Punjab

ਚੰਡੀਗੜ੍ਹ ਮੇਅਰ ਚੋਣਾਂ ਤੋਂ ਪਹਿਲਾਂ ਪੰਜਾਬ ਪੁਲਿਸ ਨੇ ਕੌਂਸਲਰ ਦੀ ਭਾਬੀ ਨੂੰ ਕੀਤਾ ਗ੍ਰਿਫ਼ਤਾਰ

ਭਾਜਪਾ ਨੇ 'ਆਪ' 'ਤੇ ਦਬਾਅ ਦੀ ਰਾਜਨੀਤੀ ਦਾ ਲਗਾਇਆ ਦੋਸ਼

ਜਸਵਿੰਦਰ ਸਿੰਘ ਸੰਧੂ

ਚੰਡੀਗੜ੍ਹ, 11 ਜਨਵਰੀ ਮੇਅਰ ਚੋਣਾਂ ਤੋਂ ਠੀਕ ਪਹਿਲਾਂ ਪੰਜਾਬ ਪੁਲਿਸ ਦੀ ਕਾਰਵਾਈ ਨੇ ਚੰਡੀਗੜ੍ਹ ਵਿੱਚ ਮਾਹੌਲ ਬਹੁਤ ਗਰਮਾ ਦਿੱਤਾ ਹੈ। ਵਾਰਡ ਨੰਬਰ-4 ਤੋਂ ਭਾਜਪਾ ਕੌਂਸਲਰ ਸੁਮਨ ਦੇਵੀ ਦੀ ਭਰਜਾਈ ਨੂੰ ਮੋਹਾਲੀ ਦੇ ਸੋਹਾਣਾ ਥਾਣਾ ਪੁਲਿਸ ਨੇ ਚੰਡੀਗੜ੍ਹ ਦੇ ਆਈ.ਟੀ. ਪਾਰਕ ਸਥਿਤ ਉਨ੍ਹਾਂ ਦੇ ਘਰੋਂ ਐਤਵਾਰ ਤੜਕਸਾਰ ਗ੍ਰਿਫ਼ਤਾਰ ਕਰ ਲਿਆ। ਭਾਜਪਾ ਨੇ ਇਸ ਕਾਰਵਾਈ ਨੂੰ ਸ਼ਰੇਆਮ ਗੁੰਡਾਗਰਦੀ ਅਤੇ ਸਿਆਸੀ ਦਬਾਅ ਦੀ ਕਾਰਵਾਈ ਦੱਸਦਿਆਂ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ‘ਤੇ ਗੰਭੀਰ ਦੋਸ਼ ਲਗਾਏ ਹਨ। ਕੌਂਸਲਰ ਸੁਮਨ ਦੇਵੀ ਕੁਝ ਦਿਨ ਪਹਿਲਾਂ ਹੀ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਸਨ। ਉਨ੍ਹਾਂ ਦੇ ਪਰਿਵਾਰ ਦਾ ਦੋਸ਼ ਹੈ ਕਿ ਪੁਲਿਸ ਬਿਨਾਂ ਕੋਈ ਜਾਣਕਾਰੀ ਦਿੱਤੇ ਅਚਾਨਕ ਘਰ ਵਿੱਚ ਵੜੀ ਅਤੇ ਮਹਿਲਾ ਨੂੰ ਹਿਰਾਸਤ ਵਿੱਚ ਲੈ ਗਈ। ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਗ੍ਰਿਫ਼ਤਾਰੀ ਦਾ ਕਾਰਨ ਤੱਕ ਨਹੀਂ ਦੱਸਿਆ ਗਿਆ। ਦੂਜੇ ਪਾਸੇ ਮੋਹਾਲੀ ਪੁਲਿਸ ਨੇ ਅਜੇ ਤੱਕ ਇਸ ਮਾਮਲੇ ਵਿੱਚ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਹੈ। ਭਾਜਪਾ ਵਰਕਰਾਂ ਨੇ ਮਨੀਮਾਜਰਾ ਥਾਣਾ ਘੇਰਿਆ ਗ੍ਰਿਫ਼ਤਾਰੀ ਦੀ ਖ਼ਬਰ ਮਿਲਦਿਆਂ ਹੀ ਭਾਜਪਾ ਚੰਡੀਗੜ੍ਹ ਦੇ ਪ੍ਰਧਾਨ ਜਤਿੰਦਰ ਪਾਲ ਮਲਹੋਤਰਾ, ਕਈ ਕੌਂਸਲਰ ਅਤੇ ਦਰਜਨਾਂ ਵਰਕਰ ਮਨੀਮਾਜਰਾ ਪੁਲਿਸ ਸਟੇਸ਼ਨ ਦੇ ਬਾਹਰ ਪਹੁੰਚ ਗਏ ਅਤੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਭਾਜਪਾ ਆਗੂਆਂ ਦਾ ਕਹਿਣਾ ਹੈ ਕਿ ਇਹ ਵਿਰੋਧੀ ਆਗੂਆਂ ਨੂੰ ਡਰਾਉਣ ਦੀ ਕੋਸ਼ਿਸ਼ ਹੈ। 29 ਜਨਵਰੀ ਨੂੰ ਹੋਣੀਆਂ ਹਨ ਚੋਣਾਂ ਜ਼ਿਕਰਯੋਗ ਹੈ ਕਿ ਚੰਡੀਗੜ੍ਹ ਨਗਰ ਨਿਗਮ ਵਿੱਚ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਅਹੁਦਿਆਂ ਲਈ ਚੋਣਾਂ 29 ਜਨਵਰੀ ਨੂੰ ਹੋਣੀਆਂ ਹਨ। ਇਸੇ ਦਿਨ ਮੌਜੂਦਾ ਮੇਅਰ ਦਾ ਕਾਰਜਕਾਲ ਖ਼ਤਮ ਹੋਵੇਗਾ ਅਤੇ ਨਤੀਜੇ ਵੀ ਉਸੇ ਦਿਨ ਆਉਣਗੇ। ਖ਼ਾਸ ਗੱਲ ਇਹ ਹੈ ਕਿ ਆਮ ਆਦਮੀ ਪਾਰਟੀ ਨੇ ਹਾਲ ਹੀ ਵਿੱਚ ਕਾਂਗਰਸ ਨਾਲ ਆਪਣਾ ਗਠਜੋੜ ਤੋੜ ਦਿੱਤਾ ਹੈ, ਜਿਸ ਨਾਲ ਚੋਣ ਸਮੀਕਰਨ ਪੂਰੀ ਤਰ੍ਹਾਂ ਬਦਲ ਗਏ ਹਨ। ਭਾਜਪਾ ਕੋਲ 18 ਕੌਂਸਲਰ ਚੰਡੀਗੜ੍ਹ ਨਗਰ ਨਿਗਮ ਵਿੱਚ ਕੁੱਲ 35 ਕੌਂਸਲਰ ਅਤੇ ਇੱਕ ਸੰਸਦ ਮੈਂਬਰ ਵੋਟ ਪਾਉਂਦੇ ਹਨ। ਭਾਜਪਾ ਕੋਲ ਇਸ ਸਮੇਂ 18 ਕੌਂਸਲਰ ਹਨ। ਹਾਲ ਹੀ ਵਿੱਚ ਸੁਮਨ ਦੇਵੀ ਅਤੇ ਪੂਨਮ ਦੇ ਭਾਜਪਾ ਵਿੱਚ ਆਉਣ ਨਾਲ ਪਾਰਟੀ ਦੀ ਸਥਿਤੀ ਹੋਰ ਮਜ਼ਬੂਤ ਹੋਈ ਹੈ। ਜੇਕਰ ਕਾਂਗਰਸ ਅਤੇ ‘ਆਪ’ ਇਕੱਠੇ ਰਹਿੰਦੇ ਤਾਂ ਉਨ੍ਹਾਂ ਦੀਆਂ ਵੀ ਕੁੱਲ 18 ਵੋਟਾਂ ਬਣਦੀਆਂ, ਪਰ ਗਠਜੋੜ ਟੁੱਟਣ ਨਾਲ ਹੁਣ ਭਾਜਪਾ ਨੂੰ ਬੜ੍ਹਤ ਮਿਲਦੀ ਦਿਖਾਈ ਦੇ ਰਹੀ ਹੈ। ਇਸ ਵਾਰ ਵੋਟਿੰਗ ਗੁਪਤ ਬੈਲਟ ਦੀ ਬਜਾਏ ਹੱਥ ਖੜ੍ਹੇ ਕਰਕੇ ਹੋਵੇਗੀ, ਜਿਸ ਕਾਰਨ ਕਰਾਸ-ਵੋਟਿੰਗ ਦੀ ਸੰਭਾਵਨਾ ਨਹੀਂ ਰਹਿੰਦੀ।

Related Articles

Leave a Reply

Your email address will not be published. Required fields are marked *

Back to top button