
ਮੋਗਾ, 11 ਜੁਲਾਈ : ਮੋਗਾ ਸ਼ਹਿਰ ਦੇ ਜੀਰਾ ਰੋਡ ਤੇ ਅੰਮ੍ਰਿਤਸਰ ਰੋਡ ‘ਤੇ ਚੋਰਾਂ ਵੱਲੋਂ ਬੇਖ਼ੌਫ਼ ਹੋ ਕੇ ਇੱਕ ਹੀ ਰਾਤ ਵਿੱਚ ਪੰਜ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ। ਇਨ੍ਹਾਂ ਘਟਨਾਵਾਂ ਨੇ ਇਲਾਕੇ ਵਿੱਚ ਸਨਸਨੀ ਫੈਲਾ ਦਿੱਤੀ ਹੈ ਅਤੇ ਚੋਰ ਸ਼ਟਰ ਤੋੜ ਕੇ ਦੁਕਾਨਾਂ ਵਿੱਚ ਦਾਖਲ ਹੋਏ ਤੇ ਨਕਦੀ, ਖਾਣ-ਪੀਣ ਦੀਆਂ ਚੀਜ਼ਾਂ, ਕੀਮਤੀ ਵਸਤਾਂ ਅਤੇ ਜ਼ਰੂਰੀ ਦਸਤਾਵੇਜ਼ ਲੈ ਉਡੇ। ਇਸ ਮੌਕੇ ਦੁਕਾਨਦਾਰਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਚੋਰੀ ਦੀ ਘਟਨਾ ਤਕਰੀਬਨ ਤਿੰਨ ਵਜੇ ਸਵੇਰੇ ਵਾਪਰੀ, ਜਦ 5-6 ਨੌਜਵਾਨ ਇੱਕ ਵਰਨਾ ਕਾਰ ਵਿੱਚ ਆਏ। ਉਨ੍ਹਾਂ ਨੇ ਪਹਿਲਾਂ ਇਲਾਕੇ ਦੀ ਰੈਕੀ ਕੀਤੀ ਤੇ ਫਿਰ ਵੱਖ-ਵੱਖ ਦੁਕਾਨਾਂ ਦੇ ਸ਼ਟਰ ਤੋੜ ਕੇ ਅੰਦਰ ਦਾਖਲ ਹੋਏ। ਇੱਕ ਦੁਕਾਨਦਾਰ ਨੇ ਦੱਸਿਆ ਕਿ ਨਾ ਸਿਰਫ ਨਕਦੀ ਰਕਮ ਚੋਰੀ ਹੋਈ, ਸਗੋਂ ਉਸ ਦੇ ਮਹੱਤਵਪੂਰਨ ਦਸਤਾਵੇਜ਼ ਲੈ ਗਏ ਹਨ।



