
ਲੁਧਿਆਣਾ, 31 ਅਗਸਤ : ਰੇਲ ਗੱਡੀਆਂ ’ਚ ਸਫ਼ਰ ਕਰਨ ਵਾਲੇ ਯਾਤਰੀਆਂ ਨਾਲ ਸਟੇਸ਼ਨ ਦੇ ਆਊਟਰਾਂ ’ਤੇ ਬੇਖੌਫ ਹੋਏ ਬਦਮਾਸ਼ਾਂ ਵੱਲੋਂ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ’ਚ ਲਗਾਤਾਰ ਇਜ਼ਾਫਾ ਹੋ ਰਿਹਾ ਹੈ। ਬਦਮਾਸ਼ਾਂ ਦੀਆਂ ਇਨ੍ਹਾਂ ਵਾਰਦਾਤਾਂ ਕਾਰਨ ਆਏ ਦਿਨ ਵੱਡੇ ਹਾਦਸੇ ਅੰਜਾਮ ਹੋਣ ਦੇ ਬਾਵਜੂਦ ਹਾਲਾਤ ਜਿਉਂ ਦੇ ਤਿਉਂ ਹੀ ਹਨ। ਅਜਿਹੇ ਹੀ ਇੱਕ ਦਰਦਨਾਕ ਹਾਦਸੇ ’ਚ ਦੇਸ਼ ਦੀ ਸੇਵਾ ਕਰਨ ਵਾਲੇ ਬੀਐੱਸਐੱਫ ਦੇ ਇੱਕ ਜਵਾਨ ਨੂੰ ਆਪਣੇ ਦੋਨੋਂ ਪੈਰ ਗਵਾਉਣੇ ਪੈ ਗਏ, ਜਦੋਂ ਇਹ ਜਵਾਨ ਉਸ ਦਾ ਮੋਬਾਈਲ ਫੋਨ ਲੁੱਟਣ ਦੇ ਕੋਸ਼ਿਸ਼ ਕਰ ਰਹੇ ਬਦਮਾਸ਼ ਨਾਲ ਮੋਬਾਈਲ ਬਚਾਉਣ ਲਈ ਜੱਦੋ-ਜਹਿਦ ਕਰ ਰਿਹਾ ਸੀ। ਇਹ ਜਵਾਨ ਬਦਮਾਸ਼ ਨਾਲ ਹੋਈ ਖਿੱਚ-ਧੂਹ ਦੌਰਾਨ ਚੱਲਦੀ ਰੇਲ ਤੋਂ ਡਿੱਗਾ ਤੇ ਟਰੇਨ ਦੇ ਪਹੀਏ ਉਸ ਦੀਆਂ ਦੋਨੋਂ ਲੱਤਾਂ ਉੱਪਰੋਂ ਲੰਘ ਗਏ। ਫੱਟੜ ਹੋਏ ਜਵਾਨ ਨੂੰ ਬੇਹੱਦ ਗੰਭੀਰ ਹਾਲਤ ’ਚ ਹਸਪਤਾਲ ਭਰਤੀ ਕਰਵਾਇਆ ਗਿਆ ਹੈ,ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਸ ਘਟਨਾ ਦੀ ਜਾਣਕਾਰੀ ਮਿਲਣ ਮਗਰੋਂ ਥਾਣਾ ਜੀਆਰਪੀ ਲੁਧਿਆਣਾ ਵੱਲੋ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਫੱਟੜ ਹੋਏ ਬੀਐੱਸਐੱਫ ਜਵਾਨ ਦੀ ਪਛਾਣ ਅਮਨ ਜੈਸਵਾਲ ਦੇ ਰੂਪ ’ਚ ਹੋਈ ਹੈ। ਘਟਨਾ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਥੋੜ੍ਹੀ ਦੂਰ ਦੋਮੋਰੀਆ ਪੁਲ ਕੋਲ ਦੀ ਹੈ, ਜਿੱਥੇ ਸ਼ਾਨ-ਏ-ਪੰਜਾਬ ਰੇਲ ਰਾਹੀਂ ਸਫ਼ਰ ਕਰ ਰਹੇ ਅਮਨ ਜੈਸਵਾਲ ਕੋਲੋ ਇੱਕ ਬਦਮਾਸ਼ ਨੇ ਉਸ ਦਾ ਹੱਥ ’ਚ ਫੜਿਆ ਮੋਬਾਈਲ ਖੋਹਣ ਦੀ ਕੋਸ਼ਿਸ਼ ਕੀਤੀ, ਜਦੋਂ ਅਮਨ ਰੇਲ ਡੱਬੇ ਦੀਆਂ ਪੌੜੀਆਂ ’ਚ ਬੈਠਾ ਹੋਇਆ ਸੀ। ਅਮਨ ਨੇ ਮੋਬਾਈਲ ਬਚਾਉਣ ਲਈ ਇਸ ਬਦਮਾਸ਼ ਦਾ ਵਿਰੋਧ ਕੀਤਾ ਤਾਂ ਸੰਤੁਲਨ ਵਿਗੜਨ ਕਾਰਨ ਉਹ ਡੱਬੇ ਦੇ ਦਰਵਾਜ਼ੋ ਤੋਂ ਬਾਹਰ ਵੱਲ ਡਿੱਗ ਗਿਆ। ਬਾਹਰ ਡਿੱਗਦੇ ਹੀ ਉਸ ਦੀਆਂ ਲੱਤਾਂ ਟਰੇਨ ਦੇ ਪਹੀਏ ਹੇਠਾਂ ਆ ਗਈਆਂ ਤੇ ਦੋਨੋਂ ਪੈਰ ਵੱਢੇ ਗਏ। ਅਮਨ ਜੈਸਵਾਲ ਦੇ ਭਰਾ ਸੰਦੀਪ ਮੁਤਾਬਕ ਉਹ ਮੂਲ ਰੂਪ ’ਚ ਬਰੇਲੀ ਦੇ ਰਹਿਣ ਵਾਲੇ ਹਨ। ਉਹ ਦੋਨੋਂ ਜਲੰਧਰ ਤੋਂ ਆਪਣਾ ਕੁਝ ਸਾਮਾਨ ਲੈਣ ਲਈ ਜਲੰਧਰ ਆ ਰਹੇ ਸਨ। ਇਸ ਦੌਰਾਨ ਦਮੋਰੀਆ ਪੁਲ ਆਊਟਰ ’ਤੇ ਗੱਡੀ ਹੌਲੀ ਹੋਈ ਤਾਂ ਕਿਸੇ ਬਦਮਾਸ਼ ਨੇ ਅਮਨ ਕੋਲੋਂ ਮੋਬਾਈਲ ਖੋਹਣ ਦੀ ਕੋਸ਼ਿਸ਼ ਕੀਤੀ ਤੇ ਇਸ ਹੱਥੋਪਾਈ ’ਚ ਅਮਨ ਹੇਠਾਂ ਡਿੱਗ ਕੇ ਟਰੇਨ ਦੀ ਲਪੇਟ ’ਚ ਆ ਗਿਆ। ਅਮਨ ਦੀਆਂ ਦੋਨੋਂ ਲੱਤਾਂ ਕੱਟੀਆਂ ਗਈਆਂ ਤੇ ਬੁਰੀ ਤਰਾਂ ਫੱਟੜ ਭਰਾ ਨੂੰ ਸਿਵਲ ਹਸਪਤਾਲ ਲੈ ਕੇ ਆਇਆ, ਜਿੱਥੇ ਉਸ ਦੀ ਹਾਲਤ ਵੇਖਦੇ ਹੋਏ ਨਿੱਜੀ ਹਸਪਤਾਲ ਰੈਫਰ ਕੀਤਾ ਗਿਆ। ਸ਼ਨੀਵਾਰ ਨੂੰ ਇੱਕ ਨਿੱਜੀ ਹਸਪਤਾਲ ’ਚ ਡਾਕਟਰਾਂ ਨੇ ਉਸ ਦੀ ਜਾਨ ਬਚਾਉਣ ਲਈ ਆਪ੍ਰੇਸ਼ਨ ਕਰਦਿਆਂ ਜੱਦੋ-ਜਹਿਦ ਸ਼ੁਰੂ ਕਰ ਦਿੱਤੀ। ਜੀਆਰਪੀ ਲੁਧਿਆਣਾ ਨੇ ਉਕਤ ਬਦਮਾਸ਼ ਦੀ ਭਾਲ ਲਈ ਘਟਨਾ ਵਾਲੀ ਥਾਂ ਤੋਂ ਸੁਰਾਗ ਇਕੱਠੇ ਕਰ ਕੇ ਆਸ-ਪਾਸ ਦੇ ਸੀਸੀਟੀਵੀ ਕੈਮਰੇ ਖੰਘਾਲਣੇ ਸ਼ੁਰੂ ਕਰ ਦਿੱਤੇ ਹਨ। ਸ਼ਨੀਵਾਰ ਨੂੰ ਵੀ ਪੁਲਿਸ ਨੇ ਆਸ ਪਾਸ ਦੀਆਂ ਫੁਟੇਜ ਚੈੱਕ ਕੀਤੀਆਂ ਤੇ ਅਣਪਛਾਤੇ ਬਦਮਾਸ਼ ਖਿਲਾਫ ਪਰਚਾ ਦਰਜ ਕਰ ਕੇ ਅਗਲੇਰੀ ਪੜਤਾਲ ਸ਼ੁਰੂ ਕਰ ਦਿੱਤੀ ਹੈ।



