Punjab

‘ਯੁੱਧ ਨਸ਼ਿਆਂ ਵਿਰੁੱਧ’; ਪੁਲਿਸ ਨੇ ਕੀਤੀ 25 ਥਾਵਾਂ ’ਤੇ ਰੇਡ, 6 ਗ੍ਰਿਫਤਾਰ, 8 ਫਰਾਰ

ਲੁਧਿਆਣਾ, 27 ਅਪ੍ਰੈਲ-ਸੀਪੀ ਰੇਡ ਕਰਨ ਤੋਂ ਪਹਿਲਾਂ ਸਪੈਸ਼ਨ ਸੈੱਲ ਦਾ ਅਧਿਕਾਰੀ ਰੱਖੇਗਾ ਨਜ਼ਰ ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ ਨਸ਼ਾ ਤਸਕਰਾਂ ’ਤੇ ਨਕੇਲ ਕੱਸਣ ਲਈ ਲੁਧਿਆਣਾ ਪੁਲਿਸ ਨੇ ਇੱਕ ਨਵੀਂ ਰਣਨੀਤੀ ਤਿਆਰ ਕੀਤੀ ਹੈ। ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਇਸ ਰਣਨੀਤੀ ਨੂੰ ‘ਸਰਜੀਕਲ ਸਟਰਾਈਕ’ ਦਾ ਨਾਮ ਦੇ ਕੇ ਇਹ ਆਖਿਆ ਕਿ ਨਸ਼ਾ ਤਸਕਰਾਂ ਦੀ ਪੂਰੀ ਸੂਚਨਾ ਮੁਹੱਈਆ ਕਰਨ ਤੋਂ ਬਾਅਦ ਉਨ੍ਹਾਂ ਦੇ ਘਰਾਂ ’ਤੇ ਛਾਪੇਮਾਰੀ ਕੀਤੀ ਜਾਵੇਗੀ। ਆਮ ਲੋਕਾਂ ਦੀ ਸੁਵਿਧਾ ਦਾ ਧਿਆਨ ਰੱਖਦੇ ਹੋਏ ਉਸ ਇਲਾਕੇ ’ਚ ਸਰਚ ਆਪਰੇਸ਼ਨ ਨਹੀਂ ਚਲਾਇਆ ਜਾਵੇਗਾ। ਇਸੇ ਲੜੀ ਦੇ ਚੱਲਦਿਆਂ ਪੁਲਿਸ ਨੇ ਸ਼ਨਿੱਚਰਵਾਰ ਨੂੰ ਹੈਬੋਵਾਲ ਤੇ ਜਵਾਹਰ ਨਗਰ ਕੈਂਪ ਦੇ 25 ਨਸ਼ਾ ਤਸਕਰਾਂ ਦੇ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ। ਪੁਲਿਸ ਨੇ ਇਸ ਕਾਰਵਾਈ ਦੌਰਾਨ 6 ਸਮੱਗਲਰਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ’ਚੋਂ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ। ਇਹ ਕਾਰਵਾਈ ਸਵੇਰੇ 4 ਤੋਂ 7 ਵਜੇ ਤੱਕ ਚੱਲੀ। ਸਟਰਾਈਕ ਬਾਰੇ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਆਪ੍ਰੇਸ਼ਨ ਕਾਸੋ ਤਹਿਤ ਪੁਲਿਸ ਇੱਕ ਇਲਾਕੇ ਦੀ ਘੇਰਾਬੰਦੀ ਕਰਦੀ ਸੀ, ਜਿਸ ਤਹਿਤ ਭਾਰੀ ਪੁਲਿਸ ਫੋਰਸ ਦੀ ਜ਼ਰੂਰਤ ਪੈਂਦੀ ਸੀ। ਕਾਸੋ ਤਹਿਤ ਕਈ ਲੋਕਾਂ ਦੇ ਘਰਾਂ ਦੀ ਤਲਾਸ਼ੀ ਲਈ ਜਾਂਦੀ ਸੀ। ਇਸ ’ਚ ਪੁਲਿਸ ਦੀ ਫੋਰਸ ਤੇ ਖਾਸਾ ਸਮਾਂ ਲੱਗਦਾ ਸੀ। ਇਸ ਦੇ ਨਾਲ ਹੀ ਆਮ ਲੋਕਾਂ ਨੂੰ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ। ਉਨ੍ਹਾਂ ਦੱਸਿਆ ਕਿ ਹੁਣ ਲੁਧਿਆਣਾ ਪੁਲਿਸ ਨੇ ਆਪਣੀ ਰਣਨੀਤੀ ਬਦਲੀ ਹੈ। ਪੁਲਿਸ ਕਮਿਸ਼ਨਰ ਨੇ ਇਸ ਮੁਹਿੰਮ ਨੂੰ ਸਰਜੀਕਲ ਸਟਰਾਈਕ ਦਾ ਨਾਮ ਦਿੱਤਾ। ਉਨਾਂ ਆਖਿਆ ਕਿ ਹੁਣ ਪੁਲਿਸ ਕਾਸੋ ਤਹਿਤ ਕਾਰਵਾਈ ਨਹੀਂ ਕਰੇਗੀ ਬਲਕਿ ਨਸ਼ਾ ਸਮਗਲਰਾਂ ਦੇ ਘਰਾਂ ਤੇ ਟਿਕਾਣਿਆਂ ’ਤੇ ਸਿੱਧੇ ਤੌਰ ’ਤੇ ਸਰਜੀਕਲ ਸਟਰਾਈਕ ਕਰੇਗੀ। ਇਸ ਕਾਰਵਾਈ ਤਹਿਤ ਪੁਲਿਸ ਨੇ 25 ਨਸ਼ਾ ਤਸਕਰਾਂ ਦੇ ਘਰਾਂ ਨੂੰ ਨਿਸ਼ਾਨਾ ਬਣਾਇਆ। ਪੁਲਿਸ ਨੇ ਇਨ੍ਹਾਂ ਦੀ ਪਛਾਣ ਪਹਿਲਾਂ ਹੀ ਕਰ ਲਈ ਸੀ। ਪਿਛਲੇ ਇੱਕ ਹਫਤੇ ਦੇ ਵੱਧ ਸਮੇਂ ਤੋਂ ਪੁਲਿਸ ਇਨ੍ਹਾਂ ’ਤੇ ਨਜ਼ਰ ਰੱਖ ਰਹੀ ਸੀ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਨਸ਼ਾ ਤਸਕਰਾਂ ਦੀ ਸ਼ਮੂਲੀਅਤ ਦੀ ਪੁਸ਼ਟੀ ਹੋਣ ਤੋਂ ਬਾਅਦ ਇਨ੍ਹਾਂ ਦੇ ਟਿਕਾਣਿਆਂ ’ਤੇ ਛਾਪਾਮਾਰੀ ਕੀਤੀ ਗਈ। 25 ਨਸ਼ਾ ਤਸਕਰਾਂ ਖਿਲਾਫ ਪਹਿਲਾਂ ਤੋਂ ਹੀ ਤਸਕਰੀ ਦੇ ਕੇਸ ਦਰਜ ਹਨ ਤੇ ਜ਼ਿਆਦਾਤਰ ਮੁਲਜ਼ਮ ਜ਼ਮਾਨਤ ’ਤੇ ਬਾਹਰ ਸਨ। ਬਾਹਰ ਆਉਣ ਦੇ ਬਾਵਜੂਦ ਮੁਲਜ਼ਮਾਂ ਨੇ ਲਗਾਤਾਰ ਤਸਕਰੀ ਜਾਰੀ ਰੱਖੀ। ਪੁਲਿਸ ਨੇ ਛਾਪੇਮਾਰੀ ਦੌਰਾਨ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਤੇ 8 ਦੇ ਕਰੀਬ ਤਸਕਰ ਫਰਾਰ ਹੋਣ ’ਚ ਸਫਲ ਹੋ ਗਏ। ਬਾਕਸ– ਸੈਂਕੜੇ ਤਸਕਰਾਂ ਦੀ ਸੂਚੀ ਹੈ ਤਿਆਰ ਪੁਲਿਸ ਕਮਿਸ਼ਨਰ ਨੇ ਆਖਿਆ ਕਿ ਕਮਿਸ਼ਨਰੇਟ ਨੇ ਪਹਿਲਾਂ ਹੀ ਸੈਂਕੜੇ ਨਸ਼ਾ ਤਸਕਰਾਂ ਦੀ ਸੂਚੀ ਤਿਆਰ ਕਰ ਲਈ ਹੈ। ਇਹ ਨਸ਼ਾ ਤਸਕਰ ਜ਼ਮਾਨਤ ’ਤੇ ਬਾਹਰ ਹਨ ਤੇ ਇਨ੍ਹਾਂ ’ਤੇ ਅਜੇ ਵੀ ਨਸ਼ਾ ਤਸਕਰੀ ’ਚ ਸ਼ਾਮਲ ਹੋਣ ਦਾ ਸ਼ੱਕ ਹੈ। ਪੁਲਿਸ ਕਮਿਸ਼ਨਰ ਨੇ ਆਖਿਆ ਕਿ ਹੁਣ ਕਿਸੇ ਵੀ ਸਮੇਂ ਅਜਿਹੇ ਮੁਲਜ਼ਮ ਸਰਜੀਕਲ ਸਟਰਾਈਕ ਦਾ ਸਾਹਮਣਾ ਕਰ ਸਕਦੇ ਹਨ। ਬਾਕਸ– 15 ਦਿਨਾਂ ਬਾਅਦ ਹੋਵੇਗੀ ਛਾਪਾਮਾਰੀ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਹਰ ਪੰਦਰਵਾੜੇ ’ਚ ਇੱਕ ਵਾਰ ਤਸਕਰਾਂ ਤੇ ਪੁਲਿਸ ਦੀ ਛਾਪਾਮਾਰੀ ਹੋਵੇਗੀ। ਮੁਲਜ਼ਮਾਂ ਦੀ ਪਛਾਣ ਕਰਨ ਲਈ ਪੁਲਿਸ ਨੇ ਸਪੈਸ਼ਲ ਸੈੱਲ ਦੇ ਅਧਿਕਾਰੀਆਂ ਨੂੰ ਤਾਇਨਾਤ ਕੀਤਾ ਹੈ। ਉਨਾਂ ਆਖਿਆ ਕਿ ਸਪੈਸ਼ਲ ਸੈੱਲ ਦੀ ਵਿਸ਼ੇਸ਼ ਟੀਮ ਤਿਆਰ ਕੀਤੀ ਗਈ ਹੈ। ਇਸ ਸੈੱਲ ਦੀ ਅਗਵਾਈ ਇੰਸਪੈਕਟਰ ਰੈਂਕ ਦੇ ਅਧਿਕਾਰੀ ਕਰ ਰਹੇ ਹਨ। ਇਹ ਅਧਿਕਾਰੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਮਾਮਲਿਆਂ ’ਚ ਜ਼ਮਾਨਤ ’ਤੇ ਬਾਹਰ ਆਏ ਨਸ਼ਾ ਤਸਕਰਾਂ ਦੀ ਨਿਗਰਾਨੀ ਕਰਨਗੇ। ਟੀਮ ਉਨ੍ਹਾਂ ਤਸਕਰਾਂ ਦੀਆਂ ਰੋਜ਼ਾਨਾ ਦੀਆਂ ਗਤੀਵਿਧੀਆਂ ’ਤੇ ਨਜ਼ਰ ਰੱਖੇਗੀ। ਪੁਲਿਸ ਮੁਲਜ਼ਮਾਂ ਦੇ ਗਾਹਕਾਂ ਦੀ ਵੀ ਜਾਂਚ ਕਰੇ। ਪੰਦਰਵਾੜੇ ਞਚ ਇੱਕ ਵਾਰ ਸਰਜੀਕਲ ਸਟਰਾਈਕ ਕੀਤੀ ਜਾਵੇਗੀ। ਬਾਕਸ– ਗੁਪਤ ਰੱਖੀ ਜਾਵੇਗੀ ਸਰਜੀਕਲ ਸਟਰਾਈਕ ਪੁਲਿਸ ਕਮਿਸ਼ਨਰ ਨੇ ਆਖਿਆ ਕਿ ਸਰਜੀਕਲ ਸਟਰਾਈਕ ਗੁਪਤ ਰੱਖੀ ਜਾਵੇਗੀ। ਕੁਝ ਚੁਣਿੰਦਾ ਅਧਿਕਾਰੀ ਹੀ ਤਸਕਰਾਂ ਦੀਆਂ ਗਤੀਵਿਧੀਆਂ ਨੂੰ ਸਕੈਨ ਕਰਨਗੇ, ਜਿਸ ਤੋਂ ਬਾਅਦ ਉਹ ਸੀਨੀਅਰ ਅਧਿਕਾਰੀਆਂ ਨੂੰ ਸਟਰਾਈਕ ਬਾਰੇ ਜਾਣੂ ਕਰਾਉਣਗੇ। ਉਨ੍ਹਾਂ ਆਖਿਆ ਕਿ ਫੋਰਸ ਨੂੰ ਕਾਰਵਾਈ ਤੋਂ ਕੁਝ ਘੰਟੇ ਪਹਿਲਾਂ ਹੀ ਜਾਣਕਾਰੀ ਭੇਜੀ ਜਾਵੇਗੀ।

Related Articles

Leave a Reply

Your email address will not be published. Required fields are marked *

Back to top button