
ਬਾਲ ਕਿਸ਼ਨ
ਫਿਰੋਜ਼ਪੁਰ, 18 ਜੁਲਾਈ : ਪੰਜਾਬ ਸਰਕਾਰ ਅਤੇ ਮਾਨਯੋਗ ਡੀਆਈਜੀ ਪੰਜਾਬ ਪੁਲਿਸ ਦੇ ਨਿਰਦੇਸ਼ਾਂ ਅਨੁਸਾਰ, ਫਿਰੋਜ਼ਪੁਰ ਜ਼ਿਲ੍ਹਾ ਪੁਲਿਸ ਨੇ ਨਸ਼ਿਆਂ, ਸਮਾਜ ਵਿਰੋਧੀ ਅਤੇ ਸ਼ਰਾਰਤੀ ਅਨਸਰਾਂ ਵਿਰੁੱਧ ਚਲਾਈ ਗਈ ਵਿਸ਼ੇਸ਼ ਮੁਹਿੰਮ ਦੌਰਾਨ ਵੱਡੀ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਨਸ਼ਿਆਂ ਵਿਰੁੱਧ ਜੰਗ ਦੇ ਹਿੱਸੇ ਵਜੋਂ 9 ਕਿਲੋ 593 ਗ੍ਰਾਮ ਹੈਰੋਇਨ, 2 ਕਿੱਲੋ ਅਫੀਮ, 1 ਡਰੋਨ ਸਮੇਤ 2 ਰਿਮੋਟ, 3 ਮੋਬਾਈਲ ਫੋਨ, ਕੰਪਿਊਟਰ ਕੰਡਾ, ਇੱਕ ਮੋਟਰਸਾਈਕਲ, ਇਕ ਸਵਿਫਟ ਕਾਰ ਅਤੇ 1 ਦੇਸੀ ਪਿਸਤੌਲ ਸਮੇਤ ਮੈਗਜ਼ੀਨ ਬਰਾਮਦ ਕੀਤਾ ਹੈ। ਇਸ ਦੇ ਨਾਲ ਹੀ, ਪੁਲਿਸ ਨੇ ਇੱਕ ਮੁੱਖ ਦੋਸ਼ੀ ਸਮੇਤ ਕਈ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਵੱਖ-ਵੱਖ ਥਾਣਿਆਂ ਵਿੱਚ ਮਾਮਲੇ ਦਰਜ ਕੀਤੇ ਹਨ। ਐੱਸਐੱਸਪੀ ਫਿਰੋਜ਼ਪੁਰ ਭੁਪਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਥਾਣਾ ਸਦਰ ਫਿਰੋਜ਼ਪੁਰ ਦੀ ਪੁਲਿਸ ਨੇ ਬੀਐੱਸਐੱਫ ਨਾਲ ਮਿਲ ਕੇ ਸੰਯੁਕਤ ਸਰਚ ਆਪ੍ਰੇਸ਼ਨ ਦੌਰਾਨ 7 ਕਿੱਲੋ 677 ਗ੍ਰਾਮ ਹੈਰੋਇਨ ਬਰਾਮਦ ਕੀਤੀ। ਇਸ ਤੋਂ ਇਲਾਵਾ ਮਮਦੋਟ ਖੇਤਰ ਤੋਂ 1 ਕਿਲੋ 407 ਗ੍ਰਾਮ ਹੈਰੋਇਨ ਅਤੇ ਇੱਕ ਵਿਦੇਸ਼ੀ ਡਰੋਨ ਸਮੇਤ 2 ਰਿਮੋਟ ਬਰਾਮਦ ਕੀਤੇ ਗਏ। ਇਸ ਮਾਮਲੇ ਵਿਚ ਜਸਵਿੰਦਰ ਸਿੰਘ ਪੁੱਤਰ ਸੁਖਵਿੰਦਰ ਸਿੰਘ, ਵਾਸੀ ਫੱਤੇਵਾਲਾ, ਦੇ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਐੱਸਐੱਸਪੀ ਨੇ ਅੱਗੇ ਦੱਸਿਆ ਕਿ ਇੱਕ ਹੋਰ ਮਾਮਲੇ ਵਿਚ ਸਦਰ ਫਿਰੋਜ਼ਪੁਰ ਪੁਲਿਸ ਨੇ 509 ਗ੍ਰਾਮ ਹੈਰੋਇਨ, ਇੱਕ ਮੋਟਰਸਾਈਕਲ, 2 ਮੋਬਾਈਲ ਫੋਨ ਅਤੇ ਕੰਪਿਊਟਰ ਕੰਡਾ ਸਮੇਤ ਕ੍ਰਿਸ਼ਨ ਸਿੰਘ ਉਰਫ਼ ਲਾਲਾ ਪੁੱਤਰ ਬਲਵਿੰਦਰ ਸਿੰਘ, ਵਾਸੀ ਗੰਧੂ ਕਿੱਲਚਾ ਉਤਾੜ ਨਗਰ ਵਾਲੇ ਝੁੱਗੇ ਅਤੇ ਵਰਿੰਦਰ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਵਾਰਡ ਨੰਬਰ 5, ਗਲੀ ਨੰਬਰ 1, ਖਾਲਸਾ ਕਲੋਨੀ, ਦੁਲਚੀਕੇ, ਫਿਰੋਜ਼ਪੁਰ ਨੂੰ ਗ੍ਰਿਫਤਾਰ ਕੀਤਾ। ਇਸੇ ਤਰ੍ਹਾਂ ਥਾਣਾ ਤਲਵੰਡੀ ਭਾਈ ਦੀ ਪੁਲਿਸ ਨੇ ਕਰਨਦੀਪ ਸਿੰਘ ਉਰਫ਼ ਕਰਨ ਪੁੱਤਰ ਗੁਰਮੇਜ ਸਿੰਘ ਵਾਸੀ ਅੱਛੇਵਾਲਾ ਨੂੰ ਗ੍ਰਿਫਤਾਰ ਕਰਕੇ ਉਸ ਦੇ ਕਬਜ਼ੇ ਤੋਂ 2 ਕਿਲੋ ਅਫੀਮ, 1 ਆਈਫੋਨ ਅਤੇ ਇੱਕ ਸਵਿਫਟ ਕਾਰ ਬਰਾਮਦ ਕੀਤੀ। ਇਸ ਦੇ ਨਾਲ ਹੀ ਥਾਣਾ ਛਾਉਣੀ ਫਿਰੋਜ਼ਪੁਰ ਦੀ ਪੁਲਿਸ ਨੇ ਹਰਸ਼ ਪੁੱਤਰ ਰਾਜ ਕੁਮਾਰ ਵਾਸੀ ਕਿਰਾਏਦਾਰ ਕੋਠੀ ਸਾਈਆਂ ਵਾਲਾ ਨੂੰ ਗ੍ਰਿਫਤਾਰ ਕਰਕੇ ਉਸ ਦੇ ਕਬਜ਼ੇ ਤੋਂ 1 ਦੇਸੀ ਪਿਸਤੌਲ ਸਮੇਤ ਮੈਗਜ਼ੀਨ ਜ਼ਬਤ ਕੀਤਾ। ਐਸਐਸਪੀ ਭੁਪਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਪੁਲਿਸ ਇਨ੍ਹਾਂ ਸਾਰੇ ਮਾਮਲਿਆਂ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ, ਤਾਂ ਜੋ ਨਸ਼ਾ ਤਸਕਰੀ ਦੇ ਨੈਟਵਰਕ ਨੂੰ ਪੂਰੀ ਤਰ੍ਹਾਂ ਤੋੜਿਆ ਜਾ ਸਕੇ ਅਤੇ ਹੋਰ ਮਹੱਤਵਪੂਰਨ ਸੁਰਾਗ ਹਾਸਲ ਕੀਤੇ ਜਾ ਸਕਣ। ਉਨ੍ਹਾਂ ਨੇ ਜਨਤਾ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਵਿਰੁੱਧ ਲੜਾਈ ਵਿੱਚ ਪੁਲਿਸ ਦਾ ਸਹਿਯੋਗ ਕਰਨ ਅਤੇ ਸ਼ੱਕੀ ਗਤੀਵਿਧੀਆਂ ਦੀ ਸੂਚਨਾ ਤੁਰੰਤ ਪੁਲਿਸ ਨੂੰ ਦੇਣ।



