
ਜਸਵਿੰਦਰ ਸਿੰਘ ਸੰਧੂ
ਚੰਡੀਗੜ੍ਹ, 26 ਮਈ- ਲੁਧਿਆਣਾ ਪੱਛਮੀ ਵਿਧਾਨ ਸਭਾ ਜ਼ਿਮਨੀ ਚੋਣ ਬਾਰੇ ਐਲਾਨ ਹੋ ਚੁੱਕਾ ਹੈ। ਇਸ ਚੋਣ ਵਿਚ ਭਾਰਤੀ ਜਨਤਾ ਪਾਰਟੀ ਨੇ ਅਜੇ ਤੱਕ ਆਪਣੇ ਉਮੀਦਵਾਰ ਦੇ ਨਾਂ ਬਾਰੇ ਐਲਾਨ ਨਹੀਂ ਕੀਤਾ। ਜਾਣਕਾਰੀ ਮੁਤਾਬਕ ਭਾਜਪਾ ਸੋਮਵਾਰ ਨੂੰ ਪੈਨਲ ਨੂੰ ਆਖ਼ਰੀ ਰੂਪ ਦੇ ਕੇ ਹਾਈ ਕਮਾਨ ਕੋਲ ਭੇਜੇਗੀ, ਇਸ ਤੋਂ ਬਾਅਦ ਇਕ-ਦੋ ਦਿਨਾਂ ਦੇ ਅੰਦਰ ਭਾਜਪਾ ਉਮੀਦਵਾਰ ਦੇ ਨਾਂ ਬਾਰੇ ਐਲਾਨ ਕਰੇਗੀ। ਦੱਸਣਾ ਬਣਦਾ ਹੈ ਕਿ ਨਾਮਜ਼ਦਗੀ ਪ੍ਰਕਿਰਿਆ ਸੋਮਵਾਰ 26 ਮਈ ਤੋਂ ਸ਼ੁਰੂ ਹੋਵੇਗੀ ਤੇ ਇਸ ਦੀ ਆਖ਼ਰੀ ਤਰੀਕ 2 ਜੂਨ ਹੈ। ਟਿਕਟ ਮੰਗਣ ਵਾਲਿਆਂ ਦੀ ਦੌੜ ਵਿਚ ਇਕ ਔਰਤ ਆਗੂ ਵੀ ਸ਼ਾਮਲ ਹੈ।ਜਾਣਕਾਰੀ ਮੁਤਾਬਕ ਟਿਕਟ ਦੀ ਦੌੜ ਵਿਚ 2022 ਵਿਚ ਲੁਧਿਆਣਾ ਪੱਛਮੀ ਸੀਟ ਤੋਂ ਚੋਣ ਲੜ ਚੁੱਕੇ ਵਕੀਲ ਬਿਕਰਮ ਸਿੰਘ ਸੰਧੂ ਸਭ ਤੋਂ ਅੱਗੇ ਹਨ ਕਿਉਂਕਿ 2022 ਵਿਚ ਭਾਜਪਾ ਲਈ ਮਾਹੌਲ ਅਨੁਕੂਲ ਨਹੀਂ ਸੀ, ਇਸ ਦੇ ਬਾਵਜੂਦ ਸੰਧੂ ਇੱਥੋਂ 28,107 ਵੋਟ ਲੈ ਕੇ ਤੀਜੇ ਸਥਾਨ ’ਤੇ ਰਹੇ ਸਨ। ਪਾਰਟੀ ਸੂਤਰਾਂ ਮੁਤਾਬਕ ਸਾਬਕਾ ਜਨਰਲ ਸਕੱਤਰ ਜੀਵਨ ਗੁਪਤਾ ਵੀ ਟਿਕਟ ਦੇ ਚਾਹਵਾਨ ਹਨ। ਇਵੇਂ ਹੀ ਰਾਸ਼ੀ ਅੱਗਰਵਾਲ ਵੀ ਇਸ ਟਿਕਟ ਦੀ ਦੌੜ ਵਿਚ ਸ਼ਾਮਲ ਹਨ, ਦੱਸਿਆ ਜਾਂਦਾ ਹੈ ਕਿ ਉਨ੍ਹਾਂ ਦੇ ਸਹੁਰਾ ਹੇਮਰਾਜ ਅੱਗਰਵਾਲ ਕਾਫੀ ਸਮਾਂ ਪਹਿਲਾਂ ਮੇਅਰ ਹੁੰਦੇ ਸਨ, ਉਸ ਸਮੇਂ ਉਹ ਕਾਂਗਰਸ ਨਾਲ ਸਨ ਪਰ ਲੰਬੇ ਸਮੇਂ ਤੋਂ ਉਹ ਭਾਜਪਾ ਨਾਲ ਜੁੜੇ ਹੋਏ ਹਨ। ਇਵੇਂ ਹੀ ਹਰਕੇਸ਼ ਮਿੱਤਲ ਵੀ ਟਿਕਟ ਦੀ ਦੌੜ ਵਿਚ ਸ਼ਾਮਲ ਹਨ। ਸੂਤਰਾਂ ਮੁਤਾਬਕ ਚੋਣ ਤਰੀਕ ਦੇ ਐਲਾਨ ਦੇ ਨਾਲ ਹੀ ਭਾਜਪਾ ਵਿਚ ਨਾਵਾਂ ਸਬੰਧੀ ਪੈਨਲ ਬਣਾਉਣ ਨੂੰ ਲੈ ਕੇ ਸਰਗਰਮੀ ਤੇਜ਼ ਹੋ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਸੋਮਵਾਰ ਨੂੰ ਪੰਜਾਬ ਭਾਜਪਾ ਤਿੰਨ ਨਾਵਾਂ ਬਾਰੇ ਪੈਨਲ ਪਾਰਟੀ ਹਾਈਕਮਾਨ ਨੂੰ ਭੇਜ ਦੇਵੇਗੀ ਤੇ ਅਗਲੇ 2 ਤੋਂ ਤਿੰਨ ਦਿਨਾਂ ਦੇ ਅੰਦਰ ਪਾਰਟੀ ਉਮੀਦਵਾਰ ਦੇ ਨਾਂ ਬਾਰੇ ਐਲਾਨ ਕਰ ਦੇਵੇਗੀ। ਪਾਰਟੀ ਸੂਤਰਾਂ ਮੁਤਾਬਕ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਵੀ ਟਿਕਟ ਮੰਗ ਰਹੇ ਹਨ। ਹਾਲਾਂਕਿ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਉਹ ਆਪਣੇ ਲਈ ਟਿਕਟ ਮੰਗ ਰਹੇ ਹਨ ਜਾਂ ਕਿਸੇ ਸਮਰਥਕ ਲਈ, ਕਿਉਂਕਿ ਪਾਰਟੀ ਦਾ ਬਹੁਤ ਵੱਡਾ ਵਰਗ ਇਹ ਮੰਨਦਾ ਹੈ ਕਿ ਬਿੱਟੂ ਜੇਕਰ ਖ਼ੁਦ ਚੋਣ ਲੜਦੇ ਹਨ ਤਾਂ ਮੁਕਾਬਲਾ ਰੋਮਾਂਚਕ ਹੋ ਜਾਣਾ ਹੈ। ਦਰਅਸਲ, 2024 ਦੀਆਂ ਲੋਕ ਸਭਾ ਚੋਣਾਂ ਵਿਚ ਬਿੱਟੂ ਨੇ ਲੁਧਿਆਣਾ ਪੱਛਮੀ ਵਿਚ 14,535 ਵੋਟਾਂ ਦੀ ਲੀਡ ਹਾਸਲ ਕੀਤੀ ਸੀ, ਉਨ੍ਹਾਂ ਨੂੰ ਇਸ ਵਿਧਾਨ ਸਭਾ ਖੇਤਰ ਤੋਂ 45,424 ਵੋਟਾਂ ਮਿਲੀਆਂ ਸਨ। ਜਦਕਿ ਚੋਣ ਜਿੱਤਣ ਵਾਲੇ ਅਮਰਿੰਦਰ ਸਿੰਘ ਰਾਜਾ ਵੜਿੰਗ, ਬਿੱਟੂ ਤੋਂ 14,535 ਵੋਟਾਂ ਨਾਲ ਪਿੱਛੇ ਰਹੇ ਸਨ, ਵੜਿੰਗ ਨੂੰ ਇੱਥੋਂ 30,889 ਵੋਟਾਂ ਮਿਲੀਆਂ ਸਨ। ਜੇ ਸੱਤਾਧਾਰੀ ਪਾਰਟੀ ਦਾ ਉਮੀਦਵਾਰ ਚੋਣ ਜਿੱਤਦਾ ਹੈ ਤਾਂ ਉਨ੍ਹਾਂ ਦੇ ਅੰਕੜਿਆਂ ਵਿਚ ਕੋਈ ਖ਼ਾਸ ਫਰਕ ਨਹੀਂ ਪਵੇਗਾ ਪਰ ਜੇਕਰ ਸੱਤਾਧਾਰੀ ਧਿਰ ਚੋਣ ਹਾਰਦੀ ਹੈ ਤਾਂ ਇਸ ਨਾਲ ਸਰਕਾਰ ਦੀ ਕਿਰਕਿਰੀ ਹੋ ਸਕਦੀ ਹੈ।



