Punjab

ਰੱਖੜੀ ਦਾ ਤਿਉਹਾਰ ਭਲਕੇ, ਰੰਗ-ਬਿਰੰਗੀਆਂ ਰੱਖੜੀਆਂ ਨਾਲ ਸਜ ਗਈਆਂ ਦੁਕਾਨਾਂ

ਤਰਨਤਾਰਨ, 8 ਅਗਸਤ : ਭੈਣ-ਭਰਾ ਦੇ ਪਿਆਰ ਦਾ ਪ੍ਰਤੀਕ ਰੱਖੜੀ ਦਾ ਤਿਉਹਾਰ ਸ਼ਨਿਚਰਵਾਰ ਨੂੰ ਮਨਾਇਆ ਜਾਣਾ ਹੈ। ਇਸ ਤੋਂ ਪਹਿਲਾਂ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ’ਚ ਰੰਗ-ਬਿਰੰਗੀਆਂ ਰੱਖੜੀਆਂ ਦੀਆਂ ਦੁਕਾਨਾਂ ਸਜ ਗਈਆਂ ਹਨ। ਇਨ੍ਹਾਂ ਦੁਕਾਨਾਂ ’ਤੇ 10 ਤੋਂ 500 ਰੁਪਏ ਤੱਕ ਦੀ ਰੱਖੜੀ ਜਿੱਥੇ ਉਪਲੱਬਧ ਹੈ, ਉੱਥੇ ਹੀ ਬੱਚਿਆਂ ਨੂੰ ਆਕਰਸ਼ਿਤ ਕਰਨ ਵਾਲੀਆਂ ਰੱਖੜੀਆਂ ਦੀ ਵੀ ਧੂਮ ਮਚੀ ਹੋਈ ਹੈ। ਹਾਲਾਂਕਿ ਰੰਗ-ਬਿਰੰਗੀਆਂ ਰੌਸ਼ਨੀਆਂ ਕੱਢਣ ਤੇ ਵੱਖ-ਵੱਖ ਕਾਰਟੂਨ ਕਰੈਕਟਰਾਂ ਵਾਲੀਆਂ ਰੱਖੜੀਆਂ ਬੱਚਿਆਂ ਲਈ ਖਿੱਚ ਦਾ ਕੇਂਦਰ ਬਣੀਆਂ ਹੋਈਆਂ ਹਨ। ਤਰਨਤਾਰਨ ਦੇ ਅੱਡਾ ਬਾਜ਼ਾਰ, ਸ੍ਰੀ ਦਰਬਾਰ ਸਾਹਿਬ ਬਾਜ਼ਾਰ, ਤਹਿਸੀਲ ਬਾਜ਼ਾਰ, ਗੁਰੂ ਬਾਜ਼ਾਰ ਦੀਆਂ ਦੁਕਾਨਾਂ ’ਤੇ ਜਿੱਥੇ ਵੱਡੀ ਮਾਤਰਾ ’ਚ ਰੱਖੜੀਆਂ ਸਜਾਈਆਂ ਜਾ ਚੁੱਕੀਆਂ ਹਨ, ਉੱਥੇ ਹੀ ਬੋਹੜੀ ਵਾਲਾ ਚੌਕ ’ਚ ਕਈ ਆਰਜ਼ੀ ਦੁਕਾਨਾਂ ਵੀ ਲੱਗੀਆਂ ਹਨ, ਜਿਨ੍ਹਾਂ ’ਤੇ ਰੱਖੜੀ ਖਰੀਦਣ ਲਈ ਔਰਤਾਂ ਦੀਆਂ ਕਤਾਰਾਂ ਲੱਗੀਆਂ ਹੋਈਆਂ ਹਨ। ਰੇਸ਼ਮੀ ਧਾਗਿਆਂ ਤੋਂ ਇਲਾਵਾ ਵੱਖ-ਵੱਖ ਮੋਤੀਆਂ ਨਾਲ ਸ਼ਿੰਗਾਰੀਆਂ ਰੱਖੜੀਆਂ ਜਿੱਥੇ ਦੁਕਾਨਾਂ ’ਤੇ ਮੌਜੂਦ ਹਨ, ਉੱਥੇ ਹੀ ਬੱਚਿਆਂ ਲਈ ਵੀ ਬੇਸ਼ੁਮਾਰ ਕਿਸਮਾਂ ਦੀਆਂ ਰੱਖੜੀਆਂ ਦੁਕਾਨਾਂ ਦਾ ਸ਼ਿੰਗਾਰ ਬਣੀਆਂ ਹੋਈਆਂ ਹਨ। ਸਪਾਈਡਰ ਮੈਨ, ਡੋਰੇਮੋਨ, ਮਿੱਕੀ ਮਾਊਸ, ਮੋਬਾਈਲ ਫੋਨ ਤੇ ਘੜੀ ਵਰਗੀਆਂ ਰੱਖੜੀਆਂ ਤੇ ਇਨ੍ਹਾਂ ’ਚ ਜਗਦੀਆਂ ਰੰਗ-ਬਿਰੰਗੀਆਂ ਲਾਈਟਾਂ ਬੱਚਿਆਂ ਦੇ ਮਨਾਂ ਨੂੰ ਭਾਅ ਰਹੀਆਂ ਹਨ। ਭਰਾਵਾਂ ਦੇ ਨਾਲ-ਨਾਲ ਭਰਜਾਈਆਂ ਨੂੰ ਬੰਨ੍ਹਣ ਲਈ ਲਈ ਵਿਸ਼ੇਸ਼ ਤਰ੍ਹਾਂ ਦੀਆਂ ਰੱਖੜੀਆਂ ਦੁਕਾਨਾਂ ’ਤੇ ਮੌਜੂਦ ਹਨ ਤੇ ਇਨ੍ਹਾਂ ਦੀ ਸ਼ਾਨਦਾਰ ਦਿੱਖ ਜਿੱਥੇ ਦੁਕਾਨਾਂ ਦੀ ਸ਼ੋਭਾ ਵਧਾ ਰਹੀ ਹੈ, ਉੱਥੇ ਹੀ ਇਨ੍ਹਾਂ ਨੂੰ ਖਰੀਦਣ ਵਾਲਿਆਂ ਅੰਦਰ ਵੀ ਖਿੱਚ ਦਿਖਾਈ ਦੇ ਰਹੀ ਹੈ। ਮਹਿਲਾਵਾਂ ਗੁਰਪ੍ਰੀਤ ਕੌਰ, ਕਵਲਜੀਤ ਕੌਰ, ਪੂਜਾ, ਸਾਕਸ਼ੀ, ਨਿੰਦਰ ਕੌਰ ਆਦਿ ਨੇ ਕਿਹਾ ਕਿ ਰੱਖੜੀ ਦਾ ਤਿਉਹਾਰ ਭੈਣ ਭਰਾ ਦੇ ਪਿਆਰ ਦਾ ਪ੍ਰਤੀਕ ਹੈ। ਇਸ ਤਿਉਹਾਰ ਦੀ ਉਡੀਕ ਭੈਣਾਂ ਨੂੰ ਸਾਰਾ ਸਾਲ ਰਹਿੰਦੀ ਹੈ। ਭਰਾਵਾਂ ਦੇ ਗੁੱਟ ’ਤੇ ਰੱਖੜੀ ਬੰਨ੍ਹਣ ਦਾ ਵੱਖਰਾ ਹੀ ਚਾਅ ਹੁੰਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਵਾਰ ਬਹੁਤ ਹੀ ਸੁੰਦਰ ਤੇ ਆਕਰਸ਼ਿਤ ਰੱਖੜੀਆਂ ਬਾਜ਼ਾਰ ’ਚ ਉਪਲੱਬਧ ਹਨ। ਜਿਸ ਨੂੰ ਹਰ ਕੋਈ ਆਪਣੀ ਸਮਰੱਥਾ ਅਨੁਸਾਰ ਖ਼ਰੀਦ ਵੀ ਰਿਹਾ ਹੈ। ਇਸੇ ਤਰ੍ਹਾਂ ਹਰਜਿੰਦਰ ਕੌਰ, ਸ਼ਸ਼ੀ ਬਾਲਾ, ਸਰਬਜੀਤ ਕੌਰ ਨੇ ਕਿਹਾ ਕਿ ਬੱਚਿਆਂ ਨੂੰ ਲੁਭਾਉਣ ਵਾਲੀਆਂ ਰੱਖੜੀਆਂ ਵੀ ਇਸ ਵਾਰ ਬਹੁਤ ਸੁੰਦਰ ਮਿਲ ਰਹੀਆਂ ਹਨ। ਜਿਨ੍ਹਾਂ ਨੂੰ ਲੈ ਕੇ ਬੱਚਿਆਂ ’ਚ ਵੀ ਭਾਰੀ ਉਤਸ਼ਾਹ ਹੈ। ਦੁਕਾਨਦਾਰ ਰਾਜੂ, ਸੋਨੂੰ, ਵਿਸ਼ਾਲ ਨੇ ਕਿਹਾ ਕਿ ਰੱਖੜੀਆਂ ਦੀ ਭਾਰੀ ਵਰਾਇਟੀ ਇਸ ਵਾਰ ਬਾਜ਼ਾਰ ’ਚ ਆਈ ਹੈ। ਉਨ੍ਹਾਂ ਕਿਹਾ ਕਿ 10 ਰੁਪਏ ਤੋਂ ਲੈ ਕੇ 500 ਰੁਪਏ ਤੱਕ ਦੀ ਰੱਖੜੀ ਬਾਜ਼ਾਰ ’ਚ ਵਿਕ ਰਹੀ ਹੈ।

ਮਠਿਆਈ ਦੇ ਨਾਲ-ਨਾਲ ਬਿਸਕੁਟ ਤੇ ਚਾਕਲੇਟਾਂ ਦੀ ਵੀ ਹੋ ਰਹੀ ਹੈ ਖ਼ਰੀਦਦਾਰੀ

ਬੇਸ਼ੱਕ ਕਿਸੇ ਸਮੇਂ ਰੱਖੜੀ ਦੇ ਤਿਉਹਾਰ ’ਤੇ ਮਠਿਆਈਆਂ ਦੀ ਖ਼ਰੀਦਦਾਰੀ ਹੀ ਹੁੰਦੀ ਸੀ, ਪਰ ਹੁਣ ਸਮਾਂ ਬਦਲਣ ਦੇ ਨਾਲ ਨਾਲ ਕਈ ਤਰ੍ਹਾਂ ਦੇ ਗਿਫਟ ਹੈਂਪਰ ਬਾਜ਼ਾਰਾਂ ’ਚ ਉਪਲੱਬਧ ਹਨ। ਜਿਨ੍ਹਾਂ ’ਚ ਬਿਸਕੁਟ, ਨਮਕੀਨ, ਜੂਸ, ਚਾਕਲੇਟਾਂ ਤੇ ਹੋਰ ਖਾਣ ਪੀਣ ਵਾਲੇ ਸਾਮਾਨ ਨਾਲ ਸਜੀਆਂ ਟੋਕਰੀਆਂ ਤੇ ਡੱਬੇ ਦੁਕਾਨਾਂ ’ਤੇ ਸਜ ਚੁੱਕੇ ਹਨ। ਬੇਕਰੀ ਦੀਆਂ ਦੁਕਾਨਾਂ ’ਤੇ ਅਜਿਹੇ ਗਿਫਟਾਂ ਨੂੰ ਸਲੀਕੇ ਨਾਲ ਸਜਾਇਆ ਜਾ ਚੁੱਕਾ ਹੈ ਤੇ ਲੋਕ ਖ਼ਰੀਦਦਾਰੀ ਲਈ ਪਹੁੰਚ ਰਹੇ ਹਨ।

Related Articles

Leave a Reply

Your email address will not be published. Required fields are marked *

Back to top button