
ਤਪਾ ਮੰਡੀ, 17 ਅਗਸਤ : ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਹਨ ਕਿ 15 ਅਗਸਤ ਤੇ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਕਾਰਨ ਪੁਲਿਸ ਭਾਵੇਂ ਹਾਈ ਅਲਰਟ ’ਤੇ ਹੈ ਪਰ ਚੋਰ ਆਪਣੀਆਂ ਚੋਰੀ ਦੀਆਂ ਘਟਨਾਵਾਂ ਨੂੰ ਬਾਖੂਬੀ ਅੰਜਾਮ ਦੇ ਰਹੇ ਹਨ। ਤਪਾ ਹਸਪਤਾਲ ’ਚ ਜ਼ੇਰੇ ਇਲਾਜ ਬਿਜਲੀ ਮੁਲਾਜ਼ਮ ਮਲੂਕ ਸਿੰਘ ਅਤੇ ਮਨੋਜ ਭੱਟ ਨੇ ਜਾਣਕਾਰੀ ਦਿੰਦਿਆਂ ਦੱਸਿਆ ਪਿਕਅਪ ਗੱਡੀ ’ਚ ਸਵਾਰ ਹੋ ਕੇ ਆਏ ਵਿਅਕਤੀਆਂ ਨੇ ਬਿਜਲੀ ਮੁਲਾਜ਼ਮਾਂ ਨੂੰ ਬੰਧਕ ਬਣਾਕੇ ਉਨ੍ਹਾਂ ਦੀ ਕੁੱਟਮਾਰ ਕੀਤੀ। ਬਿਜਲੀ ਗਰਿਡ ’ਚ ਤਕਰੀਬਨ 100 ਦੇ ਕਰੀਬ ਬੈਟਰੀਆਂ ਅਤੇ ਇਕ ਛੋਟਾ ਹਾਥੀ ਚੋਰੀ ਕਰ ਲਿਆ, ਬੈਟਰੀਆਂ ਚੋਰੀ ਕਰਨ ਉਪਰੰਤ ਵਿਅਕਤੀ ਜਦੋਂ ਵਾਪਸ ਜਾ ਰਹੇ ਸਨ ਤਾਂ ਕਾਹਲ ਨਾਲ ਉਨ੍ਹਾਂ ਦੀ ਗੱਡੀ ਖੇਤਾਂ ’ਚ ਪਲਟ ਗਈ ਅਤੇ ਨਾਮਾਲੂਮ ਵਿਅਕਤੀਆਂ ਨੇ ਫਿਰ ਚੋਰੀ ਕੀਤੇ ਛੋਟੇ ਹਾਥੀ ’ਚ ਬੈਟਰੀਆਂ ਲੱਦ ਕੇ ਲੈ ਗਏ। ਚੋਰੀ ਹੋਣ ਤੋਂ ਬਾਅਦ ਬਿਜਲੀ ਗਰਿੱਡ ਤੋਂ ਬਿਜਲੀ ਸਪਲਾਈ ਠੱਪ ਹੋ ਗਈ। ਜਿਸ ਨਾਲ ਪਿੰਡਾਂ ਦੇ ਬਸ਼ਿੰਦਿਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਚੋਰੀ ਦੀਆਂ ਘਟਨਾਵਾਂ ਨੂੰ ਲੈ ਕੇ ਕਿਸਾਨਾਂ ਨੇ ਰੋਸ ਜਾਹਿਰ ਕਰਦਿਆਂ ਨਾਰੇਬਾਜ਼ੀ ਕੀਤੀ। ਇਸ ਸਬੰਧੀ ਜਦੋਂ ਪੁਲਿਸ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਚੋਰਾਂ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।



