Punjab

ਫਿਰੋਜ਼ਪੁਰ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ: 1 ਕਿਲੋ 929 ਗ੍ਰਾਮ ਹੈਰੋਇਨ ਸਮੇਤ 7 ਗ੍ਰਿਫਤਾਰ, ਮਾਮਲਾ ਦਰਜ

ਬਾਲ ਕਿਸ਼ਨ

ਫਿਰੋਜ਼ਪੁਰ, 15 ਮਈ- ਜ਼ਿਲ੍ਹਾ ਫਿਰੋਜ਼ਪੁਰ ਪੁਲਿਸ ਨੇ ਗਸ਼ਤ ਅਤੇ ਚੈਕਿੰਗ ਦੌਰਾਨ ਵੱਖ -ਵੱਖ ਥਾਵਾਂ ਤੋਂ 7 ਵਿਅਕਤੀਆਂ ਨੂੰ 1 ਕਿਲੋ 929 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕਰਕੇ ਉਨ੍ਹਾਂ ਖਿਲਾਫ ਐੱਨਡੀਪੀਐੱਸ ਐਕਟ ਤਹਿਤ ਮਾਮਲੇ ਦਰਜ ਕੀਤੇ ਹਨ। ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਫਿਰੋਜ਼ਪੁਰ ਦੇ ਇੰਸਪੈਕਟਰ ਪਰਮਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਪਾਰਟੀ ਗਸ਼ਤ ਕਰਦੀ ਹੋਈ ਟੀਬੀ ਹਸਪਤਾਲ ਦੀ ਬੈਕਸਾਈਡ ਤੋਂ ਧਵਨ ਕਾਲੌਨੀ ਨੂੰ ਜਾ ਰਹੀ ਸੀ ਤਾਂ ਜਦ ਪੁਲਿਸ ਪਾਰਟੀ ਥੋੜ੍ਹੀ ਅੱਗੇ ਪਾਰਕ ਪਾਸ ਪੁੱਜੇ ਤਾਂ ਇਕ ਨੌਜਵਾਨ ਅਜੈ ਪੁੱਤਰ ਪੱਪੂ ਵਾਸੀ ਮੱਛੀ ਮੰਡੀ ਨੂੰ ਸ਼ੱਕ ਤਹਿਤ ਗ੍ਰਿਫਤਾਰ ਕਰਕੇ ਉਸ ਕੋਲੋਂ 2 ਗ੍ਰਾਮ ਹੈਰੋਇਨ ਬਰਾਮਦ ਕੀਤੀ। ਥਾਣਾ ਕੈਂਟ ਫਿਰੋਜ਼ਪੁਰ ਪੁਲਿਸ ਦੇ ਸਹਾਇਕ ਥਾਣੇਦਾਰ ਜਗਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਪਾਰਟੀ ਗਸ਼ਤ ਕਰਦੀ ਹੋਈ ਯਤੀਮ ਖਾਨਾ ਚੌਂਕ ਤੋਂ ਧੋਬੀ ਘਾਟ ਰੋਡ, ਫਿਰੋਜ਼ਪੁਰ ਕੈਂਟ ਵੱਲ ਨੂੰ ਜਾ ਰਹੀ ਸੀ ਤਾਂ ਸਾਹਮਣੇ ਤੋਂ ਇਕ ਮੋਨਾ ਨੌਜਵਾਨ ਸਾਜਨ ਪੁੱਤਰ ਦਰਸ਼ਨ ਵਾਸੀ ਮਕਾਨ ਨੰਬਰ 363 ਗਵਾਲ ਮੰਡੀ ਫਿਰੋਜ਼ਪੁਰ ਕੈਂਟ ਪੈਦਲ ਆਉਂਦਾ ਵਿਖਾਈ ਦਿੱਤਾ, ਜਿਸ ਨੂੰ ਗ੍ਰਿਫਤਾਰ ਕਰਕੇ ਉਸ ਦੇ ਕਬਜ਼ੇ ਵਿਚੋਂ 4 ਗ੍ਰਾਮ ਹੈਰੋਇਨ ਬਰਾਮਦ ਕੀਤੀ। ਥਾਣਾ ਸਦਰ ਫਿਰੋਜ਼ਪੁਰ ਪੁਲਿਸ ਦੇ ਇੰਸਪੈਕਟਰ ਮੋਹਿਤ ਧਵਨ ਨੇ ਦੱਸਿਆ ਕਿ ਸੀਆਈਏ ਸਟਾਫ ਫਿਰੋਜ਼ਪੁਰ ਵੱਲੋਂ ਉਹ ਸਮੇਤ ਸਾਥੀ ਕਰਮਚਾਰੀਆਂ ਦੇ ਮੁਖਬਰੀ ਮਿਲਣ ’ਤੇ ਪਿੰਡ ਮੱਧਰੇ ਪਾਸ ਦੋਸ਼ੀ ਸੁਖਦੇਵ ਸਿੰਘ ਉਰਫ ਬੱਬੀ ਪੁੱਤਰ ਰਾਜ ਸਿੰਘ ਵਾਸੀ ਪਿੰਡ ਹਬੀਬ ਵਾਲਾ ਫਿਰੋਜ਼ਪੁਰ ਨੂੰ ਸਮੇਤ 1446 ਗ੍ਰਾਮ ਹੈਰੋਇਨ ਤੇ ਇਕ ਮੋਬਾਈਲ ਫੋਨ ਉਪੋ ਐੱਫ 19 ਪਰੋ ਪਲੱਸ ਅਤੇ ਇਕ ਮੋਟਰਸਾਈਕਲ ਹੀਰੋ ਸਪਲੈਂਡਰ ਪਲੱਸ ਬਿਨਾ ਨੰਬਰੀ ਦੇ ਕਾਬੂ ਕੀਤਾ। ਥਾਣਾ ਸਦਰ ਫਿਰੋਜ਼ਪੁਰ ਦੇ ਸਹਾਇਕ ਥਾਣੇਦਾਰ ਸੁਖਬੀਰ ਸਿੰਘ ਨੇ ਦੱਸਿਆ ਕਿ ਐੱਸਐੱਚ ਬੀ.ਐੱਸ ਨਾਗੀ ਕਮਾਂਡਰ ‘‘ਐੱਫ’’ ਸੀਓਵਾਈ ਬੀਓਪੀ ਜਗਦੀਸ਼ 115 ਬੀਐੱਨ ਬੀਐੱਸਐੱਫ ਵੱਲੋਂ ਸਮੇਤ ਕਰਮਚਾਰੀਆਂ ’ਤੇ ਪੁਲਿਸ ਪਾਰਟੀ ਨਾਲ ਸਰਚ ਦੌਰਾਨ ਪਿੰਡ ਹਬੀਬ ਵਾਲਾ ਦੇ ਖੇਤਾਂ ਵਿਚੋਂ ਇਕ ਪੈਕੇਟ ਬਰਾਮਦ ਕੀਤਾ, ਜਿਸ ਵਿਚੋਂ 441 ਗ੍ਰਾਮ ਹੈਰੋਇਨ ਬਰਾਮਦ ਹੋਈ। ਇਸੇ ਹੀ ਥਾਣੇ ਦੇ ਐੱਸਆਈ ਤਰਸੇਮ ਸ਼ਰਮਾ ਨੇ ਦੱਸਿਆ ਕਿ ਉਹ ਸਮੇਤ ਸਾਥੀਆਂ ਦੇ ਮੁਖਬਰੀ ਮਿਲਣ ’ਤੇ ਨੇੜੇ ਕਾਨਵੈਂਟ ਸਕੂਲ ਫਿਰੋਜ਼ਪੁਰ ਤੋਂ ਆਰੀਅਨ ਪੁੱਤਰ ਵਿਜੈ ਕੁਮਾਰ ਵਾਸੀ ਨਾਨਕਪੁਰਾ ਮੁਹੱਲਾ ਬਾਂਸੀ ਗੇਟ ਫਿਰੋਜ਼ਪੁਰ ਸ਼ਹਿਰ ਨੂੰ 2 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਥਾਣਾ ਮਖੂ ਪੁਲਿਸ ਦੇ ਸਹਾਇਕ ਥਾਣੇਦਾਰ ਲਖਵਿੰਦਰ ਸਿੰਘ ਨੇ ਦੱਸਿਆ ਕਿ ਉਹ ਸਮੇਤ ਪੁਲਿਸ ਪਾਰਟੀ ਦੇ ਰਵਾਨਾ ਗਸ਼ਤ ਸੀ, ਜਦ ਪੁਲਿਸ ਪਾਰਟੀ ਮਖੂ ਸ਼ਹਿਰ ਤੋਂ ਟੀ ਪੁਆਇੰਟ ਸੂਦਾਂ ਮੋੜ ਮਖੂ ਰਸਤੇ ਵਿਚ ਕਬਰਸਤਾਨ ਦੇ ਅੰਦਰੋਂ ਇਕ ਮੋਨਾ ਵਿਅਕਤੀ ਲਵਪ੍ਰੀਤ ਸਿੰਘ ਉਰਫ ਲਵ ਪੁੱਤਰ ਰਾਜ ਸਿੰਘ ਵਾਸੀ ਫਤਿਹਗੜ੍ਹ ਪੰਜਤੂਰ ਪੁਲਿਸ ਦੀ ਗੱਡੀ ਵੇਖ ਆਪਣੇ ਹੱਥ ਵਿਚੋਂ ਮੋਮੀ ਲਿਫਾਫਾ ਸੁੱਟ ਕੇ ਪਿੱਛੇ ਮੁੜਨ ਲੱਗਾ ਤਾਂ ਸਾਥੀ ਕਰਮਚਾਰੀਆਂ ਦੀ ਮੱਦਦ ਨਾਲ ਕਾਬੂ ਕਰਕੇ ਉਸ ਦੇ ਕਬਜ਼ੇ ਵਿਚੋਂ 10 ਗ੍ਰਾਮ ਹੈਰੋਇਨ ਬਰਾਮਦ ਕੀਤੀ। ਥਾਣਾ ਲੱਖੋਕੇ ਬਹਿਰਾਮ ਪੁਲਿਸ ਦੇ ਸਹਾਇਕ ਥਾਣੇਦਾਰ ਦਰਸ਼ਨ ਸਿੰਘ ਨੇ ਦੱਸਿਆ ਕਿ ਉਹ ਦੌਰਾਨੇ ਗਸ਼ਤ ਪੁਲਿਸ ਪਾਰਟੀ ਪਿੰਡ ਕਲੀ ਕਲਾਂ ਤੋਂ ਤਿਕੌਣੀ ਬੁੱਟਰ ਰੋਡ ’ਤੇ ਸੀ ਤਾਂ ਇਸ ਦੌਰਾਨ ਸਾਥੀ ਕਰਮਚਾਰੀਆਂ ਦੀ ਮੱਦਦ ਨਾਲ ਸ਼ੱਕ ਦੇ ਤਹਿਤ ਇਕ ਨੌਜਵਾਨ ਸੁਖਪ੍ਰੀਤ ਸਿੰਘ ਉਰਫ ਸੁੱਖਾ ਪੁੱਤਰ ਜਗਸੀਰ ਸਿੰਘ ਵਾਸੀ ਜੰਗ ਵਾਲਾ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 20 ਗ੍ਰਾਮ ਹੈਰੋਇਨ ਬਰਾਮਦ ਕੀਤੀ। ਥਾਣਾ ਗੁਰੂਹਰਸਹਾਏ ਪੁਲਿਸ ਦੇ ਸਹਾਇਕ ਥਾਣੇਦਾਰ ਮਹੇਸ਼ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਪਾਰਟੀ ਨੂੰ ਸੂਚਨਾ ਮਿਲੀ ਕਿ ਸਾਜਨ ਪੁੱਤਰ ਸਤਪਾਲ ਵਾਸੀ ਬਸਤੀ ਗੁਰੂ ਕਰਮ ਸਿੰਘ ਵਾਲੀ ਗੁਰੂਹਰਸਹਾਏ ਜੋ ਬਾਹਰੋਂ ਹੈਰੋਇਨ ਲਿਆ ਕੇ ਗੁਰੂਹਰਸਹਾਏ ਦੇ ਆਸ ਪਾਸ ਦੇ ਪਿੰਡਾਂ ਵਿਚ ਵੇਚਣ ਦਾ ਆਦੀ ਹੈ ਤੇ ਇਹ ਦਾਣਾ ਮੰਡੀ ਗੁਰੂਹਰਸਹਾਏ ਵਿਚ ਹੈਰੋਇਨ ਸੇਲ ਕਰਦਾ ਆ ਰਿਹਾ ਹੈ ਤੇ ਅੱਜ ਵੀ ਇਹ ਦਾਣਾ ਮੰਡੀ ਗੁਰੂਹਰਸਹਾਏ ਦੇ ਸ਼ੈੱਡ ਲਾਗੇ ਹੈਰੋਇਨ ਸੇਲ ਕਰਨ ਲਈ ਆਪਣੇ ਗਾਹਕਾਂ ਦਾ ਇੰਤਜ਼ਾਰ ਕਰ ਰਿਹਾ ਹੈ। ਪੁਲਿਸ ਨੇ ਦੱਸਿਆ ਕਿ ਉਕਤ ਦੋਸ਼ੀ ਨੂੰ ਕਾਬੂ ਕਰਕੇ ਉਸ ਦੇ ਕੋਲੋਂ 4 ਗ੍ਰਾਮ ਹੈਰੋਇਨ ਬਰਾਮਦ ਕੀਤੀ। ਪੁਲਿਸ ਨੇ ਦੱਸਿਆ ਕਿ ਉਕਤ ਦੋਸ਼ੀਅਨ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

Related Articles

Leave a Reply

Your email address will not be published. Required fields are marked *

Back to top button