੇ ਅੰਦਰ ਜਾ ਕੇ ਸੌਂ ਗਿਆ। ਇਸ ਮੌਕੇ ਦਾ ਫਾਇਦਾ ਚੁੱਕਦੇ ਹੋਏ ਐਤਵਾਰ ਸਵੇਰ 2 ਵਜੇ ਚੋਰ ਕੰਧ ਟੱਪ ਕੇ ਅੰਦਰ ਦਾਖਲ ਹੋ ਗਿਆ ਅਤੇ ਸਭ ਤੋਂ ਪਹਿਲਾਂ ਸੀਸੀਟੀਵੀ ਕੈਮਰਿਆਂ ਦੀ ਤਾਰ ਕੱਟ ਦਿੱਤੀ। ਇਸ ਤੋਂ ਬਾਅਦ ਚੋਰ ਸ਼ਰਟਾਂ ਨਾਲ ਭਰਿਆ 323 ਪੀਸਾਂ ਦਾ ਬੋਰਾ ਚੋਰੀ ਕਰਕੇ ਮੌਕੇ ਤੋਂ ਫਰਾਰ ਹੋ ਗਏ। ਚੋਰੀ ਦੀ ਘਟਨਾ ਤੋਂ ਬਾਅਦ ਫੈਕਟਰੀ ਮਾਲਕ ਵੱਲੋਂ ਇਸ ਮਾਮਲੇ ਸਬੰਧੀ ਥਾਣਾ ਸਲੇਮ ਟਾਬਰੀ ਵਿੱਚ ਲਿਖਤੀ ਸ਼ਿਕਾਇਤ ਦਿੱਤੀ ਗਈ। ਤਫਤੀਸ਼ੀ ਅਫਸਰ ਹਰਮੇਸ਼ ਲਾਲ ਵੱਲੋਂ ਸਕਿਓਰਟੀ ਗਾਰਡ ਅਤੇ ਨਿੱਜੀ ਸੁਰੱਖਿਆ ਕੰਪਨੀ ਦੇ ਮਾਲਕਾਂ ਨਾਲ ਡੂੰਘੀ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਸਬੰਧੀ ਸਹਾਇਕ ਥਾਣੇਦਾਰ ਹਰਮੇਸ਼ ਲਾਲ ਨੇ ਦੱਸਿਆ ਕਿ ਪੁਲਿਸ ਨੂੰ ਸ਼ਿਕਾਇਤ ਪ੍ਰਾਪਤ ਹੋ ਚੁੱਕੀ ਹੈ ਅਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਜਲਦ ਹੀ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।



