Punjab

ਈਰਾਨ ’ਤੇ ਇਜ਼ਰਾਈਲ ਦੇ ਹਮਲੇ ਨਾਲ ਪੰਜਾਬ ਦੀ ਬਾਸਮਤੀ ਬਰਾਮਦ ਰੁਕੀ, ਆਉਣ ਵਾਲੇ ਸਮੇਂ ’ਚ ਡਿੱਗ ਸਕਦੈ ਭਾਅ

ਜਸਵਿੰਦਰ ਸਿੰਘ ਸੰਧੂ

ਚੰਡੀਗੜ੍ਹ, 14 ਜੂਨ : ਇਜ਼ਰਾਈਲ ਦੇ ਈਰਾਨ ‘ਤੇ ਹਮਲੇ ਦੀ ਖ਼ਬਰ ਨੇ ਪੰਜਾਬ ਵਿਚ ਬਾਸਮਤੀ ਚੌਲਾਂ ਦੇ ਬਰਾਮਦਕਾਰਾਂ ਦੀ ਚਿੰਤਾ ਵਧਾ ਦਿੱਤੀ ਹੈ ਕਿਉਂਕਿ ਭਾਰਤ ਤੋਂ ਅਰਬ ਦੇਸ਼ਾਂ ਨੂੰ ਜਿੰਨਾ ਬਾਸਮਤੀ ਚੌਲ ਬਰਾਮਦ ਕੀਤਾ ਜਾਂਦਾ ਹੈ, ਉਸ ਵਿਚ ਸਭ ਤੋਂ ਵੱਧ ਹਿੱਸਾ ਪੰਜਾਬ ਦਾ ਹੁੰਦਾ ਹੈ। ਖੇਤੀਬਾੜੀ ਅਤੇ ਪ੍ਰੋਸੈਸਡ ਖੁਰਾਕ ਉਤਪਾਦ ਬਰਾਮਦ ਵਿਕਾਸ ਅਥਾਰਟੀ (ਐਪੇਡਾ) ਅਨੁਸਾਰ, ਭਾਰਤ ਤੋਂ 48,000 ਕਰੋੜ ਰੁਪਏ ਦੇ ਬਾਸਮਤੀ ਚੌਲ ਦੀ ਬਰਾਮਦ ’ਚ ਪੰਜਾਬ ਦਾ ਹਿੱਸਾ 40% ਹੈ। ਇਸ ’ਚੋਂ ਲਗਪਗ 25% ਬਾਸਮਤੀ ਚੌਲ ਸਿਰਫ ਈਰਾਨ ਨੂੰ ਜਾਂਦਾ ਹੈ। ਪੰਜਾਬ ਬਾਸਮਤੀ ਰਾਈਸ ਮਿਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਅਸ਼ੋਕ ਸੇਠੀ ਨੇ ਦੱਸਿਆ ਕਿ ਇਜ਼ਰਾਈਲ ਦੇ ਹਮਲੇ ਤੋਂ ਬਾਅਦ ਜਦੋਂ ਉਨ੍ਹਾਂ ਈਰਾਨ ’ਚ ਆਪਣੇ ਵਪਾਰੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਸਮੇਂ ਬੇਯਕੀਨੀ ਦੀ ਸਥਿਤੀ ਹੈ ਅਤੇ ਜੇ ਜੰਗ ਲੰਬੀ ਚੱਲਦੀ ਹੈ ਤਾਂ ਕੁਝ ਵੀ ਕਹਿਣਾ ਮੁਸ਼ਕਲ ਹੈ। ਅਸ਼ੋਕ ਸੇਠੀ ਨੇ ਦੱਸਿਆ ਕਿ ਜੰਗ ਦੀ ਸਥਿਤੀ ’ਚ ਸਮੁੰਦਰ ਦੇ ਰਾਹ ਤੇ ਬੰਦਰਗਾਹਾਂ ਨੂੰ ਬੰਦ ਕਰ ਦਿੱਤਾ ਜਾਂਦਾ ਹੈ, ਜਿਸ ਨਾਲ ਸਾਮਾਨ ਭੇਜਣਾ ਸੰਭਵ ਨਹੀਂ ਰਹਿੰਦਾ। ਦੇਸ਼ ’ਚ ਬਾਸਮਤੀ ਚੌਲਾਂ ਦੀ ਮੰਗ ਇੰਨੀ ਨਹੀਂ ਹੈ ਕਿ ਵਪਾਰੀਆਂ ਨੂੰ ਇਸ ਦਾ ਲਾਭ ਹੋ ਸਕੇ। ਆਉਣ ਵਾਲੇ ਸਮੇਂ ’ਚ ਬਾਸਮਤੀ ਦੀਆਂ ਕੀਮਤਾਂ ਘੱਟ ਸਕਦੀਆਂ ਹਨ।

Related Articles

Leave a Reply

Your email address will not be published. Required fields are marked *

Back to top button