Punjab

ਫਿਲਮ ‘ਬਹਿਨ ਹੋਗੀ ਤੇਰੀ’ ਨੂੰ ਲੈ ਕੇ ਰਾਜਕੁਮਾਰ ਰਾਓ ਅਦਾਲਤ ਪੁੱਜੇ, ਜ਼ਮਾਨਤ ਮਿਲੀ

ਜਲੰਧਰ, 29 ਜੁਲਾਈ : ਬਾਲੀਵੁੱਡ ਅਦਾਕਾਰ ਰਾਜਕੁਮਾਰ ਰਾਓ ਨੇ ਸੋਮਵਾਰ ਨੂੰ ਜੱਜ ਸ੍ਰੀਜਨ ਸ਼ੁਕਲਾ ਦੀ ਅਦਾਲਤ ’ਚ ਆਤਮ ਸਮਰਪਣ ਕਰ ਦਿੱਤਾ ਤੇ ਫਿਲਮ ਬਹਿਨ ਹੋਗੀ ਤੇਰੀ ’ਚ ਭਗਵਾਨ ਸ਼ਿਵ ਦੀ ਭੂਮਿਕਾ ਨੂੰ ਗ਼ਲਤ ਢੰਗ ਨਾਲ ਪੇਸ਼ ਕਰਨ ਦੇ ਦੋਸ਼ਾਂ ’ਚ ਜ਼ਮਾਨਤ ਮਿਲੀ। ਇਹ ਮਾਮਲਾ ਸਾਲ 2017 ’ਚ ਪੁਲਿਸ ਸਟੇਸ਼ਨ 5, ਜਲੰਧਰ ’ਚ ਦਰਜ ਕੀਤਾ ਗਿਆ ਸੀ, ਜਦੋਂ ਟੈਗੋਰ ਐਵੇਨਿਊ ਦੇ ਨਿਵਾਸੀ ਇਸ਼ਾਂਤ ਸ਼ਰਮਾ ਨੇ ਫਿਲਮ ’ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਲਗਾਇਆ ਸੀ। ਸ਼ਿਕਾਇਤ ’ਚ ਕਿਹਾ ਗਿਆ ਹੈ ਕਿ ਫਿਲਮ ’ਚ ਭਗਵਾਨ ਸ਼ਿਵ ਨੂੰ ਜਿਸ ਤਰ੍ਹਾਂ ਦਿਖਾਇਆ ਗਿਆ ਹੈ, ਉਹ ਨਾ ਸਿਰਫ਼ ਹਕੀਕਤ ਤੋਂ ਪਰ੍ਹੇ ਸੀ, ਸਗੋਂ ਇਸ ਨੇ ਹਿੰਦੂ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਵੀ ਠੇਸ ਪਹੁੰਚਾਈ ਹੈ। ਇਸ ਆਧਾਰ ’ਤੇ ਥਾਣਾ 5 ਦੀ ਪੁਲਿਸ ਨੇ ਨਿਰਮਾਤਾ ਅਮੂਲ ਵਿਕਾਸ ਮੋਹਨ, ਨਿਰਦੇਸ਼ਕ ਅਜੈ ਕੇ ਪੰਨਾਲਾਲ, ਅਦਾਕਾਰ ਰਾਜਕੁਮਾਰ ਰਾਓ ਤੇ ਅਦਾਕਾਰਾ ਸ਼ਰੂਤੀ ਹਸਨ ਵਿਰੁੱਧ ਮਾਮਲਾ ਦਰਜ ਕੀਤਾ ਸੀ। ਹਾਲਾਂਕਿ, ਸਾਲ 2022 ’ਚ, ਅਦਾਲਤ ਨੇ ਨਿਰਮਾਤਾ ਅਮੂਲ ਵਿਕਾਸ ਮੋਹਨ ਨੂੰ ਜ਼ਮਾਨਤ ਦੇ ਦਿੱਤੀ। ਅਦਾਕਾਰਾ ਸ਼ਰੂਤੀ ਹਸਨ ਨੂੰ ਵੀ ਅਦਾਲਤ ’ਚੋਂ ਜ਼ਮਾਨਤ ਮਿਲ ਗਈ ਹੈ। ਰਾਜਕੁਮਾਰ ਰਾਓ ਨੇ ਵੀ ਪਹਿਲਾਂ ਜ਼ਮਾਨਤ ਲੈ ਲਈ ਸੀ ਪਰ ਅਦਾਲਤ ’ਚ ਪੇਸ਼ ਨਾ ਹੋਣ ਕਾਰਨ ਉਨ੍ਹਾਂ ਦੇ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ ਗਏ ਸਨ। ਇਸ ਕਾਰਨ ਰਾਜਕੁਮਾਰ ਰਾਓ ਨੇ ਸੋਮਵਾਰ ਨੂੰ ਅਦਾਲਤ ’ਚ ਆਤਮ ਸਮਰਪਣ ਕੀਤਾ ਤੇ ਜ਼ਮਾਨਤ ਲਈ ਅਰਜ਼ੀ ਦਿੱਤੀ, ਜਿਸ ਨੂੰ ਅਦਾਲਤ ਨੇ ਮਨਜ਼ੂਰ ਕਰ ਲਿਆ। ਮਾਮਲੇ ਦੀ ਅਗਲੀ ਸੁਣਵਾਈ ਹੁਣ 30 ਜੁਲਾਈ 2025 ਨੂੰ ਤੈਅ ਕੀਤੀ ਗਈ ਹੈ। ਸ਼ਿਕਾਇਤਕਰਤਾ ਪੱਖ ਵੱਲੋਂ ਪੇਸ਼ ਹੋਏ ਵਕੀਲ ਦਰਸ਼ਨ ਸਿੰਘ ਦਿਆਲ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮਾਮਲਾ ਅਜੇ ਵਿਚਾਰ ਅਧੀਨ ਹੈ ਤੇ ਸਾਰੇ ਮੁਲਜ਼ਮਾਂ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਫਿਲਮਾਂ ਸਮਾਜ ’ਚ ਧਾਰਮਿਕ ਸਦਭਾਵਨਾ ਨੂੰ ਪ੍ਰਭਾਵਿਤ ਕਰਦੀਆਂ ਹਨ ਤੇ ਕਾਨੂੰਨ ਦੇ ਦਾਇਰੇ ’ਚ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

Related Articles

Leave a Reply

Your email address will not be published. Required fields are marked *

Back to top button