
ਫ਼ਿਰੋਜ਼ਪੁਰ, 28 ਮਾਰਚ (ਜਸਵਿੰਦਰ ਸਿੰਘ ਸੰਧੂ, ਬਾਲ ਕਿਸ਼ਨ)– ਸੰਯੁਕਤ ਕਿਸਾਨ ਮੋਰਚਾ ਗ਼ੈਰ ਰਾਜਨੀਤਿਕ ਦੇ ਕੌਮੀ ਕਨਵੀਨਰ ਜਗਜੀਤ ਸਿੰਘ ਡੱਲੇਵਾਲ ਦੇ ਦਿਸ਼ਾ–ਨਿਰਦੇਸ਼ਾਂ ’ਤੇ ਪੰਜਾਬ ਅੰਦਰ ਲੈਂਡ ਮਾਰਕਰ ਬੈਂਕਾਂ ਅੱਗੇ 30 ਮਾਰਚ ਨੂੰ ਦੁਪਹਿਰ 12 ਤੋਂ 4 ਵਜੇ ਤੱਕ ਰੋਸ ਵਜੋਂ ਮੁੱਖ ਭਗਵੰਤ ਸਿੰਘ ਮਾਨ ਦੇ ਪੁਤਲੇ ਫੂਕੇ ਜਾ ਰਹੇ ਹਨ। ਇਹ ਜਾਣਕਾਰੀ ਰਣਜੀਤ ਸਿੰਘ ਜ਼ਿਲ੍ਹਾ ਕਮੇਟੀ ਆਗੂ, ਸਾਬ ਸਿੰਘ ਸੰਧੂ ਬਲਾਕ ਪ੍ਰਧਾਨ ਮਮਦੋਟ ਬੀਕੇਯੂ ਏਕਤਾ ਸਿੱਧੂਪੁਰ ਨੇ ਦਿੰਦਿਆਂ ਦੱਸਿਆ ਕਿ ਸਰਕਾਰ ਦੁਆਰਾ ਚਲਾਈ ਮੁਹਿੰਮ ਤਹਿਤ ਕਿਸਾਨਾਂ ਦੀਆਂ ਜ਼ਮੀਨਾਂ ਦੀ ਕੁਰਕੀ ਅਤੇ ਨਿਲਾਮੀ ਨੂੰ ਲੈ ਕੇ ਨੋਟਿਸ ਕੱਢੇ ਜਾ ਰਹੇ ਅਤੇ ਬੈਂਕ ਦੇ ਕਰਜ਼ੇ ਤੋਂ ਦੁਖੀ ਹੋ ਕੇ ਪਿੰਡ ਹਰੀ ਨੌ ਦੇ ਦੋ ਸਕੇ ਭਰਾਵਾਂ ਵੱਲੋਂ ਟਰੇਨ ਹੇਠਾਂ ਆ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਹੈ। ਉਨ੍ਹਾਂ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਲਈ ਬੈਂਕ ਮੈਨੇਜਰ ਉੱਪਰ ਇਰਾਦਾ ਕਤਲ ਮੁਕੱਦਮਾ ਦਰਜ ਕਰਵਾਉਣ ਲਈ ਇਹ ਪ੍ਰੋਗਰਾਮ ਕੀਤੇ ਜਾ ਰਹੇ ਅਤੇ ਭਵਿੱਖ ਵਿੱਚ ਅਜਿਹਾ ਕਿਸੇ ਹੋਰ ਕਿਸਾਨ ਨੂੰ ਆਪਣੀ ਜਾਨ ਦੇਣ ਲਈ ਮਜ਼ਬੂਰ ਨਾ ਹੋਣਾ ਪਵੇ। ਸਿੱਧੂਪੁਰ ਜੱਥੇਬੰਦੀ ਸਰਕਾਰ ਵੱਲੋਂ ਕਿਸਾਨਾਂ ਦੇ ਨਾਵਾਂ ’ਤੇ ਕੁਰਕੀ ਅਤੇ ਨਿਲਾਮੀ ਦੇ ਕੱਢੇ ਨੋਟਿਸਾਂ ਦਾ ਵਿਰੋਧ ਕਰਦੀ ਹੈ ਅਤੇ ਸਾਡੀ ਜੱਥੇਬੰਦੀ ਵੱਲੋਂ ਕਿਸੇ ਵੀ ਕਿਸਾਨ ਦੀ ਜ਼ਮੀਨ ਕੁਰਕ ਨਹੀਂ ਹੋਣ ਦਿੱਤੀ ਜਾਵੇਗੀ। ਅੱਗੇ ਗੱਲਬਾਤ ਕਰਦਿਆਂ ਰਣਜੀਤ ਸਿੰਘ ਜ਼ਿਲ੍ਹਾ ਕਮੇਟੀ ਆਗੂ, ਸਾਬ ਸਿੰਘ ਬਲਾਕ ਪ੍ਰਧਾਨ ਮਮਦੋਟ ਨੇ ਦੱਸਿਆ ਕਿ ਜਦੋਂ ਬੈਂਕਾਂ ਵੱਲੋਂ ਕਿਸਾਨਾਂ ਨੂੰ ਲੋਨ ਦੇਣ ਸਮੇਂ ਜ਼ਮੀਨ ਦੀ ਰਜਿਸਟਰੀ ਕਰਵਾ ਲਈ ਜਾਂਦੀ ਤਾਂ ਖਾਲੀ ਸਾਇਨ ਕੀਤੇ ਚੈੱਕ ਕਿਉ ਲਏ ਜਾਂਦੇ ਇਹ ਕਾਨੂੰਨਨ ਅਪਰਾਧ ਹੈ, ਜਦੋਂ ਬੈਂਕਾਂ ਵੱਲੋਂ ਕਿਸਾਨਾਂ ਦੇ ਚੈੱਕ ਅਦਾਲਤਾ ਵਿੱਚ ਲਾ ਕੇ ਪ੍ਰੇਸ਼ਾਨ ਕੀਤਾ ਜਾਂਦਾ ਹੈ ਤਾਂ ਕਿਸਾਨ ਆਤਮ ਹੱਤਿਆਂ ਕਰਨ ਲਈ ਮਜ਼ਬੂਰ ਹੁੰਦੇ ਹਨ, ਜਦੋਂ ਕਿਸਾਨਾਂ ਨੂੰ ਆਪਣੀਆ ਫਸਲਾਂ ਦਾ ਭਾਅ ਪੂਰਾ ਨਾ ਮਿਲਣ ਕਾਰਨ ਕਿਸਾਨ ਦਿਨ ਪਰ ਦਿਨ ਕਰਜ਼ਾਈ ਹੁੰਦੇ ਜਾ ਰਹੇ ਹਨ ਅਤੇ ਸਰਕਾਰ ਦੀ ਓ.ਈ.ਸੀ.ਡੀ ਦੀ ਰਿਪੋਰਟ ਮੁਤਾਬਿਕ ਕਿਸਾਨਾਂ ਨੂੰ ਡਾ: ਸਵਾਮੀਨਾਥਨ ਰਿਪੋਰਟ ਅਨੁਸਾਰ ਭਾਅ ਨਾ ਮਿਲਣ ਕਾਰਨ ਸਰਕਾਰ ਵੱਲ ਕਿਸਾਨਾਂ ਦਾ ਹਜ਼ਾਰਾ ਕਰੋੜ ਰੁਪਏ ਲੈਣੇ ਖੜ੍ਹੇ ਹਨ। ਜੇਕਰ ਸਰਕਾਰ ਦੁਆਰਾ ਕਿਸਾਨਾਂ ਦੇ ਬਣਦੇ ਪੈਸੇ ਕਿਸਾਨਾਂ ਨੂੰ ਦਿੱਤੇ ਜਾਂਦੇ ਹਨ ਤਾਂ ਕਿਸਾਨ ਆਪਣਾ ਕਰਜਾ ਆਪ ਲਾ ਸਕਦੇ ਹਨ ਅਤੇ ਦੂਸਰੇ ਪਾਸੇ ਉਲਟਾ ਸਰਕਾਰਾਂ ਵੱਲੋਂ ਕਾਰਪੋਰੇਟ ਘਰਾਣਿਆਂ ਦੇ ਕਰਜ਼ੇ ਮੁਆਫ਼ ਕੀਤੇ ਜਾ ਰਹੇ ਹਨ, ਇਸ ਲਈ ਸਰਦਾਰ ਜਗਜੀਤ ਸਿੰਘ ਡੱਲੇਵਾਲ ਵੱਲੋਂ ਕਿਸਾਨਾਂ ਨੂੰ ਐਮ.ਐੱਸ.ਪੀ ਕਾਨੂੰਨੀ ਗਰੰਟੀ ਡਾ: ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰਵਾਉਣ ਅਤੇ ਕਿਸਾਨਾਂ ਦਾ ਕਰਜ਼ ਮੁਆਫ਼ ਕਰਨ ਲਈ ਲਗਾਤਾਰ ਸੰਘਰਸ਼ ਜਾਰੀ ਹਨ ਅਤੇ ਫ਼ਿਰੋਜ਼ਪੁਰ ਜ਼ਿਲ੍ਹੇ ਅੰਦਰ ਹਰ ਇੱਕ ਕਿਸਾਨ ਨੂੰ ਅਪੀਲ ਹੈ ਕਿ ਸੋਮਵਾਰ 30 ਮਾਰਚ ਨੂੰ ਲੈਂਡ ਮਾਰਕਰ ਬੈਂਕ ਅੱਗੇ ਦਿੱਤੇ ਜਾ ਰਹੇ ਧਰਨੇ ਵਿੱਚ ਵੱਡੀ ਗਿਣਤੀ ਵਿੱਚ ਪਹੁੰਚਣ ਤਾਂ ਸਾਰੇ ਬੈਕਾਂ ਵੱਲੋਂ ਕਿਸਾਨਾਂ ਨੂੰ ਤੰਗ–ਪ੍ਰੇਸ਼ਾਨ ਕਰਨ ਤੋਂ ਬਚਾਇਆ ਜਾ ਸਕੇ ਅਤੇ ਹਰੀ ਨੋ ਵਾਲੇ ਮਸਲੇ ਨੂੰ ਲੈ ਕੇ ਬੈਂਕ ਮੈਨੇਜਰ ਉੱਪਰ ਬਣਦੀ ਕਾਰਵਾਈ ਕਰਵਾਈ ਜਾ ਸਕੇ।

ਰਣਜੀਤ ਸਿੰਘ ਜ਼ਿਲ੍ਹਾ ਕਮੇਟੀ ਆਗੂ, ਸਾਬ ਸਿੰਘ ਸੰਧੂ ਬਲਾਕ ਪ੍ਰਧਾਨ ਮਮਦੋਟ ਬੀਕੇਯੂ ਏਕਤਾ ਸਿੱਧੂਪੁਰ



