
ਮੋਗਾ, 30 ਨਵੰਬਰ : ਬੀਤੀ ਰਾਤ ਮੋਗਾ ਸ਼ਹਿਰ ਵਿੱਚ ਇੱਕ ਦੁੱਖਦਾਈ ਘਟਨਾ ਸਾਹਮਣੇ ਆਈ, ਜਿਥੇ ਲਾਇਸੈਂਸੀ ਰਿਵਾਲਵਰ ’ਚੋਂ ਗੋਲੀ ਲੱਗਣ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਮੁਤਾਬਕ, ਮ੍ਰਿਤਕ ਦੀ ਪਛਾਣ ਝਿਰਮਿਲ ਸਿੰਘ ਪੁੱਤਰ ਬਲਦੇਵ ਸਿੰਘ ਵਜੋਂ ਹੋਈ ਹੈ, ਜੋ ਆਪਣੇ ਪਰਿਵਾਰ ਨਾਲ ਮਿਲ ਕੇ ਦੁੱਧ ਵਾਲੀ ਡੇਅਰੀ ਦਾ ਕੰਮ ਕਰਦਾ ਸੀ। ਇਸ ਮੌਕੇ ਸਿਟੀ ਪੁਲਿਸ ਸਟੇਸ਼ਨ ਮੋਗਾ ਦੇ ਇੰਚਾਰਜ ਇੰਸਪੈਕਟਰ ਵਰੁਣ ਕੁਮਾਰ ਨੇ ਦੱਸਿਆ ਕਿ ਝਿਰਮਿਲ ਸਿੰਘ ਬੀਤੀ ਰਾਤ ਇਕ ਵਿਆਹ ਸਮਾਰੋਹ ਤੋਂ ਘਰ ਵਾਪਸ ਆਇਆ ਸੀ। ਘਰ ਆਉਣ ਤੋਂ ਕੁਝ ਹੀ ਸਮੇਂ ਬਾਅਦ ਉਸ ਨੇ ਆਪਣੇ ਲਾਇਸੈਂਸੀ ਰਿਵਾਲਵਰ ਦਾ ਚੈਂਬਰ ਬਾਹਰ ਕੱਢਿਆ ਅਤੇ ਅਚਾਨਕ ਟ੍ਰਿਗਰ ਦਬ ਜਾਣ ਕਰਕੇ ਗੋਲੀ ਚੱਲ ਪਈ। ਗੋਲੀ ਸਿੱਧੀ ਉਸ ਨੂੰ ਲੱਗੀ, ਜਿਸ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਿਆ। ਇਸ ਮੌਕੇ ਪਰਿਵਾਰਕ ਮੈਂਬਰਾਂ ਵੱਲੋਂ ਉਸ ਨੂੰ ਤੁਰੰਤ ਸਿਵਲ ਹਸਪਤਾਲ ਮੋਗਾ ਲਿਜਾਇਆ ਗਿਆ ਪਰ ਡਾਕਟਰਾਂ ਨੇ ਜਾਂਚ ਦੌਰਾਨ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਮੌਕੇ ਇੰਸਪੈਕਟਰ ਵਰੁਣ ਕੁਮਾਰ ਨੇ ਦੱਸਿਆ ਕਿ ਪਰਿਵਾਰ ਵੱਲੋਂ ਦਿੱਤੇ ਬਿਆਨਾਂ ਦੇ ਆਧਾਰ ’ਤੇ ਪੁਲਿਸ ਨੇ ਧਾਰਾ 194 ਬੀ.ਐੱਨ.ਐੱਸ. ਅਧੀਨ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸਿਵਲ ਹਸਪਤਾਲ ਵਿੱਚ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਮ੍ਰਿਤਕ ਦੀ ਲਾਸ਼ ਪਰਿਵਾਰ ਦੇ ਹਵਾਲੇ ਕਰ ਦਿੱਤੀ ਗਈ ਹੈ। ਘਟਨਾ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਹੈ, ਜਦਕਿ ਪੁਲਿਸ ਵੱਲੋਂ ਇਸ ਸਬੰਧੀ ਹੋਰ ਜਾਂਚ ਜਾਰੀ ਹੈ।



