
ਲੁਧਿਆਣਾ, 22 ਜੁਲਾਈ : ਜਗਰਾਓਂ ਦੇ ਥਾਣਾ ਸਿਟੀ ’ਚ ਦਰਜ ਹੋਏ ਬਲੈਕਮੇਲਿੰਗ ਦੇ ਇੱਕ ਮਾਮਲੇ ਸਬੰਧੀ ਸ਼ਿਕਾਇਤਕਰਤਾ ਇੰਦਰਜੀਤ ਦਿਓਲ ਤੇ ਐਡਵੋਕੇਟ ਗਗਨਪ੍ਰੀਤ ਸਿੰਘ ਨੇ ਲੁਧਿਆਣਾ ’ਚ ਇੱਕ ਪ੍ਰੈੱਸ ਕਾਨਫਰੰਸ ਕੀਤੀ। ਉਨ੍ਹਾਂ ਦੱਸਿਆ ਕਿ ਆਰਟੀਆਈ ਐਕਟੀਵਿਸਟ ਰਛਾਪਾਲ ਸਿੰਘ ਗਾਬੜੀਆ ਤੇ ਜਗਤਾਰ ਸਿੰਘ ਪਟਵਾਰੀ ਦੇ ਖਿਲਾਫ ਥਾਣਾ ਸਿਟੀ ਜਗਰਾਓਂ ’ਚ ਬਲੈਕਮੇਲਿੰਗ ਤੇ ਹੋਰ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਕਾਬਲੇਗੌਰ ਹੈ ਕਿ ਇਹ ਮਾਮਲਾ ਫਰਜ਼ੀ ਐੱਨਓਸੀ ਨਾਲ ਸਬੰਧਤ ਹੈ। ਉਨ੍ਹਾਂ ਆਖਿਆ ਕਿ ਆਰਟੀਆਈ ਐਕਟੀਵਿਸਟ ਨੇ ਪਹਿਲਾਂ ਵੀ ਕਈ ਦਰਖਾਸਤਾਂ ਦਿੱਤੀਆਂ ਹਨ, ਜੋ ਬਿਲਕੁਲ ਬੇ-ਬੁਨਿਆਦ ਹਨ। ਐਡ. ਗਗਨਪ੍ਰੀਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਰਛਪਾਲ ਸਿੰਘ ਗਾਬੜੀਆ ਖਿਲਾਫ ਸਾਲ 2011 ’ਚ ਥਾਣਾ ਸਟੇਟ ਕ੍ਰਾਈਮ ਮੋਹਾਲੀ ਦੀ ਪੁਲਿਸ ਨੇ ਇੱਕ ਧੋਖਾਧੜੀ ਦਾ ਮੁਕੱਦਮਾ ਦਰਜ ਕੀਤਾ ਸੀ। ਇਸ ਮਾਮਲੇ ’ਚ ਮੁਲਜ਼ਮ ਨੂੰ ਸਜ਼ਾ ਸੁਣਾਈ ਗਈ ਸੀ ਤੇ ਉਹ ਰੋਪੜ ਜੇਲ ’ਚ ਨਜ਼ਰਬੰਦ ਹੈ।



