ਰਮਨ ਅਰੋੜਾ ਦੀਆਂ 13 ਜਾਇਦਾਦਾਂ ਦੀ ਜਾਂਚ ਕਰ ਰਹੀ ਵਿਜੀਲੈਂਸ
ਝੂਠੇ ਨੋਟਿਸ ਭੇਜ ਕੇ ਪਹਿਲਾਂ ਡਰਾਇਆ ਫਿਰ ਖ਼ੁਦ ਖ਼ਰੀਦ ਲਈਆਂ ਇਮਾਰਤਾਂ

ਜਲੰਧਰ, 24 ਮਈ-ਭ੍ਰਿਸ਼ਟਾਚਾਰ ਦੇ ਦੋਸ਼ਾਂ ’ਚ ਗ੍ਰਿਫ਼ਤਾਰ ਜਲੰਧਰ ਵਿਧਾਨ ਸਭਾ ਹਲਕੇ ਸੈਂਟਰਲ ਦੇ ਵਿਧਾਇਕ ਰਮਨ ਅਰੋੜਾ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਵਿਜੀਲੈਂਸ ਨੇ ਜਦੋਂ ਵਿਧਾਇਕ ਦੇ ਘਰੋਂ ਛੇ ਲੱਖ ਰੁਪਏ ਦੀ ਨਕਦੀ, ਇਕ ਕਿੱਲੋ ਤੋਂ ਵੱਧ ਸੋਨਾ ਤੇ ਅੱਧਾ ਕਿੱਲੋ ਚਾਂਦੀ ਬਰਾਮਦ ਕੀਤੀ ਸੀ, ਤਾਂ ਉਸ ਸਮੇਂ ਵਿਧਾਇਕ ਦੇ ਘਰੋਂ ਲਗਪਗ 13 ਦਸਤਾਵੇਜ਼ ਮਿਲੇ ਸਨ, ਜੋ ਵੱਖ-ਵੱਖ ਪ੍ਰਾਪਰਟੀ ਦੇ ਦੱਸੇ ਗਏ ਹਨ। ਇਸ ਸੰਦਰਭ ’ਚ ਵਿਜੀਲੈਂਸ ਹੁਣ ਉਨ੍ਹਾਂ ਦੀਆਂ 13 ਜਾਇਦਾਦਾਂ ਦੀ ਜਾਂਚ ’ਚ ਲੱਗੀ ਹੋਈ ਹੈ, ਜੋ ਵਿਧਾਇਕ ਬਣਨ ਤੋਂ ਬਾਅਦ ਬਣਾਈਆਂ ਗਈਆਂ ਹਨ। ਇਨ੍ਹਾਂ ’ਚ ਕਈ ਅਜਿਹੀਆਂ ਇਮਾਰਤਾਂ ਸ਼ਾਮਲ ਹਨ, ਜਿਨ੍ਹਾਂ ਨੂੰ ਪਹਿਲਾਂ ਝੂਠੇ ਨੋਟਿਸ ਭੇਜ ਕੇ ਦਬਾਅ ’ਚ ਲਿਆ ਗਿਆ ਅਤੇ ਬਾਅਦ ’ਚ ਰਮਨ ਅਰੋੜਾ ਜਾਂ ਉਨ੍ਹਾਂ ਦੇ ਸਹਿਯੋਗੀਆਂ ਨੇ ਖ਼ਰੀਦ ਲਈਆਂ।ਵਿਧਾਇਕ ਅਰੋੜਾ ਨੇ ਜਲੰਧਰ ਦੇ ਭੀੜ ਵਾਲੇ ਖੇਤਰਾਂ ਜਿਵੇਂ ਨਾਜ਼ ਸਿਨੇਮਾ ਨੇੜੇ ਕੁਝ ਰਿਹਾਇਸ਼ੀ ਇਮਾਰਤਾਂ ਨੂੰ ਉਨ੍ਹਾਂ ਦੇ ਮਾਲਕਾਂ ਨੂੰ ਡਰਾ-ਧਮਕਾ ਕੇ ਖ਼ਰੀਦਿਆ ਅਤੇ ਬਿਨਾਂ ਨਕਸ਼ਾ ਪਾਸ ਕਰਵਾਏ ਵਪਾਰਕ ਬਣਾਇਆ ਤੇ ਉੱਥੋਂ ਇਕ ਰਸਤਾ ਪਿੱਛੇ ਵੱਲ ਗ਼ੈਰ ਕਾਨੂੰਨੀ ਤਰੀਕੇ ਨਾਲ ਕੱਢਿਆ। ਲੋਕਲ ਬਾਡੀ ਨੇ ਵੀ ਨੋਟਿਸ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਰਮਨ ਦੇ ਜਾਣਕਾਰਾਂ ਨੇ ਦੱਸਿਆ ਕਿ ਫੁੱਟਬਾਲ ਚੌਕ ਨੇੜੇ ਸਥਿਤ ਰਾਜਾ ਹਸਪਤਾਲ ਦੀ ਜ਼ਮੀਨ ਵੀ ਨੋਟਿਸ ਆਦਿ ਭੇਜ ਕੇ ਡਰਾ ਕੇ ਖ਼ਰੀਦੀ ਗਈ ਅਤੇ ਉੱਥੇ ਖੰਡ ਵਪਾਰੀ ਚਾਚਾ ਦੇ ਨਾਮ ਤੇ ਸ਼ੋਅਰੂਮ ਬਣਾਇਆ ਗਿਆ। ਇਸ ਤੋਂ ਇਲਾਵਾ, ਮਲਟੀ ਸਟਾਰ ਬਿਲਡਿੰਗ ਬਣਾਈ ਗਈ, ਜਿੱਥੇ ਹੋਟਲ ਬਣਾਉਣਾ ਹੈ। ਡੇਰਾ ਸੱਤ ਕਰਤਾਰ ਨਹਿਰੀ ਵਿਭਾਗ ਦੀ ਜ਼ਮੀਨ ਕਿਸੇ ਰਿਸ਼ਤੇਦਾਰ ਦੇ ਨਾਮ ਤੇ ਅਲਾਟਮੈਂਟ ਕਰਵਾਈ ਗਈ ਅਤੇ ਮਾਡਲ ਟਾਊਨ ’ਚ ਅਗਰਵਾਲ ਢਾਬੇ ਨੇੜੇ ਇਕ ਜਾਇਦਾਦ ਬਣਾਈ, ਜੋ ਕਿ ਗ਼ੈਰ ਕਾਨੂੰਨੀ ਢੰਗ ਨਾਲ ਬਣੀ ਸੀ, ਜਿਸ ਦੇ ਨਾਮ ਤੇ ਇਹ ਜਾਇਦਾਦ ਕੀਤੀ ਗਈ ਸੀ, ਉਹ ਵੀ ਮਰ ਗਿਆ ਹੈ। ਇਸ ਦੇ ਨਾਲ ਹੀ ਸ਼ੇਖਾਂ ਬਾਜ਼ਾਰ ’ਚ ਵੀ ਇਕ ਵੱਡਾ ਸ਼ੋਅਰੂਮ ਖਰੀਦਣ ਦੀ ਗੱਲ ਚੱਲ ਰਹੀ ਹੈ। ਇਸ ਤੋਂ ਇਲਾਵਾ ਵੀ ਉਸ ਨੇ ਕਈ ਹੋਰ ਜਾਇਦਾਦਾਂ ਖ਼ਰੀਦੀਆਂ ਹਨ, ਜੋ ਵੱਖ-ਵੱਖ ਰਿਸ਼ਤੇਦਾਰਾਂ ਤੇ ਜਾਣਕਾਰਾਂ ਦੇ ਨਾਮ ਤੇ ਹਨ। ਇਨ੍ਹਾਂ ਵਿਚੋਂ ਕੁਝ ਜਾਇਦਾਦਾਂ ਨਹਿਰੀ ਵਿਭਾਗ ਦੀ ਜ਼ਮੀਨ ਤੇ ਬਣੀਆਂ ਹਨ। ਵਿਜੀਲੈਂਸ ਨੂੰ ਸ਼ੱਕ ਹੈ ਕਿ ਇਨ੍ਹਾਂ ਜਾਇਦਾਦਾਂ ਦੀ ਖ਼ਰੀਦ ’ਚ ਕਈ ਗ਼ੈਰ ਕਾਨੂੰਨੀ ਤਰੀਕੇ ਅਪਣਾਏ ਗਏ, ਜਿਵੇਂ ਕਿ ਜਾਇਦਾਦ ਦੇ ਮਾਲਕਾਂ ਨੂੰ ਏਟੀਪੀ (ਅਸਿਸਟੈਂਟ ਟਾਊਨ ਪਲਾਨਰ) ਦੇ ਜ਼ਰੀਏ ਝੂਠੇ ਸਰਕਾਰੀ ਨੋਟਿਸ ਭੇਜ ਕੇ ਡਰਾਉਣਾ ਤੇ ਬਾਅਦ ’ਚ ਉਨ੍ਹਾਂ ਨੂੰ ਸਸਤੇ ਭਾਅ ਤੇ ਖ਼ਰੀਦ ਲੈਣਾ। ਹਾਲਾਂਕਿ, ਵਿਜੀਲੈਂਸ ਵੱਲੋਂ ਹੁਣ ਤੱਕ ਇਨ੍ਹਾਂ ਗੱਲਾਂ ਦੀ ਆਧਿਕਾਰਿਕ ਪੁਸ਼ਟੀ ਨਹੀਂ ਕੀਤੀ ਗਈ ਹੈ, ਪਰ ਜਾਂਚ ਜਾਰੀ ਹੈ।ਘਰੋਂ ਮਿਲੇ ਦਸਤਾਵੇਜ਼ਾਂ ਨੇ ਖੋਲ੍ਹੇ ਰਾਜ਼ਵਿਜੀਲੈਂਸ ਨੇ ਜਦੋਂ ਰਮਨ ਅਰੋੜਾ ਦੀ ਰਿਹਾਇਸ਼ ਤੇ ਛਾਪਾ ਮਾਰਿਆ, ਤਾਂ ਨਕਦ ਰਕਮ ਦੇ ਇਲਾਵਾ ਕਈ ਮਹੱਤਵਪੂਰਨ ਦਸਤਾਵੇਜ਼ ਵੀ ਬਰਾਮਦ ਕੀਤੇ ਗਏ ਸਨ। ਇਨ੍ਹਾਂ ਦਸਤਾਵੇਜ਼ਾਂ ’ਚ ਕੁਝ ਜਾਇਦਾਦਾਂ ਨਾਲ ਜੁੜੇ ਰਿਕਾਰਡ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਦਸਤਾਵੇਜ਼ ਬੇਨਾਮੀ ਜਾਇਦਾਦਾਂ ਨਾਲ ਸੰਬੰਧਤ ਹੋ ਸਕਦੇ ਹਨ। ਇਨ੍ਹਾਂ ਦੀ ਕੀਮਤ ਵੀ ਕਰੋੜਾਂ ’ਚ ਮਾਪੀ ਜਾ ਰਹੀ ਹੈ।ਜਲਦੀ ਹੋ ਸਕਦੀਆਂ ਨੇ ਹੋਰ ਗ੍ਰਿਫ਼ਤਾਰੀਆਂਜਾਂਚ ’ਚ ਸਾਹਮਣੇ ਆਇਆ ਹੈ ਕਿ ਰਮਨ ਅਰੋੜਾ ਇਕੱਲੇ ਨਹੀਂ, ਬਲਕਿ ਇਕ ਪੂਰੇ ਨੈੱਟਵਰਕ ਜ਼ਰੀਏ ਇਹ ਕੰਮ ਕਰ ਰਹੇ ਸਨ। ਵਿਜੀਲੈਂਸ ਨੂੰ ਸ਼ੱਕ ਹੈ ਕਿ ਇਸ ਰੈਕੇਟ ’ਚ ਕਈ ਹੋਰ ਸਰਕਾਰੀ ਮੁਲਾਜ਼ਮ ਤੇ ਨਿੱਜੀ ਵਿਅਕਤੀ ਵੀ ਸ਼ਾਮਲ ਹੋ ਸਕਦੇ ਹਨ। ਇਸ ਸੰਦਰਭ ’ਚ ਜਲਦੀ ਹੋਰ ਗ੍ਰਿਫਤਾਰੀਆਂ ਹੋਣ ਦੀ ਸੰਭਾਵਨਾ ਹੈ। ਹੁਣ ਇਹ ਦੇਖਣਾ ਹੈ ਕਿ ਵਿਜੀਲੈਂਸ ਦੀ ਜਾਂਚ ਨਾਲ ਹੋਰ ਕਿਹੜੇ-ਕਿਹੜੇ ਚਿਹਰੇ ਬੇਨਕਾਬ ਹੁੰਦੇ ਹਨ।



