
ਮੈਲਬੌਰਨ, 10 ਜੂਨ : ਮੈਲਬੌਰਨ ਦੇ ਦੱਖਣ ਵਿੱਚ ਪੈਂਦੇ ਇਲਾਕੇ ਟਰੁਗਨੀਨਾ ਵਿਖੇ ਬੀਤੇ ਦਿਨੀਂ ਵਾਪਰੇ ਇੱਕ ਦਰਦਨਾਕ ਹਾਦਸੇ ਵਿੱਚ ਇੱਕ ਪੰਜਾਬਣ ਅਰਸ਼ਦੀਪ ਕੌਰ ਦੀ ਮੌਤ ਦਾ ਦੁਖਦ ਸਮਾਚਾਰ ਪ੍ਰਾਪਤ ਹੋਇਆ ਹੈ । ਪ੍ਰਾਪਤ ਜਾਣਕਾਰੀ ਅਨੁਸਾਰ 24 ਅਰਸ਼ਦੀਪ ਕੌਰ ਬੁੱਧਵਾਰ ਨੂੰ ਆਪਣੇ ਦੋਸਤ 23 ਸਾਲਾ ਵਿਕਰਮਜੀਤ ਸਿੰਘ ਨਾਲ ਟਰੁਗਨੀਨਾ ਇਲਾਕੇ ਵਿਖੇ ਫੋਰਡ ਮੁਸਟੈਂਗ ਕਾਰ ਵਿੱਚ ਸਵਾਰ ਹੋ ਕੇ ਜਾ ਰਹੇ ਸਨ ਕਿ ਤੇਜ਼ ਰਫ਼ਤਾਰ ਦੇ ਚਲਦਿਆਂ ਉਨਾਂ ਦੀ ਕਾਰ ਸੜਕੇ ਦੇ ਇੱਕ ਪਾਸੇ ਖੜੇ ਟਰਾਲੇ ਦੇ ਨਾਲ ਜਾ ਟਕਰਾਈ ਇਹ ਟੱਕਰ ਏਨੀ ਭਿਆਨਕ ਸੀ ਕਿ ਜਿੱਥੇ ਕਾਰ ਦੇ ਪਰਖੱਚੇ ਉੱਡ ਗਏ ਉੱਥੇ ਹੀ ਪੈਸੰਜਰ ਸੀਟ ਉਤੇ ਬੈਠੀ ਅਰਸ਼ਦੀਪ ਕੌਰ ਦੀ ਮੌਕੇ ‘ਤੇ ਹੀ ਮੌਤ ਹੋ ਗਈ । ਦੁਰਘਟਨਾ ਸਥਾਨ ‘ਤੇ ਪੁੱਜੀ ਮੈਡੀਕਲ ਟੀਮ ਨੇ ਅਗਲੇਰੀ ਕਾਰਵਾਈ ਲਈ ਅਰਸ਼ਦੀਪ ਦੀ ਦੇਹ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਤੇ ਕਾਰ ਚਲਾ ਰਹੇ ਨੌਜਵਾਨ ਵਿਕਰਮਜੀਤ ਸਿੰਘ ਨੂੰ ਸੱਟਾਂ ਦੇ ਚਲਦਿਆਂ ਪੁਲਿਸ ਦੀ ਨਿਗਰਾਨੀ ਹੇਠ ਹਸਪਤਾਲ ਲਿਜਾਇਆ ਗਿਆ । ਮੈਡੀਕਲ ਸਹਾਇਤਾ ਦੇ ਮਗਰੋ ਪੁਲਿਸ ਨੇ ਵਿਕਰਮ ਜੀਤ ਦੇ ਖਿਲਾਫ ਲਾਪਰਵਾਹੀ ਨਾਲ ਕਾਰ ਚਲਾਉਣ ਅਤੇ ਖਤਰਨਾਕ ਡਰਾਇਵੰਗ ਦਾ ਮਾਮਲਾ ਦਰਜ ਕਰਕੇ ਉਸ ਨੂੰ ਮੈਲਬੌਰਨ ਮੈਜਿਸਟ੍ਰੇਟ ਕੋਰਟ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਫਿਲਹਾਲ ਵਿਕਰਮਜੀਤ ਨੂੰ 25000 ਡਾਲਰ ਦੀ ਜ਼ਮਾਨਤ ਤੇ ਸਖ਼ਤ ਸ਼ਰਤਾਂ ਦੇ ਹੇਠ ਰਿਹਾਅ ਕਰ ਦਿੱਤਾ ਹੈ ਜਿਸ ਵਿੱਚ ਉਹ ਦੇਸ਼ ਤੋ ਬਾਹਰ ਨਹੀਂ ਜਾ ਸਕੇਗਾ ਤੇ ਭਵਿੱਖ ਵਿੱਚ ਡਰਾਇਵਿੰਗ ਨਹੀਂ ਕਰ ਸਕੇਗਾ । ਹਫਤੇ ਵਿੱਚ ਦੋ ਵਾਰ ਉਸ ਨੂੰ ਸਬੰਧਤ ਥਾਣੇ ਵਿੱਚ ਹਾਜ਼ਰੀ ਲਗਵਾਉਣੀ ਹੋਵੇਗੀ ਤੇ ਉਸ ਦੀ ਅਗਲੀ ਪੇਸ਼ੀ ਨਵੰਬਰ ਵਿੱਚ ਹੋਵੇਗੀ । ਮ੍ਰਿਤਕ ਅਰਸ਼ਦੀਪ ਕੌਰ ਜੋ ਕਿ ਵਿਕਟੋਰੀਆ ਯੂਨੀਵਰਸਿਟੀ ਦੀ ਵਿਦਿਆਰਥਣ ਸੀ ਤੇ ਚੰਗੇ ਭਵਿੱਖ ਲਈ ਆਸਟ੍ਰੇਲੀਆ ਆਈ ਸੀ ਜਦੋ ਕਿ ਵਿਕਰਮ ਜੀਤ ਵੀ ਆਸਟ੍ਰੇਲੀਆ ਦਾ ਪੱਕਾ ਨਿਵਾਸੀ ਨਹੀਂ ਸੀ ਤੇ ਆਰਜ਼ੀ ਵੀਜ਼ੇ ਉਪਰ ਰਹਿ ਰਿਹਾ ਸੀ। ਖਬਰ ਲਿਖੇ ਜਾਣ ਤੱਕ ਅਰਸ਼ਦੀਪ ਦੇ ਮੈਲਬੌਰਨ ਰਹਿੰਦੇ ਨਜ਼ਦੀਕੀਆਂ ਵਲੋਂ ਉਸ ਦੀ ਦੇਹ ਨੂੰ ਵਾਪਸ ਭਾਰਤ ਭੇਜਣ ਲਈ “ਗੋ ਫੰਡ” ਮੁਹਿੰਮ ਸ਼ੁਰੂ ਕੀਤੀ ਗਈ ਹੈ।



