Punjab

ਖਡੂਰ ਸਾਹਿਬ ਦੀ ਗੁਰਸਿੱਖ ਲੜਕੀ ਦੇ ਹੱਕ ’ਚ ਆਏ ਬ੍ਰਹਮਪੁਰਾ

ਤਰਨਤਾਰਨ, 29 ਜੁਲਾਈ : ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਤੇ ਹਲਕਾ ਖਡੂਰ ਸਾਹਿਬ ਦੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਰਾਜਸਥਾਨ ’ਚ ਸਿੱਖ ਵਿਦਿਆਰਥਣ ਨਾਲ ਹੋਈ ਧੱਕੇਸ਼ਾਹੀ ਦਾ ਸਖ਼ਤ ਨੋਟਿਸ ਲੈਂਦਿਆਂ ਅੱਜ ਰਾਜਸਥਾਨ ਦੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਅਤੇ ਰਾਜਸਥਾਨ ਹਾਈ ਕੋਰਟ ਦੇ ਮਾਣਯੋਗ ਚੀਫ਼ ਜਸਟਿਸ ਨੂੰ ਵੱਖ-ਵੱਖ ਪੱਤਰ ਲਿਖ ਕੇ ਖਡੂਰ ਸਾਹਿਬ ਦੀ ਧੀ, ਗੁਰਪ੍ਰੀਤ ਕੌਰ ਨੂੰ ਇਨਸਾਫ਼ ਦਿਵਾਉਣ ਦੀ ਮੰਗ ਕੀਤੀ ਹੈ, ਜਿਸ ਨੂੰ ਕ੍ਰਿਪਾਨ ਪਹਿਨਣ ਕਾਰਨ ਬੀਤੇ ਕੱਲ੍ਹ ਜੈਪੁਰ ਵਿਖੇ ਸਿਵਲ ਜੱਜ ਦੀ ਪ੍ਰੀਖਿਆ ਦੇਣ ਤੋਂ ਰੋਕ ਦਿੱਤਾ ਗਿਆ ਸੀ। ਬ੍ਰਹਮਪੁਰਾ ਨੇ ਕਿਹਾ ਕਿ ਰਾਜਸਥਾਨ ਦੀ ਭਾਜਪਾ ਸਰਕਾਰ ਦੇ ਰਾਜ ਵਿਚ ਸਿੱਖਾਂ ਨਾਲ ਵਿਤਕਰਾ ਲਗਾਤਾਰ ਵੱਧ ਰਿਹਾ ਹੈ। ਇਹ ਘਟਨਾ ਭਾਰਤੀ ਸੰਵਿਧਾਨ ਦੀ ਧਾਰਾ 25 ਦੀ ਸਿੱਧੀ ਉਲੰਘਣਾ ਹੈ ਅਤੇ ਇਹ ਦਰਸਾਉਂਦੀ ਹੈ ਕਿ ਪ੍ਰਸ਼ਾਸਨ ਸਿੱਖ ਭਾਵਨਾਵਾਂ ਅਤੇ ਸੰਵਿਧਾਨਕ ਅਧਿਕਾਰਾਂ ਪ੍ਰਤੀ ਕਿੰਨਾ ਲਾਪਰਵਾਹ ਤੇ ਅਸੰਵੇਦਨਸ਼ੀਲ ਹੈ। ਉਨ੍ਹਾਂ ਅੱਗੇ ਕਿਹਾ ਕਿ ਪਿਛਲੇ ਸਾਲ ਵੀ ਅਜਿਹੀ ਹੀ ਘਟਨਾ ਵਾਪਰਨ ਦੇ ਬਾਵਜੂਦ ਕੋਈ ਸੁਧਾਰਾਤਮਕ ਕਦਮ ਨਾ ਚੁੱਕਣਾ ਸਾਬਤ ਕਰਦਾ ਹੈ ਕਿ ਇਹ ਗ਼ਲਤੀ ਨਹੀਂ, ਸਗੋਂ ਸਿੱਖ ਵਿਰੋਧੀ ਸੋਚ ਦਾ ਨਤੀਜਾ ਹੈ। ਬ੍ਰਹਮਪੁਰਾ ਨੇ ਦੱਸਿਆ ਕਿ ਮੁੱਖ ਮੰਤਰੀ ਨੂੰ ਲਿਖੇ ਪੱਤਰ ’ਚ ਉਨ੍ਹਾਂ ਨੇ ਮੰਗ ਕੀਤੀ ਹੈ ਕਿ ਪੂਰਨਿਮਾ ਯੂਨੀਵਰਸਿਟੀ ਸਥਿਤ ਪ੍ਰੀਖਿਆ ਕੇਂਦਰ ਦੇ ਦੋਸ਼ੀ ਅਧਿਕਾਰੀਆਂ ’ਤੇ ਤੁਰੰਤ ਸਖ਼ਤ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇ, ਗੁਰਪ੍ਰੀਤ ਕੌਰ ਨੂੰ ਪ੍ਰੀਖਿਆ ਦੇਣ ਦਾ ਵਿਸ਼ੇਸ਼ ਮੌਕਾ ਦਿੱਤਾ ਜਾਵੇ ਅਤੇ ਭਵਿੱਖ ’ਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਸਪੱਸ਼ਟ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾਣ। ਇਸੇ ਤਰ੍ਹਾਂ, ਮਾਣਯੋਗ ਚੀਫ਼ ਜਸਟਿਸ ਨੂੰ ਲਿਖੇ ਪੱਤਰ ’ਚ ਉਨ੍ਹਾਂ ਨੇ ਨਿਆਂ ਦੇ ਰਖਵਾਲੇ ਹੋਣ ਦੇ ਨਾਤੇ ਅਪੀਲ ਕੀਤੀ ਹੈ ਕਿ ਹਾਈ ਕੋਰਟ ਇਸ ਮਾਮਲੇ ਦਾ ਖੁਦ ਨੋਟਿਸ ਲਵੇ ਤੇ ਪੀੜਤ ਵਿਦਿਆਰਥਣ ਨੂੰ ਇਨਸਾਫ਼ ਯਕੀਨੀ ਬਣਾਉਣ ਲਈ ਤੁਰੰਤ ਹੁਕਮ ਜਾਰੀ ਕਰੇ। ਆਪਣੀ ਵਚਨਬੱਧਤਾ ਦੁਹਰਾਉਂਦਿਆਂ ਬ੍ਰਹਮਪੁਰਾ ਨੇ ਕਿਹਾ, ਖਡੂਰ ਸਾਹਿਬ ਦੀ ਗੁਰਸਿੱਖ ਧੀ ਨਾਲ ਹੋਈ ਬੇਇਨਸਾਫ਼ੀ ਪੂਰੇ ਪੰਥ ‘ਤੇ ਹਮਲੇ ਦੇ ਬਰਾਬਰ ਹੈ। ਬਤੌਰ ਹਲਕੇ ਦਾ ਨੁਮਾਇੰਦਾ, ਮੇਰਾ ਇਹ ਫ਼ਰਜ਼ ਹੈ ਕਿ ਮੈਂ ਆਪਣੀ ਧੀ ਦੇ ਹੱਕਾਂ ਲਈ ਹਰ ਪੱਧਰ ‘ਤੇ ਲੜਾਈ ਲੜਾਂ। ਸ਼੍ਰੋਮਣੀ ਅਕਾਲੀ ਦਲ ਇਸ ਮੁੱਦੇ ‘ਤੇ ਚੁੱਪ ਨਹੀਂ ਬੈਠੇਗਾ ਅਤੇ ਜਦੋਂ ਤੱਕ ਗੁਰਪ੍ਰੀਤ ਕੌਰ ਨੂੰ ਇਨਸਾਫ਼ ਨਹੀਂ ਮਿਲ ਜਾਂਦਾ ਸਾਡਾ ਸੰਘਰਸ਼ ਜਾਰੀ ਰਹੇਗਾ।

Related Articles

Leave a Reply

Your email address will not be published. Required fields are marked *

Back to top button