
ਫ਼ਿਰੋਜ਼ਪੁਰ, 2 ਦਸੰਬਰ (ਜਸਵਿੰਦਰ ਸਿੰਘ ਸੰਧੂ)– ਆਪਣੀ ਹੱਕੀ ਮੰਗਾਂ ਲਈ ਆਵਾਜ਼ ਉਠਾ ਰਹੇ ਰੋਡਵੇਜ਼, ਪਨਬਸ, ਪੀ.ਆਰ.ਟੀ.ਸੀ. ਮੁਲਾਜ਼ਮਾਂ ’ਤੇ ਜ਼ਬਰ-ਜ਼ੁਲਮ ਕਰਨ ਅਤੇ ਘਰਾਂ ਅੰਦਰ ਬੈਠਿਆਂ ਨੂੰ ਜ਼ਬਰੀ ਗ੍ਰਿਫ਼ਤਾਰ ਕਰਨ ਦੇ ਰੋਸ ਵਜੋਂ ਮੁਲਾਜ਼ਮਾਂ ਵੱਲੋਂ 28 ਨਵੰਬਰ ਤੋਂ ਸਰਕਾਰੀ ਬੱਸਾਂ ਦਾ ਚੱਕਾ ਜਾਮ ਕੀਤਾ ਗਿਆ ਸੀ, ਜੋ ਹੜਤਾਲ ਹੁਣ ਸਮਾਪਤ ਕਰ ਦਿੱਤੀ ਗਈ ਹੈ। ਇਹ ਜਾਣਕਾਰੀ ਰੇਸ਼ਮ ਸਿੰਘ ਗਿੱਲ ਸੂਬਾ ਪ੍ਰਧਾਨ ਪੰਜਾਬ ਰੋਡਵੇਜ਼ ਪਨਬਸ ਪੀ.ਆਰ.ਟੀ.ਸੀ. ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਨੇ ਦਿੰਦਿਆਂ ਦੱਸਿਆ ਕਿ ਪੱਟੀ ਵਿਖੇ ਹੋਏ ਫ਼ੈਸਲੇ ਅਨੁਸਾਰ ਹੜਤਾਲ ਦੌਰਾਨ ਸੰਘਰਸ਼ ਵਿੱਚ ਹੋਈਆਂ ਕਾਰਵਾਈ ਨੂੰ ਵਾਪਸ ਲੈਂਦਿਆਂ ਹੋਇਆਂ ਸਾਰੇ ਮੁਲਾਜ਼ਮਾਂ ਨੂੰ ਬਹਾਲ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਹਿਰਾਸਤ ਜਾਂ ਜੇਲ੍ਹ ਵਿੱਚ ਭੇਜੇ ਸਾਥੀਆਂ ਨੂੰ ਰਿਹਾਅ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਰੋਪੜ, ਨਵਾਂ ਸ਼ਹਿਰ ਡਿਪੂਆਂ ਦੇ ਸਾਥੀਆਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ ਤੇ ਬਾਕੀਆਂ ਨੂੰ ਸਰਕਾਰ ਰਿਹਾਅ ਕਰ ਰਹੀ ਹੈ। ਸੂਬਾ ਆਗੂ ਰੇਸ਼ਮ ਸਿੰਘ ਗਿੱਲ ਨੇ ਦੱਸਿਆ ਕਿ ਸਰਕਾਰ ਵੱਲੋਂ 900 ਸਰਕਾਰੀ ਬੱਸਾਂ ਪਾਉਣ ਲਈ ਸਹਿਮਤੀ ਬਣੀ ਹੈ, ਉਸ ਦਾ ਐਲਾਨ ਸਰਕਾਰ ਵਲੋਂ ਕਰ ਦਿੱਤਾ ਗਿਆ ਹੈ, ਪੱਕੇ ਕਰਨ ਦੀ ਪਾਲਸੀ ਤਿਆਰ ਕੀਤੀ ਗਈ ਹੈ, ਜਿਸ ਨੂੰ ਯੂਨੀਅਨ ਦੀ ਸਹਿਮਤੀ ਅਨੁਸਾਰ ਰਹਿੰਦੀਆਂ ਘਾਟਾਂ ਨੂੰ ਪੂਰਾ ਕਰਨ ਲਈ ਅਤੇ ਬਾਕੀ ਮਨੀਆਂ ਮੰਗਾਂ ਨੂੰ ਲਾਗੂ ਕਰਨ ਲਈ ਇੱਕ ਮੀਟਿੰਗ ਟਰਾਂਸਪੋਰਟ ਮੰਤਰੀ ਪੰਜਾਬ ਅਤੇ ਅਧਿਕਾਰੀਆਂ ਨਾਲ ਜਲਦੀ ਹੋਰ ਕੀਤੀ ਜਾਵੇਗੀ।

ਰੇਸ਼ਮ ਸਿੰਘ ਗਿੱਲ



