
ਲੁਧਿਆਣਾ, 31 ਅਗਸਤ : ਮਹਿਜ਼ ਇੱਕ ਮੋਬਾਈਲ ਲੁੱਟਣ ਲਈ ਬਦਮਾਸ਼ਾਂ ਨੇ ਕੰਮ ਤੋਂ ਵਾਪਿਸ ਘਰ ਆ ਰਹੇ ਫੈਕਟਰੀ ਮੁਲਾਜ਼ਮ ਉੱਪਰ ਜਾਨਲੇਵਾ ਹਮਲਾ ਕਰ ਦਿੱਤਾ। ਬਦਮਾਸ਼ਾਂ ਨੇ ਤੇਜਧਾਰ ਹਥਿਆਰਾਂ ਨਾਲ ਉਸਦੇ ਸਿਰ ਪੈਰ ਅਤੇ ਚਿਹਰੇ ਤੇ ਫੱਟ ਮਾਰੇ ਅਤੇ ਵਾਰਦਾਤ ਅੰਜਾਮ ਦੇ ਕੇ ਮੌਕੇ ਤੋਂ ਭੱਜ ਨਿੱਕਲੇ। ਵਾਰਦਾਤ ਵਿੱਚ ਫੈਕਟਰੀ ਮੁਲਾਜ਼ਮ ਗੰਭੀਰ ਰੂਪ ਨਾਲ ਫੱਟੜ ਹੋ ਗਿਆ,ਜਿਸਦੀ ਪਛਾਣ ਬ੍ਰਿਜ ਭਾਨ ਸ਼ਰਮਾ ਦੇ ਰੂਪ ਵਿੱਚ ਹੋਈ ਹੈ। ਪੀੜਿਤ ਦਾ ਦੋਸ਼ ਹੈ ਕਿ ਇਸ ਵਾਰਦਾਤ ਤੋਂ ਬਾਅਦ ਪੁਲਿਸ ਨੇ ਨਾ ਤਾਂ ਉਸਦੀ ਕੋਈ ਸੁਣਵਾਈ ਕੀਤੀ ਅਤੇ ਨਾ ਹੀ ਬਦਮਾਸ਼ਾਂ ਦੀ ਗਿਰਫਤਾਰੀ ਲਈ ਕੋਈ ਉੱਦਮ ਕੀਤਾ। ਸਥਾਨਕ ਮਹਾਦੇਵ ਨਗਰ ਵਿੱਚ ਰਹਿਣ ਵਾਲੇ ਬ੍ਰਿਜ ਭਾਨ ਸ਼ਰਮਾ ਮੁਤਾਬਕ ਉਹ ਜਸਪਾਲ ਬਾਂਗਰ ਰੋਡ ਤੇ ਇਕ ਫੈਕਟਰੀ ਵਿੱਚ ਨੌਕਰੀ ਕਰਦਾ ਹੈ।ਰੋਜ ਦੀ ਤਰਾਂ ਉਹ ਰਾਤ ਕਰੀਬ ਦੱਸ ਵਜੇ ਆਪਣੀ ਐਕਟਿਵਾ ’ਤੇ ਫੈਕਟਰੀ ਤੋਂ ਘਰ ਵੱਲ ਨਿਕਲਿਆ। ਉਹ ਜਦ ਚੁੰਗੀ ਦੇ ਨਜ਼ਦੀਕ ਪੁੱਜਾ ਤਾਂ ਤੇਜ਼ਧਾਰ ਹਥਿਆਰਾਂ ਨਾਲ ਲੈਸ ਦੋ ਬਦਮਾਸ਼ਾਂ ਨੇ ਉਸ ਨੂੰ ਜਬਰੀ ਰੋਕ ਲਿਆ ਅਤੇ ਉਸ ਕੋਲੋ ਧੱਕੇ ਨਾਲ ਮੋਬਾਇਲ ਫੋਨ ਖੋਹਣ ਲੱਗੇ। ਉਸ ਨੇ ਬਦਮਾਸ਼ਾਂ ਦਾ ਵਿਰੋਧ ਕੀਤਾ ਤਾਂ ਦੋਨਾਂ ਨੇ ਆਪਣੇ ਇੱਕ ਹੋਰ ਸਾਥੀ ਨੂੰ ਸੱਦ ਲਿਆ। ਤਿੰਨਾ ਬਦਮਾਸ਼ਾਂ ਨੇ ਉਸ ਦੇ ਸਿਰ ਤੇ ਚਿਹਰੇ ਤੇ ਫੱਟ ਮਾਰੇ ਤੇ ਉਸ ਦਾ ਮੋਬਾਈਲ ਖੋਹ ਕੇ ਉਸ ਦੇ ਸਾਹਮਣੇ ਹੀ ਤੋੜ ਦਿੱਤਾ। ਫੱਟ ਲੱਗਣ ਕਾਰਨ ਪੀੜਤ ਨੀਮ ਬੇਹੋਸ਼ੀ ਦੀ ਹਾਲਤ ’ਚ ਚਲਾ ਗਿਆ ਤੇ ਬਦਮਾਸ਼ ਵਾਰਦਾਤ ਕਰ ਕੇ ਫਰਾਰ ਹੋ ਗਏ। ਕਿਸੇ ਤਰ੍ਹਾਂ ਉਸ ਥਾਂ ਤੋਂ ਨਿਕਲ ਕੇ ਉਹ ਘਰ ਪੁੱਜਾ ਤੇ ਪਰਿਵਾਰ ਨੇ ਉਸ ਨੂੰ ਹਸਪਤਾਲ ਲਿਆਂਦਾ। ਬ੍ਰਿਜ ਭਾਨ ਮੁਤਾਬਕ ਵਾਰਦਾਤ ’ਚ ਉਸ ਦੀ ਲੱਤ ਦੀ ਹੱਡੀ ਟੁੱਟ ਗਈ ਤੇ ਸਿਰ ਤੇ 19 ਟਾਂਕੇ ਲੱਗੇ ਹਨ। ਵਾਰਦਾਤ ਕਰਨ ਆਏ ਬਦਮਾਸ਼ ਵਿੱਚੋਂ ਇੱਕ ਬਦਮਾਸ਼ ਉਸ ਨਾਲ ਗਾਲੀ ਗਲੌਚ ਕਰਦਾ ਹੋਇਆ ਆਪਣੇ-ਆਪ ਨੂੰ ਪੁਲਿਸ ਮੁਲਾਜ਼ਮ ਦੱਸ ਰਿਹਾ ਸੀ।ਪੀੜਿਤ ਮੁਤਾਬਕ ਉਹ ਉਕਤ ਵਾਰਦਾਤ ਦੀ ਸ਼ਿਕਾਇਤ ਦੇਣ ਲਈ ਪੁਲਿਸ ਚੌਂਕੀ ਵੀ ਗਏ ਪਰ ਪੁਲਿਸ ਨੇ ਉਸਦੇ ਨਾਲ ਗਏ ਨਜ਼ਦੀਕੀਆਂ ਦੇ ਗੱਲ ਤੱਕ ਨਹੀਂ ਸੁਣੀ। ਪੀੜਿਤ ਦੇ ਪਰਿਵਾਰ ਮੁਤਾਬਕ ਇਸ ਇਲਾਕੇ ਵਿੱਚ ਪਰਵਾਸੀ ਮਜ਼ਦੂਰਾ ਨਾਲ ਰੋਜ ਲੁੱਟ ਦੀਆਂ ਵਾਰਦਾਤਾਂ ਹੋ ਰਹੀਆਂ ਹਨ। ਥੋੜ੍ਹੇ ਜਿਹੇ ਪੈਸੇ ਜਾਂ ਮੋਬਾਇਲ ਆਦਿ ਲੁੱਟਣ ਲਈ ਬੇਖੌਫ ਬਦਮਾਸ਼ ਸਰੇ ਆਮ ਰਾਹਗੀਰਾਂ ਉੱਪਰ ਜਾਨਲੇਵਾ ਹਮਲੇ ਕਰਦੇ ਹਨ ਪਰ ਕੋਈ ਸੁਣਵਾਈ ਨਹੀਂ ਹੋ ਰਹੀ।ਦੇਰ ਸ਼ਾਮ ਇਨ੍ਹਾਂ ਇਲਾਕਿਆਂ ਵਿੱਚੋਂ ਲੰਘਣਾ ਬਹੁਤ ਮੁਸ਼ਕਿਲ ਹੋ ਚੁੱਕਾ ਹੈ ਇਸ ਲਈ ਇਲਾਕ਼ੇ ਦੀਆਂ ਸੜਕਾਂ ’ਤੇ ਪੀਸੀਆਰ ਦੀ ਗਸ਼ਤ ਵਧਾਈ ਜਾਵੇ।



