ਬੁੱਢੇ ਦਰਿਆ ’ਚੋਂ ਮਿਲੀ ਅਣਪਛਾਤੇ ਵਿਅਕਤੀ ਦੀ ਲਾਸ਼
ਇਲਾਕੇ ’ਚ ਦਹਿਸ਼ਤ ਦਾ ਮਾਹੌਲ; ਮ੍ਰਿਤਕ ਦੀ ਹਾਲੇ ਨਹੀਂ ਹੋਈ ਪਛਾਣ

ਲੁਧਿਆਣਾ, 18 ਦਸੰਬਰ : ਲੁਧਿਆਣਾ ਦੇ ਪੀਰੂ ਬੰਦਾ ਇਲਾਕੇ ‘ਚ ਬੁੱਢੇ ਦਰਿਆ ’ਚੋਂ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲਣ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਘਟਨਾ ਦੀ ਜਾਣਕਾਰੀ ਮਿਲਦੇ ਹੀ ਦੇਖਦੇ ਹੀ ਦੇਖਦੇ ਆਸ-ਪਾਸ ਦੇ ਰਹਿਣ ਵਾਲੇ ਲੋਕ ਵੱਡੀ ਗਿਣਤੀ ਵਿੱਚ ਮੌਕੇ ’ਤੇ ਇਕੱਠੇ ਹੋ ਗਏ। ਲੋਕਾਂ ਨੇ ਦਰਿਆ ਦੇ ਕੰਢੇ ਤਰਦੀ ਹੋਈ ਲਾਸ਼ ਦੇਖ ਕੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਸੂਚਨਾ ਮਿਲਣ ’ਤੇ ਥਾਣਾ ਸਲੇਮ ਟਾਬਰੀ ਦੇ ਤਫਤੀਸ਼ੀ ਅਫਸਰ ਹਰਮੇਸ਼ ਲਾਲ ਅਤੇ ਪੀਸੀਆਰ ਮੁਲਾਜ਼ਮ ਤੁਰੰਤ ਮੌਕੇ ’ਤੇ ਪਹੁੰਚੇ। ਤਫਤੀਸ਼ੀ ਅਫਸਰ ਹਰਮੇਸ਼ ਲਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਬੁੱਢੇ ਦਰਿਆ ’ਚ ਲਾਸ਼ ਮਿਲਣ ਦੀ ਸੂਚਨਾ ਪ੍ਰਾਪਤ ਹੋਈ ਸੀ, ਜਿਸ ਤੋਂ ਬਾਅਦ ਟੀਮ ਸਮੇਤ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਮੁਤਾਬਕ ਮ੍ਰਿਤਕ ਦੀ ਪਛਾਣ ਅਜੇ ਤੱਕ ਨਹੀਂ ਹੋ ਸਕੀ ਹੈ। ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜਿਆ ਜਾਵੇਗਾ , ਤਾਂ ਜੋ ਮੌਤ ਦੇ ਕਾਰਨਾਂ ਦਾ ਪਤਾ ਲੱਗ ਸਕੇ। ਮਾਮਲੇ ਦੀ ਗੰਭੀਰਤਾ ਨਾਲ ਜਾਂਚ ਜਾਰੀ ਹੈ।



