Punjab

ਪੰਜਾਬ ਨੂੰ ਕੇਂਦਰ ਦੀ 1600 ਕਰੋੜ ਦੀ ਮਦਦ ਇਹ ਸਿਰਫ਼ ਦਿਖਾਵਾ- ਜਥੇਦਾਰ ਗਿਆਨੀ ਹਰਪ੍ਰੀਤ ਸਿੰਘ

ਅੰਮ੍ਰਿਤਸਰ,  10 ਸਤੰਬਰ : ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਦੇ ਪ੍ਰਧਾਨ ਅਤੇ ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਗਿਆਨੀ ਹਰਪ੍ਰੀਤ ਸਿੰਘ ਨੇ ਕੇਂਦਰ ਸਰਕਾਰ ‘ਤੇ ਤਿੱਖਾ ਹਮਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਆਏ ਭਿਆਨਕ ਹੜ੍ਹ ਨੇ ਹਜ਼ਾਰਾਂ ਪਿੰਡਾਂ ਨੂੰ ਪ੍ਰਭਾਵਿਤ ਕੀਤਾ ਹੈ ਪਰ ਪ੍ਰਧਾਨ ਮੰਤਰੀ ਵੱਲੋਂ ਐਲਾਨਿਆ 1600 ਕਰੋੜ ਰੁਪਏ ਦਾ ਰਾਹਤ ਪੈਕੇਜ ਸੂਬੇ ਲਈ ਨਾਕਾਫੀ ਹੈ। ਇਸ ਮੌਕੇ ਬੀਬੀ ਜਗੀਰ ਕੌਰ, ਰਤਨ ਸਿੰਘ ਅਜਨਾਲਾ, ਸੁਰਜੀਤ ਸਿੰਘ ਰਖੜਾ, ਗੋਬਿੰਦ ਸਿੰਘ ਲੌਂਗੋਵਾਲ ਸਮੇਤ ਕਈ ਸੀਨੀਅਰ ਅਕਾਲੀ ਆਗੂ ਵੀ ਮੌਜੂਦ ਰਹੇ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਕੇਂਦਰ ਵੱਲੋਂ ਦਿੱਤੀ ਗਈ ਰਾਹਤ ਸਿਰਫ਼ ਦਿਖਾਵਾ ਹੈ। ਐਲਾਨਿਆ ਰਾਸ਼ੀ ਦਾ ਵੱਡਾ ਹਿੱਸਾ ਇਸ਼ਤਿਹਾਰਾਂ ਤੇ ਰਸਮੀ ਕਾਰਵਾਈ ‘ਚ ਖਰਚ ਹੋ ਜਾਵੇਗਾ, ਜਦਕਿ ਅਸਲ ਸਹਾਇਤਾ ਪ੍ਰਭਾਵਿਤ ਪਰਿਵਾਰਾਂ ਤਕ ਨਹੀਂ ਪਹੁੰਚੇਗੀ। ਉਨ੍ਹਾਂ ਮੰਗ ਕੀਤੀ ਕਿ ਰਾਹਤ ਸਿੱਧੀ ਤੌਰ ‘ਤੇ ਪੀੜਤਾਂ ਦੇ ਖਾਤਿਆਂ ਵਿਚ ਪਾਈ ਜਾਵੇ। ਉਨ੍ਹਾਂ ਕਿਹਾ ਕਿ ਸਿਰਫ਼ ਫਸਲ ਦੇ ਮੁਆਵਜ਼ੇ ਦੀ ਰਕਮ ਹੀ 2200 ਕਰੋੜ ਰੁਪਏ ਤੋਂ ਵੱਧ ਬਣਦੀ ਹੈ। ਇਸ ਤੋਂ ਇਲਾਵਾ ਘਰਾਂ, ਪਸ਼ੂਆਂ ਤੇ ਬੁਨਿਆਦੀ ਢਾਂਚੇ ਦੇ ਨੁਕਸਾਨ ਦਾ ਹਿਸਾਬ ਵੱਖਰਾ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਪ੍ਰਧਾਨ ਮੰਤਰੀ ‘ਤੇ ਤਨਜ਼ ਕਸਦੇ ਹੋਏ ਕਿਹਾ ਕਿ ਪੰਜਾਬ ਆ ਕੇ ਮਜ਼ਾਕ ਕਰਨ ਦੀ ਲੋੜ ਨਹੀਂ ਸੀ, ਇਹ ਕੰਮ ਦਿੱਲੀ ਬੈਠ ਕੇ ਵੀ ਕੀਤਾ ਜਾ ਸਕਦਾ ਸੀ। ਇਸ ਮੌਕੇ ਅਕਾਲੀ ਆਗੂ ਸੁਰਜੀਤ ਸਿੰਘ ਰਖੜਾ ਨੇ ਐਲਾਨ ਕੀਤਾ ਕਿ ਉਹ ਖ਼ੁਦ 10 ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਹੜ੍ਹ ਪੀੜਤਾਂ ਤਕ ਪਹੁੰਚਾਉਣਗੇ। ਉਨ੍ਹਾਂ ਕਿਹਾ ਕਿ ਪਾਰਟੀ ਰਾਹਤ ਕੈਂਪਾਂ ਜ਼ਰੀਏ ਪ੍ਰਭਾਵਿਤ ਲੋਕਾਂ ਦੀ ਹਰ ਸੰਭਵ ਮਦਦ ਕਰ ਰਹੀ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਹਿਮਾਚਲ ਪ੍ਰਦੇਸ਼ ‘ਚ ਗੈਰ-ਕਾਨੂੰਨੀ ਨਿਰਮਾਣ ਅਤੇ ਪਹਾੜਾਂ ਨੂੰ ਕੱਟਣ ਦੀਆਂ ਗਤੀਵਿਧੀਆਂ ਨੂੰ ਵੀ ਪੰਜਾਬ ‘ਚ ਹੜ੍ਹ ਦਾ ਵੱਡਾ ਕਾਰਨ ਦੱਸਿਆ। ਉਨ੍ਹਾਂ ਕਿਹਾ ਕਿ ਇਸ ਸਬੰਧ ‘ਚ ਉੱਚ-ਪੱਥਰੀ ਕਮੇਟੀ ਬਣਾਈ ਜਾਵੇ ਤਾਂ ਜੋ ਭਵਿੱਖ ਵਿਚ ਪੰਜਾਬ ਨੂੰ ਇਸ ਅਜਿਹੀਆਂ ਆਫਤਾਂ ਦਾ ਸਾਹਮਣਾ ਨਾ ਕਰਨਾ ਪਵੇ। ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਇਕ ਸਰਹੱਦੀ ਸੂਬਾ ਹੈ, ਇਸ ਲਈ ਇੱਥੇ ਵਿਸ਼ੇਸ਼ ਰਾਹਤ ਅਤੇ ਪੁਨਰਵਾਸ ਨੀਤੀ ਲਾਗੂ ਕੀਤੀ ਜਾਣੀ ਚਾਹੀਦੀ ਹੈ। ਅਖੀਰ ‘ਚ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਪਾਰਟੀ ਹਰ ਪੀੜਤ ਤਕ ਪਹੁੰਚਣ ਦਾ ਯਤਨ ਕਰੇਗੀ। ਉਨ੍ਹਾਂ ਦੋਸ਼ ਲਾਇਆ ਕਿ ਸੁਖਬੀਰ ਸਿੰਘ ਬਾਦਲ ਨੇ ਗੁਰਬਾਣੀ ਤੋਂ ਬੇਹੱਦ ਧਨ ਕਮਾਇਆ ਹੈ ਤੇ ਹੁਣ ਜੋ ਪੈਸਾ ਰਾਹਤ ਦੇ ਨਾਂ ‘ਤੇ ਵੰਡਿਆ ਜਾ ਰਿਹਾ ਹੈ, ਉਹ ਅਸਲ ਵਿਚ ਜਨਤਾ ਦਾ ਹੀ ਹੈ।

Related Articles

Leave a Reply

Your email address will not be published. Required fields are marked *

Back to top button