
ਜ਼ੀਰਾ, 8 ਅਕਤੂਬਰ : ਐਂਟੀ ਕੁਰੱਪਸ਼ਨ ਫਾਊਂਡੇਸ਼ਨ ਆਫ ਇੰਡੀਆ (ਰਜਿ.) ਜੋ ਆਰਟੀਏ ਨੀਤੀ ਉਦਯੋਗ ਅਤੇ ਐੱਮਐੱਸਐੱਮਈ ਮੰਤਰਾਲਾ ਅਧੀਨ ਕੇਂਦਰੀ ਵਿਜੀਲੈਂਸ ਕਮਿਸ਼ਨ ਦੁਆਰਾ ਪ੍ਰਮਾਣਿਤ ਹੈ, ਵੱਲੋਂ ਹੈੱਡ ਆਫਿਸ ਕਰਨਾਲ ਵਿਖੇ ਵਿਸ਼ਾਲ ਰਾਸ਼ਟਰੀ ਸਮਾਗਮ ਆਯੋਜਿਤ ਕੀਤਾ ਗਿਆ। ਸਮਾਗਮ ਦੀ ਅਗਵਾਈ ਨੈਸ਼ਨਲ ਚੀਫ ਸੁਪਰੀਮੋ ਨਰਿੰਦਰ ਅਰੋੜਾ ਫ਼ਿਰੋਜ਼ਪੁਰ ਨੇ ਕੀਤੀ। ਇਸ ਮੌਕੇ ਉਨ੍ਹਾਂ ਸਮੇਤ ਨੈਸ਼ਨਲ ਚੀਫ ਡਾਇਰੈਕਟਰ ਐਲਵੀਨ ਭੱਟੀ ਫਿਰੋਜ਼ਪੁਰ ਅਤੇ ਹੋਰ ਅਹੁਦੇਦਾਰਾਂ ਨੂੰ ਉਤਕ੍ਰਿਸ਼ਟ ਸੇਵਾਵਾਂ ਲਈ ਵਿਸ਼ੇਸ਼ ਸਨਮਾਨ ਪ੍ਰਦਾਨ ਕੀਤਾ ਗਿਆ। ਇਸ ਸਮਾਗਮ ਵਿਚ ਦੇਸ਼ ਦੇ 18 ਰਾਜਾਂ ਤੋਂ ਐਂਟੀ ਕੁਰੱਪਸ਼ਨ ਫਾਊਂਡੇਸ਼ਨ ਨਾਲ ਜੁੜੇ ਕਾਰਜਕਾਰੀ ਮੈਂਬਰਾਂ, ਜ਼ਿਲ੍ਹਾ ਅਤੇ ਰਾਜ ਨਿਰਦੇਸ਼ਕਾਂ ਨੇ ਭਾਗ ਲਿਆ। ਪ੍ਰੋਗਰਾਮ ਵਿਚ ਵਿਸ਼ੇਸ਼ ਰੂਪ ਵਿਚ ਪ੍ਰਸਿੱਧ ਫ਼ਿਲਮੀ ਅਦਾਕਾਰਾ ਪਦਮਿਨੀ ਕੋਹਲਾਪੁਰੀ, ਸ਼ਾਬਾਜ਼ ਖਾਨ ਅਤੇ ਵਿਜੇ ਟੰਡਨ ਨੇ ਹਾਜ਼ਰੀ ਭਰੀ। ਸਮਾਗਮ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਕਰੱਪਸ਼ਨ ਵਿਰੋਧੀ ਗਤੀਵਿਧੀਆਂ ਤੇ ਫਾਊਂਡੇਸ਼ਨ ਦੇ ਜਾਗਰੂਕਤਾ ਮੁਹਿੰਮਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸੰਗਠਨ ਨਾ ਸਿਰਫ਼ ਕੁਰੱਪਸ਼ਨ ਖ਼ਿਲਾਫ਼ ਜੰਗ ਲੜ ਰਿਹਾ ਹੈ, ਬਲਕਿ ਵਿਦਿਆਰਥੀਆਂ ਅਤੇ ਆਮ ਜਨਤਾ ਵਿਚ ਭ੍ਰਿਸ਼ਟਾਚਾਰ ਰੋਕੂ ਸੋਚ ਪੈਦਾ ਕਰਨ ਲਈ ਵੀ ਨਿਰੰਤਰ ਯਤਨਸ਼ੀਲ ਹੈ। ਇਸ ਦੌਰਾਨ ਉਤਕ੍ਰਿਸ਼ਟ ਕਾਰਗੁਜ਼ਾਰੀ ਕਰਨ ਵਾਲੇ ਮੈਂਬਰਾਂ ਨੂੰ ਗਲੋਬਲ ਵਿਜ਼ਨਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ, ਜੋ ਭਾਰਤ ਦੇ ਪ੍ਰਧਾਨ ਮੰਤਰੀ ਦੇ ਮਿਸ਼ਨ “ਗਲੋਬਲ ਵਿਜ਼ਨ” ਨੂੰ ਸਮਰਪਿਤ ਸੀ। ਨਰਿੰਦਰ ਅਰੋੜਾ ਜ਼ੀਰਾ ਅਤੇ ਐਲਵੀਨ ਭੱਟੀ ਫਿਰੋਜ਼ਪੁਰ ਸਮੇਤ ਕਈ ਹੋਰ ਅਹੁਦੇਦਾਰਾਂ ਨੂੰ ਇਹ ਐਵਾਰਡ ਫ਼ਿਲਮੀ ਅਦਾਕਾਰਾ ਪਦਮਿਨੀ ਕੋਹਲਾਪੁਰੀ, ਸ਼ਾਬਾਜ਼ ਖਾਨ ਅਤੇ ਵਿਜੇ ਟੰਡਨ ਵੱਲੋਂ ਪ੍ਰਦਾਨ ਕੀਤਾ ਗਿਆ। ਇਸ ਮੌਕੇ ਫ਼ਿਰੋਜ਼ਪੁਰ ਟੀਮ ਦੇ ਅੰਗਰੇਜ਼ ਸਿੰਘ, ਕੈਪਟਨ ਹੋਸ਼ਿਆਰ ਸਿੰਘ, ਇੰਜੀ. ਨਵਨੀਤ ਕੁਮਾਰ, ਡਾ. ਰਾਮਸਵਰੂਪ, ਜ਼ੀਰਾ ਤੋਂ ਰਮੇਸ਼ ਚੰਦਰ, ਵੀਰ ਸਿੰਘ ਚਾਵਲਾ ਤੇ ਅਸ਼ੋਕ ਕੁਮਾਰ ਕਥੂਰੀਆ ਸਮੇਤ ਕਈ ਹਸਤੀਆਂ ਹਾਜ਼ਰ ਸਨ।



