
ਰੂਪਨਗਰ, 2 ਜਨਵਰੀ : ਕੇਂਦਰ ਦੀ ਮੋਦੀ ਸਰਕਾਰ ਗਰੀਬ ਲੋਕਾਂ ਨੂੰ ਰੁਜ਼ਗਾਰ ਦੇਣ ਦੀ ਬਜਾਏ ਕਾਰਪੋਰੇਟ ਘਰਾਣਿਆ ਨੂੰ ਖੁਸ਼ ਕਰ ਰਹੀ ਹੈ ਜਿਸ ਦੀ ਮਿਸਾਲ ਮਗਨਰੇਗਾ ਸਕੀਮ ਦਾ ਨਾਮ ਬਦਲ ਕੇ ਨਵਾਂ ਬਿਲ ਪਾਸ ਕਰਨ ‘ਤੇ ਸਾਹਮਣੇ ਆਇਆ ਹੈ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾਂ ਦੇ ਪਾਰਟੀ ਦੇ ਸੂਬਾ ਇੰਚਾਰਜ ਅਜੀਤ ਸਿੰਘ ਭੈਣੀ ,ਜਨਰਲ ਸਕੱਤਰ ਰਜਿੰਦਰ ਸਿੰਘ ਨਨਹੇੜੀਆਂ ਨੇ ਕੀਤਾ। ਸ਼ੁੱਕਰਵਾਰ ਨੂੰ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਸੱਦੇ ‘ਤੇ ਜ਼ਿਲ੍ਹਾ ਇਕਾਈ ਵੱਲੋਂ ਪ੍ਰਧਾਨ ਸਰਦੂਲ ਸਿੰਘ ਬਾਲਸੰਢਾ ਦੀ ਅਗਵਾਈ ਵਿਚ ਮਿੰਨੀ ਸਕੱਤਰੇਤ ਦੇ ਸਾਹਮਣੇ ਕੇਂਦਰ ਸਰਕਾਰ ਵੱਲੋਂ ਮਗਨਰੇਗਾ ਸਕੀਮ ਵਿਚ ਨਵੇਂ ਨਾਮ ਥੱਲੇ ਕੀਤੇ ਫੇਰਬਦਲ ਦੇ ਖਿਲਾਫ਼ ਰੋਸ ਪ੍ਰਦਰਸ਼ਨ ਕਰਕੇ ਨਾਅਰੇਬਾਜ਼ੀ ਕੀਤੀ।ਇਸ ਮੌਕੇ ਏਡੀਸੀ ਰੂਪਨਗਰ ਅਵਿਕੇਸ਼ ਗੁਪਤਾ ਨੂੰ ਦੇਸ਼ ਦੇ ਰਾਸ਼ਟਰਪਤੀ, ਗਵਰਨਰ ਪੰਜਾਬ ਅਤੇ ਸੂਬੇ ਦੇ ਮੁੱਖ ਸਕੱਤਰ ਦੇ ਨਾਮ ‘ਤੇ ਮੰਗ ਪੱਤਰ ਸੌਪਿਆ। ਧਰਨੇ ਨੂੰ ਸੰਬੋਧਨ ਕਰਦਿਆ ਭੈਣੀ ਤੇ ਨਨਹੇੜੀਆ ਨੇ ਕਿਹਾ ਕਿ ਬਸਪਾ ਕਿਸੇ ਵੀ ਕੀਮਤ ਤੇ ਕੇਂਦਰ ਸਰਕਾਰ ਵੱਲੋਂ ਟੇਢੇ ਤਰੀਕੇ ਨਾਲ ਮਗਨਰੇਗਾ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਬਰਦਾਸ਼ਤ ਨਹੀਂ ਕਰੇਗੀ।ਉਨਾਂ ਕਿਹਾਕਿ ਦੇਸ਼ ਦਾ ਮਜਦੂਰ ਵਰਗ ਵੱਡੀ ਗਿਣਤੀ ਵਿਚ ਮਗਨਰੇਗਾ ਸਕੀਮ ਵਿਚ ਕੰਮ ਕਰਕੇ ਆਪਣਾ ਪਰਿਵਾਰ ਪਾਲ ਰਿਹਾ ਹੈ। ਉਨਾਂ ਕਿਹਾਕਿ ਭਾਜਪਾ ਸਰਕਾਰ ਕੇਂਦਰ ਦੀ ਹਰੇਕ ਸਮਾਜ ਭਲਾਈ ਸਕੀਮ ਨੂੰ ਤੋੜ ਮਰੋੜ ਕੇ ਉਦਯੋਗਪਤੀਆ ਦੇਖ ਵਿਚ ਕਰ ਰਹੀ ਹੈ। ਉਨ੍ਹਾਂ ਕਿਹਾਕਿ ਬਸਪਾ ਮਗਨਰੇਗਾ ਮਜ਼ਦੂਰਾਂ ਦੀ ਦਿਹਾੜੀ ਘੱਟੋਘੱਟ 700 ਰੁਪਏ ਪ੍ਰਤੀ ਦਿਨ ਅਤੇ ਘੱਟੋ—ਘੱਟ 300 ਦਿਨ ਸਾਲ ਵਿਚ ਰੁਜ਼ਗਾਰ ਦੇਣ ਦੀ ਵਿਵਸਥਾ ਕੀਤੇ ਜਾਣ ਦੀ ਮੰਗ ਕਰਦੀ ਹੈ। ਉਨ੍ਹਾਂ ਕਿਹਾਕਿ ਇਸ ਯੋਜਨਾਂ ਨੂੰ ਨਿਰੋਲ ਪੇਂਡੂ ਨਾ ਕਰਕੇ ਸ਼ਹਿਰਾਂ ਦੇ ਨਾਲ ਲੱਗਦੇ ਖੇਤਰਾਂ ਲਈ ਵੀ ਰੁਜ਼ਗਾਰ ਦਾ ਪ੍ਰਬੰਧ ਕੀਤਾ ਜਾਵੇ।ਮਜ਼ਦੂਰਾਂ ਦੇ ਲਈ ਬੇਰੁਜ਼ਗਾਰੀ ਭੱਤਾ ਲਾਜ਼ਮੀ ਬਣਾਇਆ ਜਾਵੇ।ਆਗੂਆ ਨੇ ਕਿਹਾਕਿ ਨਵੇਂ ਕਾਨੂੰਨ ਅਨੁਸਾਰ ਰਾਜਾਂ ‘ਤੇ ਵੱਧ ਵਿੱਤੀ ਬੋਝ ਪਾਉਣ ਕਾਰਣ ਨਵੀਂ ਸਕੀਮ ਦਾ ਸਿਰੇ ਚੜ੍ਹਨਾ ਨਾਮੁਮਕਿਨ ਹੈ ਕਿਉਂਕਿ ਪੰਜਾਬ ਸੂਬਾ ਪਹਿਲੀਆਂ ਅਤੇ ਮੌਜ਼ੂਦਾ ਸਰਕਾਰ ਦੀਆਂ ਗਲਤ ਆਰਥਿਕ ਨੀਤੀਆਂ ਕਾਰਣ ਕਰਜ਼ੇ ਦੀ ਦਲਦਲ ਵਿਚ ਫਸਿਆ ਹੋਇਆ ਹੈ।ਉਨ੍ਹਾਂ ਕਿਹਾਕਿ ਕੇਂਦਰ ਸਰਕਾਰ ਨੇ ਟੇਢੇ ਤਰੀਕੇ ਨਾਲ ਇਸ ਸਕੀਮ ਨੂੰ ਬੰਦ ਕਰਨ ਦੀ ਕੋਝੀ ਚਾਲ ਖੇਡੀ ਹੈ ਜੋ ਬਸਪਾ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰੇਗੀ। ਇਸ ਮੌਕੇ ਜ਼ਿਲ੍ਹਾ ਇੰਚਾਰਜ ਕੁਲਦੀਪ ਘਨੌਲੀ ਤੇ ਦਰਸ਼ਨ ਸਿੰਘ ਸ਼੍ਰੀ ਚਮਕੌਰ ਸਾਹਿਬ, ਜ਼ਿਲ੍ਹਾ ਜਨਰਲ ਸਕੱਤਰ ਨਰਿੰਦਰ ਬਡਵਾਲੀ, ਮੀਤ ਪ੍ਰਧਾਨ ਤਰਸੇਮ ਬੈਂਸ, ਖਜ਼ਾਨਚੀ ਨਛੱਤਰ ਕਾਜਲ, ਰੂਪਨਗਰ ਹਲਕਾ ਪ੍ਰਧਾਨ ਗੁਰਚਰਨ ਸਿੰਘ ਖਾਲਸਾ, ਗੁਰਨਾਮ ਸਿੰਘ ਪਿੱਪਲ ਮਾਜਰਾ ਹਲਕਾ ਪ੍ਰਧਾਨ ਸ਼੍ਰੀ ਚਮਕੌਰ ਸਾਹਿਬ, ਜਸਵਿੰਦਰ ਸਿੰਘ ਛਿੱਬਰ, ਹਰਮੇਸ਼ ਸਿੰਘ ਫਤੇਹਪੁਰ, ਸ਼ਹਿਰੀ ਪ੍ਰਧਾਨ ਸੁਰਜੀਤ ਲਾਲ, ਬਾਮਸੇਫ ਆਗੂ ਹੁਸਨ ਚੰਦ, ਬਸਪਾ ਆਗੂ ਜਸਵਿੰਦਰ ਬੈਂਸ, ਮਾਸਟਰ ਮੋਹਣ ਸਿੰਘ ਨੋਧੇਮਾਜਰਾ, ਵਰਿੰਦਰ ਵਿੱਕੀ ਐਡਵੋਕੇਟ, ਐਡਵੋਕੇਟ ਜਰਨੈਲ ਸਿੰਘ ਸੁਰਤਾਪੁਰ, ਤਰਲੋਕ ਸਿੰਘ ਫਤੇਹਪੁਰ, ਹਜ਼ਾਰਾ ਸਿੰਘ ਡੰਗੌਲੀ, ਕੈਪਟਨ ਕਰਮਜੀਤ ਸਿੰਘ, ਮਹਿਲਾ ਵਿੰਗ ਆਗੂ ਹਰਜੀਤ ਕੌਰ ਮਾਜਰੀ, ਬੀਬੀ ਜੋਤੀ ਦੇਵੀ ਚੌਂਤਾ ਆਦਿ ਸ਼ਾਮਿਲ ਸਨ।



