
ਰਾਜਪੁਰਾ, 5 ਜੁਲਾਈ : ਥਾਣਾ ਖੇੜੀ ਗੰਡਿਆਂ ਦੀ ਪੁਲਿਸ ਨੇ ਵਿਦੇਸ਼ ਭੇਜਣ ਦੇ ਨਾਮ ’ਤੇ 13 ਲੱਖ ਰੁਪਏ ਦੀ ਧੋਖਾਧੜੀ ਦੇ ਮਾਮਲੇ ’ਚ ਇਕ ਵਿਅਕਤੀ ਵੱਲੋਂ ਸਲਫਾਸ ਦੀਆਂ ਗੋਲੀਆਂ ਖਾ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲੈਣ ’ਤੇ ਚਾਰ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਖੇੜੀ ਗੰਡਿਆਂ ਪੁਲਿਸ ਕੋਲ ਨਾਜਰ ਖਾਨ ਵਾਸੀ ਚੌਹਾਨ ਕਾਲੋਨੀ ਪਿੰਡ ਸੈਦਖੇੜੀ ਨੇ ਬਿਆਨ ਦਰਜ ਕਰਵਾਏ ਹਨ ਕਿ ਉਸ ਨੇ ਆਪਣੇ ਭਰਾ ਰਫੀ ਮੁਹੰਮਦ (35) ਨੂੰ ਵਿਦੇਸ਼ ਭੇਜਣ ਲਈ ਜਤਿੰਦਰ ਸਿੰਘ ਵਾਸੀ ਉੱਧਮ ਸਿੰਘ ਕਾਲੋਨੀ ਪਿੰਡ ਧਮੌਲੀ, ਹਰਿੰਦਰ ਸਿੰਘ ਵਾਸੀ ਪੀਰ ਕਾਲੌਨੀ ਪਿੰਡ ਸੈਦਖੇੜੀ, ਲਖਵਿੰਦਰ ਸਿੰਘ ਵਾਸੀ ਮਾਛੀਵਾੜਾ (ਖੰਨਾ) ਤੇ ਅਮਰੀਕ ਸਿੰਘ ਵਾਸੀ ਫਰੀਦਕੋਟ ਨੂੰ 13 ਲੱਖ ਰੁਪਏ ਦਿੱਤੇ ਸਨ। ਪਰ ਉਕਤਾਂ ਨੇ ਨਾ ਤਾਂ ਉਸ ਦੇ ਭਰਾ ਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਕਰ ਰਹੇ ਹਨ। ਜਿਸ ਤੋਂ ਤੰਗ ਆ ਕੇ ਉਸਦੇ ਭਰਾ ਰਫੀ ਮੁਹੰਮਦ ਨੇ ਸਲਫਾਸ ਦੀਆਂ ਗੋਲ਼ੀਆਂ ਖਾ ਲਈਆਂ ਅਤੇ ਸਥਾਨਕ ਇਕ ਨਿੱਜੀ ਹਸਪਤਾਲ ’ਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਥਾਣਾ ਖੇੜੀ ਗੰਡਿਆਂ ਦੀ ਪੁਲਿਸ ਨੇ ਉਕਤ ਚਾਰਾਂ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।



