
ਬਾਲ ਕਿਸ਼ਨ
ਫਿਰੋਜ਼ਪੁਰ, 8 ਅਕਤੂਬਰ : ਸਾਰਾਗੜ੍ਹੀ ਮੈਮੋਰੀਅਲ ਮੈਰੀਟੋਰੀਅਸ ਸਕੂਲ ਹਕੂਮਤ ਸਿੰਘ ਵਾਲਾ, ਫ਼ਿਰੋਜ਼ਪੁਰ ਵਿਖੇ ‘ਵਿਸ਼ਵ ਅਧਿਆਪਕ ਦਿਵਸ’ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਕਮ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਸਤਿੰਦਰ ਸਿੰਘ ਨੇ ਅਧਿਆਪਕਾਂ ਤੇ ਵਿਦਿਆਰਥੀਆਂ ਦੇ ਰੂਬਰੂ ਹੁੰਦਿਆਂ ਉਨ੍ਹਾਂ ਨੂੰ ਇਸ ਦਿਨ ਦੀ ਮੁਬਾਰਕਬਾਦ ਦਿੱਤੀ ਤੇ 35 ਅਧਿਆਪਕਾਂ ਨੂੰ ਉਨ੍ਹਾਂ ਦੇ ਵੱਖ-ਵੱਖ ਖੇਤਰਾਂ ਦੀਆਂ ਪ੍ਰਾਪਤੀਆਂ ਲਈ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੇ ਇਕ ਆਦਰਸ਼ ਅਧਿਆਪਕ ਹੋਣ ਦੀ ਪ੍ਰੇਰਨਾ ਦਿੰਦਿਆਂ ਕਿਹਾ ਕਿ ਵਿਦਿਆਰਥੀਆਂ ਦੀ ਜ਼ਿੰਦਗੀ ਵਿਚ ਉਨ੍ਹਾਂ ਦਾ ਸਹੀ ਮਾਰਗ ਦਰਸ਼ਕ ਇਕ ਸੱਚਾ ਅਧਿਆਪਕ ਹੀ ਹੋ ਸਕਦਾ ਹੈ ਜਿਸ ਦੀ ਉਚਿੱਤ ਅਗਵਾਈ ਤੇ ਪ੍ਰੇਰਨਾ ਸਦਕਾ ਵਿਦਿਆਰਥੀ ਜੀਵਨ ਵਿਚ ਸਫਲਤਾ ਦੇ ਉੱਚੇ ਮੁਕਾਮ ਹਾਸਲ ਕਰਦੇ ਹਨ। ਪ੍ਰਿੰਸੀਪਲ ਨੇ ਅਜਿਹੀਆਂ ਕਈ ਮਿਸਾਲਾਂ ਦਿੱਤੀਆਂ ਜੋ ਸਫ਼ਲ ਅਧਿਆਪਕ ਬਣਨ ਲਈ ਪ੍ਰੇਰਨਾਤਮਕ ਰਾਹ-ਦਸੇਰਾ ਬਣਦੀਆਂ ਸਨ। ਇਸ ਸਨਮਾਨ ਸਮਾਰੋਹ ਦਾ ਵਿਸ਼ੇਸ਼ ਆਕਰਸ਼ਣ ਇਹ ਰਿਹਾ ਕਿ ਇਸ ਵਿਚ ਵਿਦਿਆਰਥੀਆਂ ਨੇ ਅਧਿਆਪਕਾਂ ਨੂੰ ਸਮਰਪਿਤ ਕਵਿਤਾਵਾਂ ਅਤੇ ਭਾਸ਼ਣ ਰਾਹੀਂ ਵਿਦਿਆਰਥੀਆਂ ਦਾ ਅਧਿਆਪਕਾਂ ਪ੍ਰਤੀ ਪਿਆਰ, ਅਪਣੱਤ ਤੇ ਸਨਮਾਨਜਨਕ ਨਜ਼ਰੀਆ ਬੇਹੱਦ ਪ੍ਰਭਾਵਸ਼ਾਲੀ ਤਰੀਕੇ ਨਾਲ ਪ੍ਰਗਟ ਕੀਤਾ। ਅੰਤ ਵਿਚ ਵਾਇਸ ਪ੍ਰਿੰਸੀਪਲ ਸੁਕੀਰਤੀ ਸ਼ਰਮਾ ਨੇ ਧੰਨਵਾਦ ਕਰਦਿਆਂ ਅਧਿਆਪਕਾਂ ਨੂੰ ਭਵਿੱਖ ਵਿਚ ਹੋਰ ਵਧੇਰੇ ਮਿਹਨਤ ਕਰਕੇ ਵਿਦਿਆਰਥੀਆਂ ਅਤੇ ਸਕੂਲ ਦੇ ਉਜਵੱਲ ਭਵਿੱਖ ਦੀ ਕਾਮਨਾ ਕੀਤੀ। ਇਸ ਸਮਾਗਮ ਵਿਚ ਸਟੇਜ ਸੰਚਾਲਨ ਦੀ ਭੂਮਿਕਾ ਲੈਕਚਰਾਰ ਸਾਕਸ਼ੀ ਸਹਿਗਲ ਵੱਲੋਂ ਨਿਭਾਉਂਦੇ ਹੋਏ ਅਧਿਆਪਕ ਦਿਵਸ ਦੀ ਮਹੱਤਤਾ ਅਤੇ ਵਿਦਿਆਰਥੀ ਜੀਵਨ ਵਿਚ ਉਨ੍ਹਾਂ ਦੀ ਮਹੱਤਤਾ ਉਪਰ ਸੁਚੱਜੇ ਢੰਗ ਨਾਲ ਚਾਨਣਾ ਪਾਇਆ। ਇਸ ਮੌਕੇ ਸਕੂਲ ਦੇ ਵਾਈਸ ਪ੍ਰਿੰਸੀਪਲ ਸੁਕੀਰਤੀ ਸ਼ਰਮਾ, ਗੁਰਪ੍ਰੀਤ ਕੌਰ, ਸੀਮਾ ਰਾਣੀ, ਜਸਵਿੰਦਰ ਸਿੰਘ, ਰੂਪਪ੍ਰੀਤ ਕੌਰ, ਗਗਨਦੀਪ ਕੌਰ, ਗਿੰਨੀ ਬਾਂਸਲ, ਲਕਸ਼ਮੀ, ਮਨੋਜ, ਅਮਰ ਵਰਮਾ ਲੈਕਚਰਾਰ ਤੇ ਸਮੂਹ ਸਟਾਫ ਹਾਜ਼ਰ ਰਿਹਾ।



