Punjab

ਮੀਟਿੰਗ ਦੌਰਾਨ ਆਂਗਨਵਾੜੀ ਵਰਕਰ ਨੂੰ ਪਿਆ ਦਿਲ ਦਾ ਦੌਰਾ, ਮੌਤ

ਧੂਰੀ, 5 ਜੁਲਾਈ : ਨਜ਼ਦੀਕੀ ਪਿੰਡ ਲੱਡਾ ਵਿਚ ਆਂਗਨਵਾੜੀ ਵਰਕਰਾਂ ਦੀ ਮੀਟਿੰਗ ਦੌਰਾਨ ਇਕ ਵਰਕਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਉਸਦੀ ਮੌਤ ਹੋ ਗਈ। ਆਂਗਨਵਾੜੀ ਵਰਕਰਾਂ ਨੇ ਪਰਿਵਾਰ ਲਈ ਨੌਕਰੀ ਦੀ ਮੰਗ ਕੀਤੀ। ਨੇੜਲੇ ਪਿੰਡ ਬੇਨੜਾ ਦੀ ਰਹਿਣ ਵਾਲੀ ਸਰਬਜੀਤ ਕੌਰ (50) ਪਿਛਲੇ 25 ਸਾਲ ਤੋ ਆਂਗਨਵਾੜੀ ਵਰਕਰ ਨੌਕਰੀ ਕਰਦੀ ਆ ਰਹੀ ਸੀ। ਸ਼ੁੱਕਰਵਾਰ ਨੂੰ ਪਿੰਡ ਲੱਡਾ ਵਿਖੇ ਰੱਖੀ ਗਈ ਆਂਗਨਵਾੜੀ ਵਰਕਰਾਂ ਦੀ ਮੀਟਿੰਗ ਦੌਰਾਨ ਉਸਦੀ ਮੌਤ ਹੋ ਗਈ। ਆਂਗਨਵਾੜੀ ਵਰਕਰ ਜਥੇਬੰਦੀ ਦੀ ਜ਼ਿਲ੍ਹਾ ਵਰਕਿੰਗ ਪ੍ਰਧਾਨ ਮਨਦੀਪ ਕੁਮਾਰੀ ਤੇ ਅਮਰਜੀਤ ਕੌਰ ਨੇ ਬਾਲ ਵਿਕਾਸ ਵਿਭਾਗ ਦੀ ਅਫਸਰਸ਼ਾਹੀ ਉੱਪਰ ਦੋਸ਼ ਲਗਾਉਂਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਆਂਗਨਵਾੜੀ ਵਰਕਰਾਂ ਨੂੰ ਦਿੱਤੇ ਜਾ ਰਹੇ ਬੇਲੋੜੇ ਵਾਧੂ ਕੰਮ ਦੇ ਚਲਦਿਆਂ ਹੀ ਦਿਮਾਗੀ ਤਨਾਓ ਦੇ ਕਾਰਨ ਸਰਬਜੀਤ ਕੌਰ ਦੀ ਮੌਤ ਅਟੈਕ ਹੋਣ ਨਾਲ ਹੋਈ ਹੈ। ਉਨ੍ਹਾਂ ਕਿਹਾ ਕਿ ਅਸੀਂ ਅੱਜ ਮ੍ਰਿਤਕਾ ਸਰਬਜੀਤ ਕੌਰ ਦੀ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਧੂਰੀ ਵਿਖੇ ਲਿਆਂਦੀ ਹੈ ਅਤੇ ਪੂਰੀ ਜਥੇਬੰਦੀ ਸਰਬਜੀਤ ਕੌਰ ਦੇ ਪਰਿਵਾਰਕ ਮੈਂਬਰਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਮ੍ਰਿਤਕਾ ਦੇ ਪਰਿਵਾਰਿਕ ਮੈਂਬਰਾਂ ਨੂੰ ਇਨਸਾਫ਼ ਨਾ ਮਿਲਿਆ ਤਾਂ ਜਥੇਬੰਦੀ ਇਕ ਵੱਡਾ ਸੰਘਰਸ਼ ਉਲੀਕੇਗੀ। ਇਸ ਮੌਕੇ ਸਿਵਲ ਹਸਪਤਾਲ ਧੂਰੀ ਵਿਖੇ ਪਹੁੰਚੇ ਸੀਡੀਪੀਓ ਹਰਬੰਸ ਸਿੰਘ ਨੇ ਦੱਸਿਆ ਕਿ ਆਂਗਨਵਾੜੀ ਵਰਕਰਾਂ ਨੂੰ ਜੋ ਕੰਮ ਦਿੱਤਾ ਜਾ ਰਿਹਾ ਹੈ ਇਹ ਭਾਰਤ ਸਰਕਾਰ ਦੀਆਂ ਸਕੀਮਾਂ ਦਾ ਹਿੱਸਾ ਹੈ। ਇਸ ਵਿੱਚ ਜੋ ਆਂਗਨਵਾੜੀ ਵਿਭਾਗ ਦੇ ਲਾਭਪਾਤਰੀ ਹਨ ਉਨ੍ਹਾਂ ਤੱਕ ਰਾਸ਼ਨ ਆਨਲਾਈਨ ਪਹੁੰਚਾਉਣ ਲਈ ਇਸ ਐੱਫਆਰਐੱਸ ਸਕੀਮ ਨੂੰ 15 ਜੁਲਾਈ ਤੱਕ ਲਾਗੂ ਕਰਵਾਉਣ ਲਈ ਕੇਂਦਰ ਸਰਕਾਰ ਦੀਆਂ ਸਕੀਮਾਂ ਅਨੁਸਾਰ ਹੀ ਕੰਮ ਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕਾ ਦੇ ਪਰਿਵਾਰ ਦੀ ਕਾਨੂੰਨ ਅਨੁਸਾਰ ਹਰ ਸੰਭਵ ਮਦਦ ਕੀਤੀ ਜਾਵੇਗੀ।

Related Articles

Leave a Reply

Your email address will not be published. Required fields are marked *

Back to top button