
ਫਿਰੋਜ਼ਪੁਰ, 6 ਜਨਵਰੀ : ਫਿਰੋਜ਼ਪੁਰ ਛਾਉਣੀ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ ਤਿੰਨ ’ਤੇ ਸੋਮਵਾਰ ਸਵੇਰੇ ਇਕ 25 ਸਾਲਾ ਨੌਜਵਾਨ ਦੀ ਸ਼ੱਕੀ ਹਾਲਤ ਵਿੱਚ ਮੌਤ ਹੋ ਗਈ, ਜਿਸ ਤੋਂ ਬਾਅਦ ਸਟੇਸ਼ਨ ’ਤੇ ਭਾਰੀ ਹੰਗਾਮਾ ਹੋਇਆ। ਮ੍ਰਿਤਕ ਦੀ ਪਛਾਣ ਸੋਹੇਲ ਐਂਜਲ ਵਾਸੀ ਲਾਲ ਕੁੜਤੀ ਫਿਰੋਜ਼ਪੁਰ ਛਾਉਣੀ ਵਜੋਂ ਹੋਈ ਹੈ। ਪਰਿਵਾਰਕ ਮੈਂਬਰਾਂ ਨੇ ਜੀਆਰਪੀ ਦੇ ਇਕ ਏਐੱਸਈ ’ਤੇ ਲਾਪਰਵਾਹੀ ਦੇ ਗੰਭੀਰ ਦੋਸ਼ ਲਗਾਉਂਦਿਆਂ ਕਾਰਵਾਈ ਦੀ ਮੰਗ ਕੀਤੀ ਹੈ।ਪਰਿਵਾਰ ਅਨੁਸਾਰ ਸੋਹੇਲ ਸੋਮਵਾਰ ਸਵੇਰੇ ਕਰੀਬ ਸਾਢੇ ਛੇ ਵਜੇ ਬਠਿੰਡਾ ਜਾਣ ਲਈ ਸਟੇਸ਼ਨ ਪਹੁੰਚਿਆ ਸੀ। ਉੱਥੇ ਅਚਾਨਕ ਉਸ ਦਾ ਬਲੱਡ ਪ੍ਰੈਸ਼ਰ ਘੱਟ ਗਿਆ ਅਤੇ ਉਹ ਬੇਹੋਸ਼ ਹੋ ਕੇ ਡਿੱਗ ਪਿਆ। ਸੂਚਨਾ ਮਿਲਣ ’ਤੇ ਉਸ ਦੇ ਪਿਤਾ ਐਂਥਨੀ ਅਤੇ ਹੋਰ ਰਿਸ਼ਤੇਦਾਰ ਤੁਰੰਤ ਮੌਕੇ ’ਤੇ ਪਹੁੰਚੇ। ਉਸ ਸਮੇਂ ਜੀਆਰਪੀ ਦਾ ਏਐੱਸਆਈ ਬਖਸ਼ੀਸ਼ ਸਿੰਘ ਉੱਥੇ ਮੌਜ਼ੂਦ ਸੀ। ਪਿਤਾ ਦਾ ਦੋਸ਼ ਹੈ ਕਿ ਜਦੋਂ ਉਹ ਪਹੁੰਚੇ ਤਾਂ ਸੋਹੇਲ ਦੇ ਸਾਹ ਚੱਲ ਰਹੇ ਸਨ, ਪਰ ਏਐੱਸਆਈ ਨੇ ਉਨ੍ਹਾਂ ਨੂੰ ਸੋਹੇਲ ਨੂੰ ਹਸਪਤਾਲ ਲਿਜਾਣ ਤੋਂ ਰੋਕ ਦਿੱਤਾ। ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਪੁਲਿਸ ਅਧਿਕਾਰੀ ਨਾਲ ਉਨ੍ਹਾਂ ਦੀ ਕਾਫੀ ਬਹਿਸਬਾਜ਼ੀ ਅਤੇ ਹੱਥੋਪਾਈ ਵਾਲੀ ਸਥਿਤੀ ਬਣ ਗਈ। ਅੰਤ ਵਿਚ ਜਦੋਂ ਉਹ ਸੋਹੇਲ ਨੂੰ ਇੱਕ ਨਿੱਜੀ ਹਸਪਤਾਲ ਲੈ ਕੇ ਗਏ, ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਡਾਕਟਰਾਂ ਮੁਤਾਬਿਕ ਜੇਕਰ ਨੌਜਵਾਨ ਨੂੰ 15-20 ਮਿੰਟ ਪਹਿਲਾਂ ਡਾਕਟਰੀ ਸਹਾਇਤਾ ਮਿਲ ਜਾਂਦੀ ਤਾਂ ਉਸ ਦੀ ਜਾਨ ਬਚ ਸਕਦੀ ਸੀ। ਦੂਜੇ ਪਾਸੇ ਏਐੱਸਆਈ. ਬਖਸ਼ੀਸ਼ ਸਿੰਘ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਪਰਿਵਾਰ ਦੇ ਪਹੁੰਚਣ ਤੋਂ ਪਹਿਲਾਂ ਹੀ ਨੌਜਵਾਨ ਦੀ ਮੌਤ ਹੋ ਚੁੱਕੀ ਸੀ। ਉਨ੍ਹਾਂ ਮੁਤਾਬਿਕ ਪਰਿਵਾਰ ਵਾਲੇ ਲਾਸ਼ ਨੂੰ ਸਿੱਧਾ ਘਰ ਲਿਜਾਣਾ ਚਾਹੁੰਦੇ ਸਨ, ਜਿਸ ਨੂੰ ਕਾਨੂੰਨੀ ਪ੍ਰਕਿਰਿਆ ਕਾਰਨ ਰੋਕਿਆ ਗਿਆ ਸੀ। ਜੀਆਰਪੀ ਥਾਣਾ ਇੰਚਾਰਜ ਇੰਸਪੈਕਟਰ ਨਵੀਨ ਕੁਮਾਰ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਗਈ ਹੈ। ਫੁਟੇਜ ਵਿਚ ਦਿਖ ਰਿਹਾ ਹੈ ਕਿ ਸੋਹੇਲ ਦੀ ਟ੍ਰੇਨ ਛੁੱਟ ਚੁੱਕੀ ਸੀ ਅਤੇ ਉਹ ਉਸ ਨੂੰ ਫੜਨ ਲਈ ਦੌੜਿਆ, ਜਿਸ ਕਾਰਨ ਉਸ ਦਾ ਸਾਹ ਫੁੱਲ ਗਿਆ ਅਤੇ ਉਹ ਬੇਹੋਸ਼ ਹੋ ਗਿਆ। ਉਨ੍ਹਾਂ ਕਿਹਾ ਕਿ ਪਰਿਵਾਰ ਵੱਲੋਂ ਲਗਾਏ ਗਏ ਦੋਸ਼ਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕ ਦੇ ਪਿਤਾ ਐਂਥਨੀ ਨੇ ਦੱਸਿਆ ਕਿ ਸੋਹੇਲ ਬਠਿੰਡਾ ਦੇ ਏਮਜ਼ ਵਿਚ ਕੰਮ ਕਰਦਾ ਸੀ ਅਤੇ ਉਹ ਚਾਰ ਭੈਣ-ਭਰਾਵਾਂ ਵਿੱਚੋਂ ਤੀਜੇ ਨੰਬਰ ’ਤੇ ਸੀ। ਸਦਮੇ ਅਤੇ ਗੁੱਸੇ ਕਾਰਨ ਪਰਿਵਾਰ ਨੇ ਮ੍ਰਿਤਕ ਦਾ ਪੋਸਟਮਾਰਟਮ ਕਰਵਾਉਣ ਤੋਂ ਵੀ ਇਨਕਾਰ ਕਰ ਦਿੱਤਾ। ਸਾਰਾ ਦਿਨ ਸਟੇਸ਼ਨ ਅਤੇ ਹਸਪਤਾਲ ਵਿਚ ਤਣਾਅ ਦਾ ਮਾਹੌਲ ਬਣਿਆ ਰਿਹਾ।



