
ਸੁਨਾਮ, 28 ਜੁਲਾਈ : ਮਾਸਟਰ ਕੇਡਰ ਅਤੇ ਲੈਕਚਰਾਰ ਭਰਤੀ ਕਰਨ ਦੀ ਮੰਗ ਨੂੰ ਲੈ ਕੇ ਬੇਰੁਜ਼ਗਾਰ ਬੀ.ਐਡ ਟੈਟ ਪਾਸ ਅਧਿਆਪਕਾਂ ਨੇ ਐਤਵਾਰ ਨੂੰ ਸੁਨਾਮ ਵਿਖੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਤੇ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਕੋਠੀ ਦਾ ਘਿਰਾਓ ਕੀਤਾ। ਬੇਰੁਜ਼ਗਾਰ ਅਧਿਆਪਕਾਂ ਨੇ ਪਹਿਲਾਂ ਸ਼ਹਿਰ ਅੰਦਰ ਰੋਸ ਮਾਰਚ ਕੀਤਾ। ਰੋਸ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਪੁਲਿਸ ਨੇ ਬੈਰੀਕੇਡ ਲਾਕੇ ਮੰਤਰੀ ਅਮਨ ਅਰੋੜਾ ਦੀ ਕੋਠੀ ਅੱਗੇ ਜਾਣ ਤੋਂ ਰੋਕਿਆ ਤਾਂ ਉਨ੍ਹਾਂ ਸੜਕ ਦੇ ਉੱਪਰ ਹੀ ਦਰੀਆਂ ਵਿਛਾਕੇ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀਆਂ ਮੁਤਾਬਿਕ ਡੀਐੱਸਪੀ ਹਰਵਿੰਦਰ ਸਿੰਘ ਖਹਿਰਾ ਅਤੇ ਸਿਟੀ ਐੱਸਐੱਚਓ ਪ੍ਰਤੀਕ ਜਿੰਦਲ ਪੁਲਿਸ ਫੋਰਸ ਨਾਲ ਮੌਕੇ ’ਤੇ ਮੌਜੂਦ ਸਨ। ਬੇਰੁਜ਼ਗਾਰ ਬੀ ਐਡ ਟੈਟ ਪਾਸ ਅਧਿਆਪਕਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਿਉਂ-ਜਿਉਂ ਸਰਕਾਰ ਦਾ ਕਾਰਜਕਾਲ ਪੂਰਾ ਹੋਣ ਵੱਲ ਵਧ ਰਿਹਾ ਹੈ, ਸਰਕਾਰ ਵੱਲੋਂ ਬੇਰੁਜ਼ਗਾਰਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ। ਨਵੇਂ ਮੁਲਾਜ਼ਮ ਵਿਰੋਧੀ ਨਿਯਮ, ਨਵੀਆਂ ਭਰਤੀਆਂ ਦੇ ਉੱਪਰ ਥੋਪੇ ਜਾ ਰਹੇ ਹਨ। ਸਰਕਾਰ ਬੇਰੁਜ਼ਗਾਰਾਂ ਦੀਆਂ ਮੰਗਾਂ ਹੱਲ ਕਰਨ ਦੇ ਬਜਾਏ ਬੇਰੁਜ਼ਗਾਰਾਂ ਦੇ ਉੱਪਰ ਨਵੇਂ ਨਿਯਮ ਥੋਪਣ ਜਾ ਰਹੀ ਹੈ। 55% ਦੀ ਸ਼ਰਤ ਜਿਸ ਨਾਲ ਬਹੁਤ ਬੇਰੁਜ਼ਗਾਰਾਂ ਦੀਆਂ ਡਿਗਰੀਆਂ ਰੱਦ ਹੋ ਜਾਣਗੀਆਂ, ਬੇਰੁਜ਼ਗਾਰ ਕਿਸੇ ਜੋਗੇ ਨਹੀਂ ਰਹਿ ਜਾਣਗੇ। ਸਰਕਾਰ ਬੇਰੁਜ਼ਗਾਰਾਂ ਦੀਆਂ ਮੰਗਾਂ ਹੱਲ ਕਰਨ ਦੀ ਬਜਾਏ ਉਨ੍ਹਾਂ ’ਤੇ ਗਲਤ ਨੀਤੀਆਂ ਲਿਆ ਕੇ ਬੇਰੁਜ਼ਗਾਰਾਂ ਨੂੰ ਮਾਸਟਰ ਕੇਡਰ ਤੇ ਲੈਕਚਰਾਰ ਦੀ ਭਰਤੀ ਵਿੱਚੋਂ ਬਾਹਰ ਕੱਢਣਾ ਚਾਹੁੰਦੀ ਹੈ। ਗ਼ਲਤ ਨੀਤੀਆਂ ਨੂੰ ਦੇਖਦੇ ਹੋਏ ਅੱਜ ਬੇਰੁਜ਼ਗਾਰ ਅਧਿਆਪਕਾਂ ਦੁਆਰਾ ਇਥੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ ਅਰੋੜਾ ਅਤੇ ਜਲਾਲਾਬਾਦ ਜਗਦੀਪ ਕੰਬੋਜ ਗੋਲਡੀ ਦੀ ਕੋਠੀ ਅੱਗੇ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਬੇਰੁਜ਼ਗਾਰ ਅਧਿਆਪਕਾਂ ਦੀਆਂ ਜਾਇਜ਼ ਮੰਗਾਂ ਹੱਲ ਨਹੀ ਹੁੰਦੀਆਂ ਤਾਂ ਬੇਰੁਜ਼ਗਾਰ ਤਿੱਖੇ ਐਕਸ਼ਨ ਵੱਲ ਵਧਣਗੇ। ਇਸ ਮੌਕੇ ਸੰਦੀਪ ਧੌਲਾ, ਮਮਨਦੀਪ, ਗੁਰਜਿੰਦਰ ਸਿੰਘ, ਭੁਪਿੰਦਰ ਸਿੰਘ, ਦਵਿੰਦਰ ਕੌਰ, ਮਨਦੀਪ, ਸਤਨਾਮ, ਲਵਪ੍ਰੀਤ ਕੌਰ ਹਾਜ਼ਰ ਸਨ।



