
ਬਠਿੰਡਾ, 28 ਜੁਲਾਈ : ਸਿਵਲ ਪ੍ਰਸ਼ਾਸਨ ਬਠਿੰਡਾ ਨੇ ਤਬਾਦਲਾ ਰਜਿਸਟਰੀ ਇੰਤਕਾਲ ਨੂੰ ਲੈ ਕੇ ਤੁਗ਼ਲਕੀ ਫ਼ੈਸਲਿਆਂ ਰਾਹੀ ਸੂਬੇ ਤੋਂ ਵੱਖਰੇ ਹੀ ਨਿਯਮ ਲਾਗੂ ਕਰ ਰੱਖੇ ਹਨ ਅਤੇ ਬਠਿੰਡਾ ’ਚ ਹੀ ਤਬਾਦਲਾ ਰਜਿਸਟਰੀ ਇੰਤਕਾਲ ਬੰਦ ਕਿਉਂ ਹਨ। ਇਸ ਨਾਲ ਆਮ ਲੋਕਾਂ ਨੂੰ ਖੱਜਲ ਖੁਆਰ ਹੋਣ ਦੇ ਨਾਲ-ਨਾਲ ਪਰੇਸ਼ਾਨੀਆਂ ਦਾ ਸਾਹਮਣਾ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਜਪਾ ਬਠਿੰਡਾ ਦੇ ਸੀਨੀਅਰ ਆਗੂ ਅਤੇ ਸਾਬਕਾ ਚੇਅਰਮੈਨ ਗੁਰਪ੍ਰੀਤ ਸਿੰਘ ਮਲੂਕਾ ਨੇ ਪ੍ਰਸ਼ਾਸਨ ’ਤੇ ਉਕਤ ਦੋਸ਼ ਲਗਾਉਂਦੇ ਹੋਏ ਕੀਤਾ। ਭਾਜਪਾ ਆਗੂ ਮਲੂਕਾ ਨੇ ਕਿਹਾ ਕਿ ਪੂਰੇ ਪੰਜਾਬ ਚ ਕਿਸੇ ਵੀ ਜ਼ਿਲ੍ਹੇ ਵਿਚ ਜ਼ਮੀਨਾਂ ਦੀ ਆਪਸੀ ਤਬਾਦਲਾ ਰਜਿਸਟਰੀ ਇੰਤਕਾਲ ਬੰਦ ਨਹੀਂ ਹੋਏ। ਸਾਰੇ ਜ਼ਿਲ੍ਹਿਆਂ ਚ ਜ਼ਮੀਨਾਂ ਦੇ ਤਬਾਦਲੇ ਅਤੇ ਇੰਤਕਾਲ ਹੋ ਰਹੇ ਹਨ, ਜਦਕਿ ਬਠਿੰਡਾ ਦੇ ਸਿਵਲ ਪ੍ਰਸ਼ਾਸਨ ਵੱਲੋਂ ਜ਼ਮੀਨਾਂ ਦੇ ਤਬਾਦਲੇ ਤੇ ਰੋਕ ਲਗਾ ਰੱਖੀ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਦੇ ਇਸ ਤਾਨਾਸ਼ਾਹੀ ਫ਼ੈਸਲੇ ਨਾਲ ਲੋਕ ਖੱਜਲ-ਖੁਆਰ ਹੋ ਰਹੇ ਹਨ ਤੇ ਉਨ੍ਹਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਰਿਹਾ ਹੈ। ਮਲੂਕਾ ਨੇ ਦੋਸ਼ ਲਗਾਇਆ ਕਿ ਬਠਿੰਡਾ ਦਾ ਮਾਲ ਮਹਿਕਮਾ ਲੋਕਾਂ ਦੀ ਸ਼ਰੇਆਮ ਲੁੱਟ ਕਰ ਰਿਹਾ ਹੈ। ਦੂਜੇ ਜ਼ਿਲ੍ਹਿਆਂ ਦੇ ਸਿਵਲ ਪ੍ਰਸ਼ਾਸਨ ਅਤੇ ਮਾਲ ਮਹਿਕਮੇ ਦੇ ਕੁਝ ਅਧਿਕਾਰੀਆਂ ਨੇ ਇਹ ਸਪੱਸ਼ਟ ਕੀਤਾ ਹੈ ਕਿ ਮਾਲ ਵਿਭਾਗ ਜਾਂ ਸਰਕਾਰ ਨੇ ਤਬਾਦਲਾ ਰਜਿਸਟਰੀਆਂ ਤੇ ਇੰਤਕਾਲ ਬੰਦ ਕਰਨ ਸਬੰਧੀ ਕੋਈ ਨਿਰਦੇਸ਼ ਜਾਂ ਨੋਟੀਫ਼ਿਕੇਸ਼ਨ ਜਾਰੀ ਨਹੀਂ ਕੀਤਾ ਅਤੇ ਪੂਰੇ ਪੰਜਾਬ ਚ ਜ਼ਮੀਨਾਂ ਦੇ ਤਬਾਦਲੇ, ਇੰਤਕਾਲ ਵੀ ਨਿਰਵਿਘਨ ਹੋ ਰਹੇ ਹਨ। ਉਨ੍ਹਾਂ ਬਠਿੰਡਾ ਦੇ ਉੱਚ ਮਾਲ ਅਧਿਕਾਰੀਆਂ ਦੇ ਉਕਤ ਫ਼ੈਸਲੇ ਨੂੰ ਗੈਰ ਸੰਵਿਧਾਨਿਕ ਕਰਾਰ ਦਿੰਦੇ ਹੋਏ ਮੁੱਖ ਮੰਤਰੀ ਪੰਜਾਬ ਅਤੇ ਮਾਲ ਮੰਤਰੀ ਨੂੰ ਤੁਰੰਤ ਇਸ ਦਾ ਨੋਟਿਸ ਲੈਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਜਲਦੀ ਤੋਂ ਜਲਦੀ ਬਠਿੰਡਾ ਸਿਵਲ ਪ੍ਰਸ਼ਾਸਨ ਦੇ ਨਿਰਦੇਸ਼ਾਂ ਦੇ ਚੱਲਦਿਆਂ ਮਾਲ ਮਹਿਕਮੇ ਵੱਲੋਂ ਲੋਕਾਂ ਦੀ ਕੀਤੀ ਜਾ ਰਹੀ ਲੁੱਟ ਬੰਦ ਕਰਵਾਏ।



