
ਨਵੀਂ ਦਿੱਲੀ, 26 ਦਸੰਬਰ : ਅਮਰੀਕਾ ਵਿੱਚ ਕਰੀਬ 10 ਸਾਲ ਰਹਿਣ ਤੋਂ ਬਾਅਦ ਇੱਕ ਭਾਰਤੀ ਨਾਗਰਿਕ ਵਾਪਸ ਆਪਣੇ ਦੇਸ਼ ਆਇਆ ਹੈ। ਭਾਰਤ ਆ ਕੇ ਇਸ NRI ਨੇ ਭਾਰਤੀ ਡਾਕਟਰਾਂ ਦੀ ਤਾਰੀਫ਼ ਕੀਤੀ ਅਤੇ ਭਾਰਤ ਦੇ ਹੈਲਥ ਸਿਸਟਮ ਨੂੰ ਅਮਰੀਕਾ ਨਾਲੋਂ ਬਿਹਤਰ ਦੱਸਿਆ। NRI ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ (ਪਹਿਲਾਂ ਟਵਿੱਟਰ) ਅਤੇ ਰੈਡਿਟ (Reddit) ‘ਤੇ ਦੱਸਿਆ ਕਿ ਅਮਰੀਕਾ ਵਿੱਚ ਮਰੀਜ਼ ਨੂੰ ਸਿਰਫ਼ ਨੋਟ ਛਾਪਣ ਵਾਲੀ ਮਸ਼ੀਨ ਸਮਝਿਆ ਜਾਂਦਾ ਹੈ। ਪੋਸਟ ਸਾਂਝੀ ਕਰਦੇ ਹੋਏ ਯੂਜ਼ਰ ਨੇ ਲਿਖਿਆ ਕਿ ‘ਭਾਰਤ ਨੇ ਮੈਨੂੰ ਠੀਕ ਕਰ ਦਿੱਤਾ।
NRI ਨੇ ਕੀਤੀ ਭਾਰਤੀ ਡਾਕਟਰਾਂ ਦੀ ਤਾਰੀਫ਼
ਅਮਰੀਕਾ ਵਿੱਚ 10 ਸਾਲ ਰਹਿਣ ਤੋਂ ਬਾਅਦ ਭਾਰਤ ਵਾਪਸ ਪਰਤੇ ਵਿਅਕਤੀ ਨੇ ਭਾਰਤੀ ਡਾਕਟਰਾਂ ਦੀ ਰੱਜ ਕੇ ਸ਼ਲਾਘਾ ਕੀਤੀ। NRI ਨੇ ਕਿਹਾ, ‘ਭਾਰਤ ਨੇ ਮੈਨੂੰ ਠੀਕ ਕਰ ਦਿੱਤਾ। ਸੱਚਮੁੱਚ ਅਤੇ ਪ੍ਰਤੀਕਾਤਮਕ ਰੂਪ ਵਿੱਚ। ਮੈਂ ਅਮਰੀਕਾ ਵਿੱਚ 10 ਸਾਲ ਬਿਤਾਏ। ਮੇਰੀ ਸਿੱਖਿਆ ਅਤੇ ਕਰੀਅਰ ਲਈ ਉਹ ਸਾਲ ਸ਼ਾਨਦਾਰ ਰਹੇ, ਪਰ ਮੈਨੂੰ ਘਰ ਅਤੇ ਪਰਿਵਾਰ ਦੀ ਬਹੁਤ ਯਾਦ ਆਉਂਦੀ ਸੀ।’ ਅਮਰੀਕਾ ਵਿੱਚ ਇਹ ਵਿਅਕਤੀ ‘ਸਟਾਫ ਡੇਟਾ ਸਾਇੰਟਿਸਟ’ ਵਜੋਂ ਕੰਮ ਕਰ ਰਿਹਾ ਸੀ, ਪਰ 2017 ਵਿੱਚ ਉਸ ਨੂੰ ਸਿਹਤ ਸੰਬੰਧੀ ਸਮੱਸਿਆਵਾਂ ਹੋ ਗਈਆਂ ਅਤੇ ਉਸ ਦੇ ਸਾਹਮਣੇ ਅਮਰੀਕਾ ਦੇ ਹੈਲਥ ਸਿਸਟਮ ਦੀ ਸੱਚਾਈ ਸਾਹਮਣੇ ਆਈ।
ਛੋਟੀ ਜਿਹੀ ਬਿਮਾਰੀ ਨੂੰ ਵੱਡਾ ਬਣਾ ਦਿੱਤਾ
ਰੈਡਿਟ ‘ਤੇ ਇਸ ਵਿਅਕਤੀ ਨੇ ਅੱਗੇ ਲਿਖਿਆ ਕਿ ਅਮਰੀਕੀ ਹੈਲਥਕੇਅਰ ਵਿੱਚ ਕਈ ਅਜਿਹੇ ਡਰਾਉਣੇ ਸ਼ਬਦ ਵਰਤੇ ਜਾਂਦੇ ਹਨ ਜੋ ਕਿਸੇ ਸਧਾਰਨ ਬਿਮਾਰੀ ਨੂੰ ਹਕੀਕਤ ਨਾਲੋਂ ਕਿਤੇ ਵੱਧ ਗੁੰਝਲਦਾਰ ਅਤੇ ਖ਼ਤਰਨਾਕ ਬਣਾ ਦਿੰਦੇ ਹਨ। ਸਾਲ 2018 ਵਿੱਚ ‘ਸਿਜੋਅਫੈਕਟਿਵ ਡਿਸਆਰਡਰ’ (Schizoaffective Disorder) ਹੋ ਜਾਣ ਤੋਂ ਬਾਅਦ ਵੀ ਉਸ ਨੇ ਅਮਰੀਕਾ ਵਿੱਚ ਆਪਣਾ ਕੰਮ ਜਾਰੀ ਰੱਖਿਆ, ਪਰ ਅਮਰੀਕੀ ਡਾਕਟਰਾਂ ਵੱਲੋਂ ਮਿਲ ਰਹੀ ਰਾਇ ‘ਤੇ ਸਵਾਲ ਉਠਾਏ। ਉਸ ਨੇ ਅੱਗੇ ਲਿਖਿਆ, ‘ਜੇਕਰ ਮੈਨੂੰ ਅਜੇ ਵੀ ਸਿਜੋਫਰੇਨੀਆ ਹੁੰਦਾ, ਤਾਂ ਮੈਂ ਡਿਗਰੀ ਅਤੇ ਨੌਕਰੀ ਕਦੇ ਨਾ ਕਰ ਪਾਉਂਦਾ। ਸਿਜੋਫਰੇਨੀਆ ਤੋਂ ਪੀੜਤ ਲੋਕਾਂ ਨੂੰ ਭਰਮ (Hallucinations) ਅਤੇ ਵਹਿਮ ਹੁੰਦੇ ਹਨ।
‘ਭਾਰਤ ਦੇ ਡਾਕਟਰ ਪਰਵਾਹ ਕਰਦੇ ਹਨ
ਯੂਜ਼ਰ ਨੇ ਦੱਸਿਆ, ‘ਮੈਂ ਆਪਣੀ ਬਿਮਾਰੀ ਨੂੰ ਲੈ ਕੇ ਇੱਕ ਹੋਰ ਡਾਕਟਰ ਦੀ ਰਾਇ ਲਈ। ਇਸ ਦੇ ਲਈ ਮੈਂ ਭਾਰਤ ਦੇ ਚੋਟੀ ਦੇ ਮਨੋਵਿਗਿਆਨਕ ਹਸਪਤਾਲ, ਬੈਂਗਲੁਰੂ ਦੇ NIMHANS ਵਿੱਚ ਇੱਕ ਪ੍ਰਮੁੱਖ ਮਨੋਵਿਗਿਆਨੀ ਨਾਲ ਗੱਲ ਕੀਤੀ। ‘ਬੈਂਗਲੁਰੂ ਦੇ ਡਾਕਟਰ ਨੇ ਮੈਨੂੰ ਦੱਸਿਆ ਕਿ ਮੇਰਾ ਸਿਜੋਅਫੈਕਟਿਵ ਡਿਸਆਰਡਰ ਪਿਛਲੇ ਕੁਝ ਸਮੇਂ ਤੋਂ ਕਾਬੂ ਹੇਠ ਹੈ। ਹੁਣ ਮੈਨੂੰ ਸਿਰਫ਼ ਮੂਡ ਡਿਸਆਰਡਰ ਅਤੇ ਕਦੇ-ਕਦਾਈਂ ਹੋਣ ਵਾਲੀ ਚਿੰਤਾ (Anxiety) ਹੈ। NRI ਨੇ ਅੱਗੇ ਦੱਸਿਆ, ‘ਮੈਂ ਪਿਛਲੇ ਸਾਲ ਭਾਰਤ ਵਾਪਸ ਆ ਗਿਆ। ਮੈਂ ਠੀਕ ਹੋ ਚੁੱਕਾ ਹਾਂ। ਫਿਰ ਵੀ ਕੁਝ ਨਹੀਂ ਬਦਲਿਆ, ਬੱਸ ਇੱਕ ਅਜਿਹੀ ਸਿਹਤ ਸੇਵਾ ਅਤੇ ਡਾਕਟਰ ਮਿਲ ਗਏ ਹਨ ਜੋ ਮੇਰੀ ਪਰਵਾਹ ਕਰਦੇ ਹਨ ਅਤੇ ਮੈਨੂੰ ਪੈਸੇ ਕਮਾਉਣ ਵਾਲੀ ਮਸ਼ੀਨ ਨਹੀਂ ਸਮਝਦੇ।



