
ਜਲੰਧਰ, 21 ਜੁਲਾਈ : ਬਚਿੰਤ ਨਗਰ ’ਚ ਸੀਵਰੇਜ ਦੀ ਸਮੱਸਿਆ ਨੂੰ ਲੈ ਕੇ ਮੇਅਰ ਨੂੰ ਮਿਲਣ ਦੇ ਬਾਵਜੂਦ ਸਮਸਿੱਆ ਹੱਲ ਨਹੀਂ ਹੋਈ, ਜਿਸ ਕਾਰਨ ਲੋਕਾਂ ਦਾ ਨਗਰ ਨਿਗਮ ਪ੍ਰਤੀ ਬੇਵਸਾਹੀ ਪੈਦਾ ਹੁੰਦੀ ਜਾ ਰਹੀ ਹੈ। ਬਚਿੰਤ ਨਗਰ ਨਿਵਾਸੀ ਜੋਗਿੰਦਰਪਾਲ ਸ਼ਰਮਾ ਜਿਹੜੇ ਪਿਛਲੇ ਦਿਨੀਂ ਮੇਅਰ ਵਿਨੀਤ ਧੀਰ ਨੂੰ ਮਿਲੇ ਸਨ ਤੇ ਆਪਣੇ ਬਚਿੰਤ ਨਗਰ ਸਮੇਤ ਹੋਰ ਇਲਾਕਿਆਂ ਦੀਆਂ ਸਮੱਸਿਆਵਾਂ ਬਾਰੇ ਵੀ ਜਾਣੂ ਕਰਾਇਆ ਸੀ ਪਰ ਮੇਅਰ ਵੱਲੋਂ ਸੀਵਰੇਜ ਸਮੱਸਿਆ ਹੱਲ ਹੋਣ ਦਾ ਭਰੋਸਾ ਦਿੱਤਾ ਗਿਆ ਸੀ ਪਰ ਇਸ ਦੇ ਬਾਵਜੂਦ ਸੀਵਰੇਜ ਦੀ ਸਮੱਸਿਆ ਹੱਲ ਨਹੀਂ ਹੋਈ। ਉਨ੍ਹਾਂ ਕਿਹਾ ਕਿ ਸੀਵਰੇਜ ਦਾ ਗੰਦਾ ਪਾਣੀ ਗਲੀਆਂ ’ਚ ਖੜ੍ਹਾ ਹੋਣ ਕਾਰਨ ਜਿਥੇ ਮੱਛਰ ਪੈਦਾ ਹੋ ਗਏ ਹਨ, ਉਥੇ ਵਾਤਾਵਰਨ ਦੂਸ਼ਿਤ ਹੋਣ ਕਾਰਨ ਮਹਾਂਮਾਰੀ ਫੈਲਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਐਤਵਾਰ ਨੂੰ ਇਲਾਕੇ ਦੇ ਲੋਕਾਂ ਨੇ ਸੀਵਰੇਜ ਸਮੱਸਿਆ ਦਾ ਹੱਲ ਨਾ ਹੋਣ ਕਾਰਨ ਲੋਕਾਂ ਨੇ ਨਗਰ ਨਿਗਮ ਦਾ ਜੋਰਦਾਰ ਵਿਰੋਧ ਕੀਤਾ। ਵਿਰੋਧ ਕਰਨ ਵਾਲਿਆਂ ’ਚ ਜੋਗਿੰਦਰ ਸ਼ਰਮਾ ਤੋਂ ਇਲਾਵਾ ਅਭੀ ਗੁਪਤਾ, ਸੋਨੂੰ ਸੇਠ, ਰਾਕੇਸ਼ ਕੁਮਾਰ, ਰਵੀ ਕੁਮਾਰ, ਸੁਮਨ ਦੇਵੀ ਚੰਦਰਾਵਤੀ ਤੇ ਆਰਤੀ ਆਦਿ ਸ਼ਾਮਲ ਸਨ। ਮੈਨਹੋਲ ਦੇ ਢੱਕਣ ਲਾਉਣ ਦੀ ਮੰਗ ਗਦਈਪੁਰ ਦੀ ਮੇਨ ਰੋਡ ’ਤੇ ਸੀਵਰੇਜ ਦੇ ਮੇਨ ਹੋਲਾਂ ਦੇ ਢੱਕਣ ਨਾ ਹੋਣ ਕਾਰਨ ਕਿਸੇ ਵੀ ਸਮੇਂ ਵੱਡਾ ਹਾਦਸਾ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਗਦਈਪੁਰ ਦੇ ਮੇਨ ਰੋਡ ’ਤੇ ਜੇ ਢੱਕਣ ਲਾਉਣ ਲਈ ਉਸ ਦਾ ਢਾਂਚਾ ਦਿੱਤਾ ਵੀ ਗਿਆ ਪਰ ਠੇਕੇਦਾਰ ਉਸੇ ਤਰ੍ਹਾਂ ਹੀ ਸੁੱਟ ਕੇ ਚਲਾ ਗਿਆ ਤੇ ਇਸ ਤੋਂ ਇਲਾਵਾ ਇਸੇ ਹੀ ਰੋਡ ’ਤੇ ਇਕ ਹੋਰ ਮੇਨ ਹੋਲ ਹੈ ਜਿਸ ਦਾ ਢੱਕਣ ਹੀ ਨਹੀਂ ਤੇ ਰਾਤ ਦੇ ਸਮੇਂ ਕੋਈ ਵੀ ਵੱਡਾ ਹਾਦਸਾ ਹੋ ਸਕਦਾ ਹੈ। ਨਿਯਮ ਇਹ ਕਹਿੰਦਾ ਹੈ ਕਿ ਜਦੋਂ ਵੀ ਕੋਈ ਠੇਕੇਦਾਰ ਸੜਕ ਬਣਾਉਂਦਾ ਹੈ ਤਾਂ ਸੜਕ ’ਤੇ ਆਉਣ ਵਾਲੇ ਸੀਵਰੇਜ ਦੇ ਮੈਨਹੋਲਾਂ ਬਾਰੇ ਐੱਨਓਸੀ ਲੈਣੀ ਲਾਜ਼ਮੀ ਹੈ ਤੇ ਐੱਨਓਸੀ ਨਗਰ ਨਿਗਮ ਦੀ ਓਐਂਡਐੱਮ ਬਰਾਂਚ ਵੱਲੋਂ ਦਿੱਤੀ ਜਾਂਦੀ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਜਦੋਂ ਵੀ ਕੋਈ ਠੇਕੇਦਾਰ ਸੜਕ ਆਦਿ ਬਨਾਉਂਦਾ ਹੈ ਤਾਂ ਉਹ ਕਈ ਵਾਰ ਮੈਨਹੋਲ ਵੀ ਸੜਕ ਹੇਠ ਦਬ ਦਿੰਦਾ ਹੈ। ਇਸ ਦੀ ਮਿਸਾਲ ਬਸਤੀ ਬਾਵਾਖੇਲ ਦੇ ਸੀਵਰੇਜ ਤੋਂ ਮਿਲਦੀ ਹੈ, ਜਿਹੜਾ ਕਿ ਕਈ ਸਾਲਾਂ ਤੋਂ ਬੰਦ ਰਹਿੰਦਾ ਹੈ ਤੇ ਨਗਰ ਨਿਗਮ ਦੀ ਓਐਂਡਐੱਮ ਬਰਾਂਚ ਨੇ ਕਈ ਮੈਨਹੋਲ ਸੜਕ ਹੇਠੋਂ ਜਾਂ ਲੋਕਾਂ ਵੱਲੋਂ ਕੀਤੇ ਗਏ ਨਾਜਾਇਜ਼ ਕਬਜਿ਼ਆਂ ਹੇਠੋਂ ਖੋਜੇ ਹਨ ਤੇ ਉਥੇ ਨਵਾਂ ਸੀਵਰੇਜ ਪੈਣ ਦੇ ਬਾਵਜੂਦ ਵੀ ਅਜੇ ਸਮੱਸਿਆ ਬਰਕਰਾਰ ਹੈ। ਇਸ ਲਈ ਇਹ ਪਤਾ ਲਾਉਣਾ ਲਾਜ਼ਮੀ ਹੈ ਕਿ ਠੇਕੇਦਾਰ ਐੱਨਓਸੀ ਲਏ ਬਿਨਾਂ ਕਿਸ ਤਰ੍ਹਾਂ ਸੜਕਾਂ ਦੇ ਬਿੱਲ ਪਾਸ ਕਰਾਉਂਦੇ ਹਨ ਤੇ ਉਨ੍ਹਾਂ ਦੇ ਕੰਮ ਦੀ ਚੈਕਿੰਗ ਦੌਰਾਨ ਅਧਿਕਾਰੀਆਂ ਦੀ ਮਿਲੀ ਭੁਗਤ ਦੀ ਚਰਚਾ ਹੈ।



