ਮੀਂਹ ਤੋਂ ਬਾਅਦ ਨਮੀ ਤੇ ਗਰਮੀ ਕਾਰਨ ਝੋਨੇ ‘ਤੇ ਕਈ ਬਿਮਾਰੀਆਂ ਦਾ ਹਮਲਾ
ਗੋਭ ਦੀ ਸੁੰਡੀ ਤੇ ਝੁਲਸ ਰੋਗ ਲੱਗਾ, ਚਿੰਤਾ 'ਚ ਕਿਸਾਨ

ਕੋਟ ਈਸੇ ਖਾਂ, 12 ਸਤੰਬਰ : ਲਗਾਤਾਰ ਪਈ ਬਾਰਿਸ਼ ਤੋਂ ਬਾਅਦ ‘ਚ ਵਧੀ ਗਰਮੀ ਅਤੇ ਹੁੰਮਸ ਕਾਰਨ ਝੋਨੇ ਦੀ ਫਸਲ ਤੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਨੇ ਹਮਲਾ ਬੋਲ ਦਿੱਤਾ ਹੈ, ਜਿਸ ਨੂੰ ਲੈ ਕੇ ਕਿਸਾਨ ਚਿੰਤਾ ਵਿਚ ਹਨ ਅਤੇ ਉਹ ਖੇਤੀ ਮਾਹਿਰਾਂ ਦੀਆਂ ਸਿਫਾਰਿਸ਼ਾਂ ਮੁਤਾਬਿਕ ਫਸਲ ਤੇ ਸਪਰੇਅ ਦਾ ਛਿੜਕਾਅ ਕਰਨ ਵਿਚ ਰੁੱਝੇ ਹੋਏ ਹਨ। ਦੂਜੇ ਪਾਸੇ ਲਾਲ ਮਿਰਚਾਂ ਨੂੰ ਉੱਲੀ ਰੋਗ ਲੱਗਣ ਕਾਰਨ ਮਿਰਚਾਂ ਦੀ ਫਸਲ ਖਰਾਬ ਹੋ ਰਹੀ ਹੈ ਅਤੇ ਉਤਪਾਦਕਾ ਨੂੰ ਨੁਕਸਾਨ ਹੋਣ ਦਾ ਡਰ ਸਤਾ ਰਿਹਾ ਹੈ। ਖੇਤੀਬਾੜੀ ਵਿਭਾਗ ਵੱਲੋਂ ਵੀ ਪਿੰਡ ਪਿੰਡ ਜਾਗਰੂਕਤਾ ਕੈਂਪ ਲਗਾ ਕੇ ਕਿਸਾਨਾਂ ਨੂੰ ਲੋੜ ਅਨੁਸਾਰ ਦਵਾਈਆਂ ਵਰਤਣ ਦੀ ਸਲਾਹ ਦਿੱਤੀ ਜਾ ਰਹੀ ਹੈ। ਕਸਬੇ ਦੇ ਨੇੜਲੇ ਪਿੰਡ ਤਲਵੰਡੀ ਨੌ ਬਹਾਰ ਦੇ ਕਿਸਾਨ ਬਿੱਕਰ ਸਿੰਘ, ਮੇਜਰ ਸਿੰਘ, ਹਰਭਜਨ ਸਿੰਘ, ਸ਼ੇਰ ਸਿੰਘ ਆਦਿ ਕਿਸਾਨਾਂ ਨੇ ਕਿਹਾ ਹੈ ਕਿ ਭਾਵੇਂ ਇਹ ਬਿਮਾਰੀ ਪਹਿਲਾਂ ਵੀ ਆਈ ਸੀ, ਪਰ ਮੀਂਹ ਨਾਲ ਇਸ ਦਾ ਖਾਤਮਾ ਹੋ ਗਿਆ। ਹੁਣ ਜ਼ਿਆਦਾ ਨਮੀ ਅਤੇ ਹੁੰਮਸ ਕਾਰਨ ਗੋਭ ਸੁੰਡੀ ਚਿੱਟੇ ਤੇਲੇ ਨੇ ਝੋਨੇ ਦੀ ਫਸਲ ਤੇ ਹਮਲਾ ਕਰ ਦਿੱਤਾ ਹੈ। ਇਸ ਕਾਰਨ ਕਿਸਾਨ ਕਾਫ਼ੀ ਚਿੰਤਤ ਦਿਖਾਈ ਦੇ ਰਹੇ ਹਨ। ਇਹ ਬਿਮਾਰੀ ਝੋਨੇ ਦੀਆਂ ਕਿਸਮਾਂ ਪੀਲੀ ਪੂਸਾ, ਪੀਆਰ 122, ਪੀਆਰ 127, ਪੀਆਰ 126, ਬਾਸਮਤੀ 1121 ਅਤੇ 1500 ‘ਤੇ ਦਿਖਾਈ ਦੇ ਰਹੀ ਹੈ। ਪਿਛਲੇ ਸਾਲ ਵੀ ਜ਼ਿਆਦਾ ਨਮੀ ਕਾਰਨ ਝੋਨੇ ਦੀਆਂ ਜੜ੍ਹਾਂ ਦੇ ਸੜਨ ਅਤੇ ਉੱਲੀ ਰੋਗ ਦਾ ਹਮਲਾ ਹੋਇਆ ਸੀ ਜਿਸ ਕਾਰਨ ਕਿਸਾਨਾਂ ਦਾ ਬਹੁਤ ਜਿਆਦਾ ਨੁਕਸਾਨ ਹੋਇਆ ਸੀ। ਇਸ ਵਾਰ ਵੀ ਜਿਆਦਾ ਬਾਰਿਸ਼ ਅਤੇ ਮੌਸਮ ਦੀ ਖਰਾਬੀ ਕਾਰਨ ਕਿਸਾਨਾਂ ਦੇ ਮਨ ਵਿਚ ਚਿੰਤਾ ਸਤਾ ਰਹੀ ਹੈ ਕਿ ਪੁੱਤਾਂ ਵਾਂਗ ਪਾਲੀ ਹੋਈ ਫਸਲ ਦਾ ਨੁਕਸਾਨ ਨਾ ਹੋ ਜਾਏ ਕਿਉਂਕਿ ਕਿਸਾਨ ਪਹਿਲਾਂ ਹੀ ਕਰਜੇ ਦੇ ਬੋਝ ਹੇਠਾਂ ਦੱਬਿਆ ਪਿਆ ਹੈ। ਇਸ ਤੋਂ ਇਲਾਵਾ ਸਬਜ਼ੀਆਂ ਦੇ ਫੁੱਲਾਂ ਅਤੇ ਫਲਾਂ ‘ਤੇ ਬਿਮਾਰੀਆਂ ਦਾ ਹਮਲਾ ਹੋ ਗਿਆ ਹੈ। ਇਨ੍ਹਾਂ ਵਿਚ ਲਾਲ ਪਿੱਠ ਵਾਲਾ ਕੀੜਾ ਟਿੰਡੋ, ਫਈਆ, ਭਿੰਡੀ ਦਾ ਰਸ ਚੂਸ ਰਿਹਾ ਹੈ, ਜ਼ਿਆਦਾ ਪਾਣੀ ਅਤੇ ਨਮੀ ਕਾਰਨ ਬੂਟਿਆਂ ਦੀਆਂ ਜੜ੍ਹਾਂ ਸੜ ਰਹੀਆਂ ਹਨ। ਸੁੰਡੀਆਂ ਪੱਤਿਆਂ ਨੂੰ ਲਪੇਟ ਕੇ ਗੋਡ (ਸ਼ਾਖਾ) ਵਿਚ ਦਾਖਲ ਹੋ ਜਾਂਦੀਆਂ ਹਨ, ਜਿਸ ਕਾਰਨ ਬੂਟੇ ਦਾ ਵਾਧਾ ਰੁਕ ਜਾਂਦਾ ਹੈ। ਕੀੜਾ ਬੂਟੇ ਦੇ ਪੱਤਿਆਂ ਦੇ ਤਣੇ ਨੂੰ ਖਾਣ ਵੇਲੇ ਵਿਚਕਾਰੋਂ ਕੱਟ ਦਿੰਦਾ ਹੈ, ਜਿਸ ਨਾਲ ਬੂਟਾ ਸੁੱਕ ਜਾਂਦਾ ਹੈ। ਕਿਸਾਨਾਂ ਨੇ ਦੱਸਿਆ ਕਿ ਇਕ ਪੌਦੇ ਤੋਂ ਦੂਸਰੇ ਪੌਦੇ ਅਤੇ ਚਾਰੇ ਪਾਸੇ ਹਮਲਾ ਕਰਦੀ ਹੈ। ਇਹ ਪੌਦੇ ਦਾ ਰਸ ਚੂਸਦੀ ਹੈ। ਮੁੱਖ ਤੌਰ ‘ਤੇ ਪਤੇ ਮੁੜਨ ਦੇ ਨਾਲ-ਨਾਲ ਕਾਲੇ ਅਤੇ ਧਥੇਦਾਰ ਹੋ ਜਾਦੇ ਹਨ, ਬੂਟਾ ਦਿਨ ਵਿਚ ਹੀ ਸੁੱਕ ਜਾਂਦਾ ਹੈ । ਝੋਨੇ ਤੋਂ ਇਲਾਵਾ ਮਿਲੀਬਗ ਦਾ ਹਮਲਾ ਸਬਜ਼ੀਆਂ ‘ਤੇ ਵੀ ਦੇਖਿਆ ਜਾ ਰਿਹਾ ਹੈ। ਬੂਟਿਆਂ ‘ਤੇ ਹਰੇ ਫਲ ਕਾਲੇ ਹੋ ਗਏ ਹਨ, ਉਨ੍ਹਾਂ ਵਿਚ ਕੀੜੇ ਪੈਦਾ ਹੋ ਗਏ ਹਨ। ਕਿਸਾਨ ਮਲਕੀਤ ਸਿੰਘ ਨੇ ਦੱਸਿਆ ਕਿ ਹਰੀਆਂ ਮਿਰਚਾਂ ਪੱਕਣ ਵਾਲੀਆਂ ਹਨ, ਜਿਨ੍ਹਾ ‘ਤੇਰ ਫੜੂੰਦੀ, ਤੇਲਾ ਅਤੇ ਮਿਲੀਬਗ ਦਾ ਹਮਲਾ ਹੋ ਗਿਆ ਹੈ। ਫਲ ਲਾਲ ਹੋ ਕੇ ਸੁੰਗੜ ਕੇ ਸੁੱਕ ਗਏ ਹਨ, ਹੁਣ ਇਨ੍ਹਾਂ ਬੂਟਿਆਂ ਨੂੰ ਪੁਟਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀ ਹੈ।



